ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2026 : ਇੰਸਟੀਚਿਊਟ ਆਫ ਐਗਰੀਕਲਚਰ (ਆਈ.ਓ.ਏ.), ਬਠਿੰਡਾ ਵਿਖੇ ਅੱਜ “ਵਿਸ਼ਵ ਵਾਤਾਵਰਨ ਦਿਵਸ” ਮਨਾਇਆ ਗਿਆ। ਇਸ ਮੌਕੇ ਵਾਤਾਵਰਨ ਸੁਰੱਖਿਆ ਅਤੇ ਟਿਕਾਊ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੇ ਰਚਨਾਤਮਕ ਤੇ ਅਰਥਪੂਰਨ ਪੋਸਟਰਾਂ ਰਾਹੀਂ ਕੁਦਰਤ ਦੀ ਸੰਭਾਲ, ਪ੍ਰਦੂਸ਼ਣ ਘਟਾਉਣ ਅਤੇ ਵਾਤਾਵਰਨ ਦੀ ਰੱਖਿਆ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਆਈ.ਓ.ਏ. ਦੇ ਫੈਕਲਟੀ ਮੈਂਬਰਾਂ ਨੇ ਵੀ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਡਾ. ਅਵਤਾਰ ਸਿੰਘ, ਐਸੋਸੀਏਟ ਡੀਨ, ਇੰਸਟੀਚਿਊਟ ਆਫ ਐਗਰੀਕਲਚਰ, ਵੱਲੋਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਇੱਕ ਹਰਿਆ-ਭਰਿਆ, ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਸਿਰਜਣ ਲਈ ਮਿਲਜੁਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਭ ਤੋਂ ਵਧੀਆ ਪੋਸਟਰ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦਾ ਮੁਲਾਂਕਣ ਡਾ. ਅਮਰਜੀਤ ਸਿੰਘ ਸੰਧੂ, ਪ੍ਰਿੰਸੀਪਲ ਐਕਸਟੈਂਸ਼ਨ ਸਪੈਸ਼ਲਿਸਟ, ਐਫ.ਏ.ਐੱਸ.ਸੀ., ਬਠਿੰਡਾ ਅਤੇ ਡਾ. ਲਵਜੀਤ ਕੌਰ, ਸਹਾਇਕ ਪ੍ਰੋਫੈਸਰ (ਸਮਾਜ ਸ਼ਾਸਤਰ) ਵੱਲੋਂ ਕੀਤਾ ਗਿਆ। ਜੱਜਾਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਭਰਪੂਰ ਸ਼ਲਾਘਾ ਕੀਤੀ। ਜਸਮੀਤ ਕੌਰ ਅਤੇ ਪਰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਗੁੰਤਾਜ ਸਿੰਘ ਵਿਰਕ ਅਤੇ ਭੁਵੇਸ਼ ਸਿੰਘ ਨੇ ਹਾਸਿਲ ਕੀਤੀ। ਤੀਜਾ ਸਥਾਨ ਸਨੇਹਪ੍ਰੀਤ ਕੌਰ ਅਤੇ ਹਰਸਿਮਰਤ ਕੌਰ ਨੇ ਹਾਸਿਲ ਕੀਤਾ।
ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਗਈ ਅਤੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਟਿਕਾਊ ਵਿਕਾਸ ਨਾਲ ਸੰਬੰਧਿਤ ਅਮਲਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ, ਤਾਂ ਜੋ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਭਵਿੱਖ ਸੁਨਿਸ਼ਚਿਤ ਕੀਤਾ ਜਾ ਸਕੇ।
- Download Babushahi App
-
-