ਚੰਡੀਗੜ੍ਹ, 30 ਸਤੰਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ 7 ਅਕਤੂਬਰ ਤੋਂ ਅੰਮ੍ਰਿਤਸਰ 'ਚ ਠਹਿਰਣਗੇ। ਇਸ ਤੋਂ ਪਹਿਲਾਂ, ਉਹ 4 ਅਕਤੂਬਰ ਨੂੰ ਅੰਮ੍ਰਿਤਸਰ ਜਾਣਗੇ। ਸਰਹੱਦੀ ਹਲਕਿਆਂ 'ਚ ਪ੍ਰਚਾਰ ਪ੍ਰੋਗਰਾਮਾਂ ਨੂੰ ਵੀ ਰੋਕ ਦਿੱਤਾ ਗਿਆ ਹੈ।
ਇਸ ਬਾਰੇ ਇਥੇ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਤੁਰੰਤ ਅੰਮ੍ਰਿਤਸਰ ਜਾਣਾ ਚਾਹੁੰਦੇ ਸਨ, ਪਰ ਪਹਿਲਾਂ ਤੋਂ ਸੂਬੇ 'ਚ ਹੋਰਨਾਂ ਸਥਾਨਾਂ 'ਚ ਤੈਅ ਪ੍ਰੋਗਰਾਮਾਂ ਕਾਰਨ, ਜਿਹੜੇ ਰੱਦ ਨਹੀਂ ਕੀਤੇ ਜਾ ਸਕਦੇ, ਉਨ੍ਹਾਂ ਨੂੰ 7 ਅਕਤੂਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਅਤੇ ਉਦੋਂ ਤੋਂ ਉਹ ਉਥੇ ਠਹਿਰਣਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਾਰੇ ਪਾਰਟੀ ਵਰਕਰਾਂ ਨੂੰ ਉਥੇ ਰਹਿਣ ਵਾਲੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਗੁਰਦਾਸਪੁਰ ਤੋਂ ਫਿਰਜ਼ੋਪੁਰ ਤੱਕ ਦੇ ਸਰਹੱਦੀ ਇਲਾਕਿਆਂ 'ਚ ਪਹੁੰਚਣ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਇਹ ਵੀ ਐਲਾਨ ਕੀਤਾ ਕਿ ਸਰਹੱਦੀ ਇਲਾਕਿਆਂ 'ਚ ਸਾਰੀਆਂ ਪ੍ਰਚਾਰ ਮੁਹਿੰਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।
ਸਰਹੱਦੀ ਇਲਾਕਿਆਂ 'ਚ ਪ੍ਰਚਾਰ ਡਿਊਟੀਆਂ 'ਤੇ ਤੈਨਾਤ ਸਾਰੇ ਆਗੂਆਂ ਨੂੰ ਸਬੰਧਤ ਇਲਾਕਿਆਂ (ਸਰਹੱਦੀ ਵਿਧਾਨ ਸਭਾ ਹਲਕਿਆਂ) 'ਚ ਰੁੱਕਣ ਲਈ ਕਿਹਾ ਗਿਆ ਹੈ, ਤਾਂ ਜੋ ਸਰਹੱਦੀ ਨਿਵਾਸੀਆਂ ਨਾਲ ਇਕਜੁੱਟਤਾ ਪ੍ਰਗਟਾਈ ਜਾ ਸਕੇ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਝੌਨੇ ਦੀ ਖ੍ਰੀਦ ਦੇ ਉਚਿਤ ਇੰਤਜ਼ਾਮ ਕਰਨ ਅਤੇ ਪੁਖਤਾ ਕਰਨ ਵਾਸਤੇ ਕਿਹਾ ਹੈ ਕਿ ਜਦੋਂ ਵੀ ਝੌਨਾ ਮੰਡੀਆਂ 'ਚ ਪਹੁੰਚੇ, ਉਸਨੂੰ ਖ੍ਰੀਦ ਲਿਆ ਜਾਵੇ ਅਤੇ ਬਿਨ੍ਹਾਂ ਕਿਸੇ ਦੇਰੀ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਜਾਵੇ।
ਕੈਪਟਨ ਅਮਰਿੰਦਰ ਨੇ ਸਲਾਹ ਦਿੱਤੀ ਹੈ ਕਿ ਵਾਢੀ ਖਤਮ ਹੋਣ ਤੱਕ ਪੁਰਸ਼ ਜਨ ਸੰਖਿਆ ਨੂੰ ਸਰਹੱਦੀ ਇਲਾਕਿਆਂ 'ਚ ਰਹਿਣ ਦਿੱਤਾ ਜਾਵੇ। ਇਸ ਤੋਂ ਇਲਾਵਾ, ਪਿੰਡਾਂ ਦੇ ਲੋਕ ਆਪਣੇ ਪਸ਼ੂ ਪਿੱਛੇ ਨਹੀਂ ਛੱਡ ਸਕਦੇ, ਕਿਉਂਕਿ ਸਰਕਾਰ ਵੱਲੋਂ ਵੀ ਇਨ੍ਹਾਂ ਦੀ ਸੁਰੱਖਿਆ ਵਾਸਤੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਹਨ। ਇਸੇ ਤਰ੍ਹਾਂ, ਦੁਧਾਰੂ ਪਸ਼ੂ ਰੱਖਣ ਵਾਲੇ ਕਿਸਾਨਾਂ ਨੂੰ ਉਥੇ ਹੀ ਰਹਿਣਾ ਪਵੇਗਾ, ਨਹੀਂ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।