← ਪਿਛੇ ਪਰਤੋ
ਚੰਡੀਗੜ੍ਹ, 14 ਅਕਤੂਬਰ, 2016 : ਪੰਜਾਬ ਵਿੱਚ ਨਿਜੀ ਸਿੱਖਿਆ ਅਦਾਰਿਆਂ ਵੱਲੋਂ ਸਾਲ 2014-15 ਲਈ 30 ਹਜਾਰ ਫਰਜੀ ਦਾਖਲੇ ਵਿਖਾ ਕੇ ਸਰਕਾਰ ਤੋਂ 100 ਕਰੋੜ ਰੁਪਏ ਲੈ ਲਏ ਗਏ। ਇਹ ਸਾਰੀ ਰਾਸ਼ੀ ਦਲਿਤ ਵਿਦਿਆਰਥੀਆਂ ਵਾਸਤੇ ਪੋਸਟ-ਮੈਟ੍ਰਿਕ ਸਕਾਲਰਸ਼ਿੱਪ ਲਈ ਸੀ। ਆਮ ਆਦਮੀ ਪਾਰਟੀ ਨੇ ਇਸ ਬਹੁ-ਕਰੋੜੀ ਸਕੈਂਡਲ ਲਈ ਸੱਤਾਧਾਰੀ ਗਠਜੋੜ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਇਹ ਸਾਰਾ ਸਕੈਂਡਲ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੀ ਸ਼ਹਿ ਉਤੇ ਚੱਲ ਰਿਹਾ ਹੈ। ਇਸਦੇ ਨਾਲ ਹੀ ਵੜੈਚ ਨੇ ਵਿਰੋਧੀ ਧਿਰ ਦੀ ਭੂਮਿਕਾ ਉਤੇ ਵੀ ਸਵਾਲੀਆ ਨਿਸ਼ਾਨ ਲਗਾਏ ਹਨ। ਉਨਾਂ ਕਿਹਾ ਵਿਰੋਧੀ ਧਿਰ ਚੁੱਪ ਦੀ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਪ੍ਰਾਈਵੇਟ ਸਿੱਖਿਆ ਮਾਫੀਆ ‘ਚ ਅਕਾਲੀ-ਭਾਜਪਾ ਨੇਤਾਵਾਂ ਦੇ ਨਾਲ-ਨਾਲ ਕਾਂਗਰਸੀ ਵੀ ਸ਼ਾਮਿਲ ਹਨ। ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਇਸ ਘੁਟਾਲੇ ਕਾਰਨ ਸਹੀ ਦਲਿਤ ਵਿਦਿਆਰਥੀ ਨੂੰ ਲਾਭ ਨਹੀਂ ਪਹੁੰਚ ਰਿਹਾ ਅਤੇ ਦਲਿਤ ਵਰਗ ਨਾਲ ਸਬੰਧਿਤ ਯੋਗ ਅਤੇ ਗਰੀਬ ਵਿਦਿਆਰਥੀਆਂ ਨੂੰ ਦਾਖਲੇ ਲੈਣ ਸਬੰਧੀ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਪ੍ਰਾਈਵੇਟ ਸਿੱਖਿਆ ਮਾਫੀਆ ਦਲਿਤ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਦੇ ਨਾਂਅ ‘ਤੇ ਫਰਜੀਵਾੜਾ ਕਰਕੇ ਸਰਕਾਰੀ ਖਜਾਨੇ ‘ਚੋਂ ਕਰੋੜਾਂ ਰੁਪਏ ਡਕਾਰ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਪੂਰੇ ਭ੍ਰਿਸ਼ਟਾਚਾਰ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਉਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਦਲਿਤ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ। ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਪ੍ਰਾਈਵੇਟ ਅਦਾਰਿਆਂ ਤੋਂ ਬਿਹਤਰ ਬਣਾਇਆ ਜਾਵੇਗਾ। ਪ੍ਰਾਈਵੇਟ ਸਿੱਖਿਆ ਮਾਫੀਆ ਨੂੰ ਅਨੁਸਾਸ਼ਨ ਹੇਠ ਲਿਆ ਕੇ ਮਨਮਰਜੀ ਰੋਕੀ ਜਾਵੇਗੀ ਅਤੇ ਸਾਰੇ ਪ੍ਰਾਈਵੇਟ ਸਿੱਖਿਅਕ ਅਦਾਰਿਆਂ ਦਾ ਸਲਾਨਾ ਆਡਿਟ ਕਰਵਾਇਆ ਜਾਵੇਗਾ। ਉਚ ਸਿੱਖਿਆ ਗਾਰੰਟੀ ਸਕੀਮ ਅਧੀਨ 10 ਲੱਖ ਰੁਪਏ ਤੱਕ ਦਾ ਲੋਨ ਬਿਨਾਂ ਕਿਸੇ ਸ਼ਰਤ ਅਤੇ ਗਾਰੰਟੀ ਉਪਲੱਬਧ ਕਰਵਾਇਆ ਜਾਵੇਗਾ।
Total Responses : 267