← ਪਿਛੇ ਪਰਤੋ
ਚੰਡੀਗੜ੍ਹ, 24 ਸਤੰਬਰ, 2016 : ਬਾਘਾਪੁਰਾਣਾ ਵਿਚ ਅਕਾਲੀ ਸਰਪੰਚ ਦੁਆਰਾ ਨਰਸ ਦੀ ਕੁੱਟਮਾਰ ਕਰਨ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਅਕਾਲੀਆਂ ਦੁਆਰਾ ਪੁਲਿਸ ਦਾ ਰਾਜਨੀਤੀਕਰਨ ਦੀ ਇਕ ਮਿਸਾਲ ਦੱਸਿਆ। ਉਨਾਂ ਕਿਹਾ ਕਿ ਅਕਾਲੀ ਲੀਡਰਾਂ ਦੇ ਦਬਾਅ ਹੇਠ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ ਕਮਜੋਰ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਨਾਂ ਦਾ ਬਚਾਅ ਕੀਤਾ ਹੈ। ਖਹਿਰਾ ਨੇ ਕਿਹਾ ਕਿ ਅਕਾਲੀ ਗੁੰਡਿਆਂ ਦੁਆਰਾ ਇਕ ਔਰਤ ਦੀ ਕੁੱਟਮਾਰ ਕਰਨਾ ਉਨਾਂ ਦੀ ਕਾਇਰਤਾ ਦਰਸਾਉਦਾ ਹੈ। ਪੁਲਿਸ ਪੀੜਿਤ ਔਰਤ ਨੂੰ ਇਨਸਾਫ ਦੇਣ ਦੀ ਥਾਂ ਦੋਸ਼ਿਆਂ ਦੇ ਬਚਾਓ ਵਿਚ ਲੱਗੀ ਹੈ। ਉਨਾਂ ਕਿਹਾ ਕਿ ਇਹ ਅਕਾਲੀਆਂ ਦੀ ਗੁੰਡਾਗਰਦੀ ਦਾ ਕੋਈ ਪਹਿਲਾ ਕੇਸ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਖੇਤਰ ਲੰਬੀ ਵਿਚ ਅਕਾਲੀ ਸਰਪੰਚ ਨੇ ਇਕ ਔਰਤ ਸਰਪੰਚ ਨੂੰ ਬੁਰੀ ਤਰਾਂ ਕੁੱਟਿਆ ਸੀ। ਇਸ ਤੋਂ ਬਿਨਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੌਰਾਨ ਪ੍ਰਦਰਸ਼ਨ ਕਰ ਰਹੀਆਂ ਅਧਿਆਪਕਾਵਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ। ਖਹਿਰਾ ਨੇ ਕਿਹਾ ਕਿ ਇਹ ਘਟਨਾ ਵੀ ਜੇਕਰ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਨਾ ਹੁੰਦੀ ਅਤੇ ਸ਼ੋਸ਼ਲ ਮੀਡੀਆ ‘ਤੇ ਨਾ ਆਉਦੀ ਤਾਂ ਪੁਲਿਸ ਨੇ ਇਸ ਕੇਸ ਨੂੰ ਦਬਾਅ ਦੇਣਾ ਸੀ। ਪੁਲਿਸ ਅਫਸਰਾਂ ਉਤੇ ਅਕਾਲੀ ਜੱਥੇਦਾਰਾਂ ਵਾਂਗ ਕੰਮ ਕਰਨ ਦੀ ਇਲਜਾਮ ਲਗਾਉਦਿਆ ਖਹਿਰਾ ਨੇ ਕਿਹਾ ਕਿ ਇਸ ਕੇਸ ਵਿਚ ਦੋਸ਼ੀ ਅਕਾਲੀ ਸਰਪੰਚ ਵਿਰੁੱਧ ਧਾਰਾ 452 ਅਤੇ 354 ਦੇ ਅਧੀਨ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਅਕਾਲੀਆਂ ਦੇ ਅਜਿਹੇ ਵਿਵਹਾਰ ਨੇ ਪੰਜਾਬੀਆਂ ਦਾ ਨਾਂ ਸਾਰੇ ਵਿਸ਼ਵ ਵਿਚ ਬਦਨਾਮ ਕੀਤਾ ਹੈ। ਉਨਾਂ ਪੁਛਿਆ ਕਿ ਅਜਿਹੇ ਮਾੜੇ ਹਲਾਤਾਂ ਵਿਚ ਕਿਹੜਾ ਵਪਾਰੀ ਆਪਣਾ ਪੈਸਾ ਪੰਜਾਬ ਵਿਚ ਲਗਾਉਣਾ ਪਸੰਦ ਕਰੇਗਾ? ਅਜਿਹੇ ਹਲਾਤਾਂ ਵਿਚ ਤਾਂ ਪੰਜਾਬ ਦੀ ਮੌਜੂਦਾ ਇੰਡਸਟਰੀ ਵੀ ਪੰਜਾਬ ਤੋਂ ਬਾਹਰ ਚਲੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਸੁਖਬੀਰ ਦੀ ਨਿੱਜੀ ਫੌਜ ਵਜੋਂ ਕਾਰਜ ਕਰ ਰਹੀ ਹੈ ਪਰੰਤੂ ਹੁਣ ਅਕਾਲੀਆਂ ਦੇ ਗਿਣਤੀ ਦੇ ਦਿਨ ਹੀ ਬਚੇ ਹਨ। ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਬਾਅਦ ਅਜਿਹੇ ਸਾਰੇ ਕੇਸਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ।
Total Responses : 267