ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਆਧੁਨਿਕ ਖੇਤੀਬਾੜੀ ਕੰਪਿਊਟਰ ਲੈਬ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 25 ਜੂਨ, 2026 ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਖੇਤੀਬਾੜੀ ਸਿੱਖਿਆ ਅਤੇ ਡਿਜ਼ਿਟਲ ਲਰਨਿੰਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਸਕੂਲ ਆਫ ਐਗਰੀਕਲਚਰਲ ਸਾਇੰਸਜ਼ ਐਂਡ ਇੰਜੀਨੀਅਰਿੰਗ (ਐਸ.ਏ.ਐਸ.ਈ.) ਵਿੱਚ 38 ਡੈਸਕਟਾਪ ਕੰਪਿਊਟਰਾਂ ਨਾਲ ਲੈਸ ਇੱਕ ਆਧੁਨਿਕ ਖੇਤੀਬਾੜੀ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਲੈਬ ਇੰਡਿਅਨ ਬੈਂਕ ਵੱਲੋਂ ਆਪਣੀ ਸਿੱਖਿਆ ਸਹਾਇਤਾ ਪਹਿਲਕਦਮੀ ਅਧੀਨ ਕੀਤੀ ਗਈ ਹੈ।
ਇਸ ਲੈਬ ਦਾ ਉਦਘਾਟਨ ਇੰਡਿਅਨ ਬੈਂਕ ਦੇ ਜੋਨਲ ਮੈਨੇਜਰ ਸ਼੍ਰੀ ਸ਼ਿਵਨੀਤ ਸ਼ਰਮਾ ਅਤੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ 'ਤੇ ਇੰਡਿਅਨ ਬੈਂਕ ਦੇ ਐਸਟੇਟ ਅਫਸਰ ਸ਼੍ਰੀ ਸ਼ੋਭਿਤ ਡਾਵਰ, ਬ੍ਰਾਂਚ ਮੈਨੇਜਰ ਸ਼੍ਰੀ ਵਿਕਰਮ ਬਸੇਟੀਆ, ਐਮ.ਆਰ.ਐਸ.ਪੀ.ਟੀ.ਯੂ. ਦੇ ਪ੍ਰੋ. ਇੰਚਾਰਜ ਫਾਇਨੈਂਸ, ਪ੍ਰੋ. ਹਰੀਸ਼ ਗਰਗ, ਐਸ.ਏ.ਐਸ.ਈ. ਦੇ ਮੁਖੀ ਪ੍ਰੋ. ਜਸਵੀਰ ਸਿੰਘ ਟਿਵਾਣਾ, ਡਾਇਰੈਕਟਰ, ਇੰਜੀ. ਹਰਜੋਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ ਡਾ. ਕੰਵਲਜੀਤ ਸਿੰਘ ਅਤੇ ਸੀਨੀਅਰ ਟੈਕਨੀਸ਼ੀਅਨ ਸ਼੍ਰੀ ਰਜਿੰਦਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਖੇਤੀਬਾੜੀ ਵਿੱਚ ਡਿਜ਼ਿਟਲ ਤਕਨਾਲੋਜੀਆਂ ਦੀ ਵੱਧ ਰਹੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਧੁਨਿਕ ਖੇਤੀਬਾੜੀ ਹੁਣ ਪ੍ਰਿਸੀਜ਼ਨ ਫਾਰਮਿੰਗ, ਭੂਗੋਲਿਕ ਜਾਣਕਾਰੀ ਪ੍ਰਣਾਲੀ (ਜੀ.ਆਈ.ਐਸ.), ਡਾਟਾ ਵਿਸ਼ਲੇਸ਼ਣ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਮਾਰਟ ਫਾਰਮ ਪ੍ਰਬੰਧਨ ਵਰਗੀਆਂ ਕੰਪਿਊਟਰ ਅਧਾਰਿਤ ਐਪਲੀਕੇਸ਼ਨਾਂ 'ਤੇ ਨਿਰਭਰ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਥਾਪਿਤ ਇਹ ਲੈਬ ਵਿਦਿਆਰਥੀਆਂ ਅਤੇ ਖੋਜਕਰਤਿਆਂ ਨੂੰ ਉੱਨਤ ਡਿਜ਼ਿਟਲ ਸਰੋਤਾਂ ਤੱਕ ਪਹੁੰਚ ਪ੍ਰਦਾਨ ਕਰੇਗੀ, ਉਨ੍ਹਾਂ ਦੀ ਤਕਨੀਕੀ ਯੋਗਤਾ ਨੂੰ ਮਜ਼ਬੂਤ ਬਣਾਏਗੀ ਅਤੇ ਨਵੀਨਤਾਕਾਰੀ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ ਖੇਤੀਬਾੜੀ ਵਿਭਾਗ ਵਿੱਚ ਅਧਿਆਪਨ, ਸਿੱਖਣ, ਪ੍ਰੋਜੈਕਟ ਕਾਰਜ ਅਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗੀ।
ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਇੰਡਿਅਨ ਬੈਂਕ ਦੇ ਜੋਨਲ ਮੈਨੇਜਰ ਸ਼੍ਰੀ ਸ਼ਿਵਨੀਤ ਸ਼ਰਮਾ ਨੇ ਕਿਹਾ ਕਿ ਇੰਡਿਅਨ ਬੈਂਕ ਅਰਥਪੂਰਨ ਸਮਾਜਿਕ ਪਹਿਲਕਦਮੀਆਂ ਰਾਹੀਂ ਸਿੱਖਿਆ ਅਤੇ ਤਕਨਾਲੋਜੀਕਲ ਤਰੱਕੀ ਨੂੰ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕੰਪਿਊਟਰ ਲੈਬ ਦੀ ਪ੍ਰਾਯੋਜਨਾ ਵਿਦਿਆਰਥੀਆਂ ਨੂੰ ਆਧੁਨਿਕ ਡਿਜ਼ਿਟਲ ਹੁਨਰਾਂ ਨਾਲ ਸਸ਼ਕਤ ਬਣਾਉਣ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਲਈ ਮੌਕੇ ਪੈਦਾ ਕਰਨ ਪ੍ਰਤੀ ਬੈਂਕ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸਹੂਲਤ ਭਵਿੱਖ ਦੇ ਅਜਿਹੇ ਖੇਤੀਬਾੜੀ ਪੇਸ਼ੇਵਰ ਤਿਆਰ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ ਜੋ ਟਿਕਾਊ ਖੇਤੀਬਾੜੀ ਵਿਕਾਸ ਅਤੇ ਰਾਸ਼ਟਰੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਣ।
ਹਾਜ਼ਰ ਪਤਵੰਤਿਆਂ ਨੇ ਗੁਣਵੱਤਾ ਭਰਪੂਰ ਖੇਤੀਬਾੜੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਐਮ.ਆਰ.ਐਸ.ਪੀ.ਟੀ.ਯੂ. ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਲੈਬ ਆਉਣ ਵਾਲੇ ਸਾਲਾਂ ਤੱਕ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਕਰਤਿਆਂ ਲਈ ਇੱਕ ਕੀਮਤੀ ਸਰੋਤ ਸਾਬਤ ਹੋਵੇਗੀ।
ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋ. ਜਸਵੀਰ ਸਿੰਘ ਟਿਵਾਣਾ ਅਤੇ ਡਾ. ਕੰਵਲਜੀਤ ਸਿੰਘ ਨੇ ਸਕੂਲ ਆਫ ਐਗਰੀਕਲਚਰਲ ਸਾਇੰਸਜ਼ ਐਂਡ ਇੰਜੀਨੀਅਰਿੰਗ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਇਸ ਦੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਬੀ.ਐੱਸ.ਸੀ. (ਆਨਰਜ਼) ਐਗਰੀਕਲਚਰ, ਬੀ.ਟੈਕ. ਐਗਰੀਕਲਚਰਲ ਇੰਜੀਨੀਅਰਿੰਗ, ਬੀ.ਵੋਕ. ਐਗਰੀਕਲਚਰ ਅਤੇ ਐਗਰੋਨੋਮੀ, ਹਾਰਟੀਕਲਚਰ, ਫਰੂਟ ਸਾਇੰਸ ਅਤੇ ਵੈਜੀਟੇਬਲ ਸਾਇੰਸ ਵਿੱਚ ਐਮ.ਐੱਸ.ਸੀ. ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਮੌਕੇ ਵਿਭਾਗ ਦੀ ਸਮੂਹ ਫੈਕਲਟੀ ਸਟਾਫ਼ ਵੀ ਮੌਜੂਦ ਸੀ।
- Download Babushahi App
-
-