ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮੌਕੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ
ਬੰਗਾ 09 ਮਈ 2026- ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਅੱਗ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣਾ ਅਤੇ ਲੋਕਾਂ ਨੂੰ ਅੱਗ ਤੋਂ ਬਚਾਅ ਦੇ ਸੁਰੱਖਿਆ ਉਪਾਵਾਂ ਬਾਰੇ ਸਿੱਖਿਅਤ ਕਰਨਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨੈਸ਼ਨਲ ਫਾਇਰ ਸੇਫਟੀ ਵੀਕ ਦੇ ਕੁਵਿਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਅਤੇ ਸਟਾਫ ਨਰਸਾਂ ਦਾ ਸਨਮਾਨ ਕਰਨ ਮੌਕੇ ਕੀਤਾ । ਉਹਨਾਂ ਦੱਸਿਆ ਕਿ 04 ਮਈ ਤੋਂ 10 ਮਈ 2026 ਤੱਕ ਮਨਾਏ ਜਾ ਰਹੇ ਨੈਸ਼ਨਲ ਫਾਇਰ ਸੇਫਟੀ ਵੀਕ (ਰਾਸ਼ਟਰੀ ਅੱਗ ਸੁਰੱਖਿਆ ਹਫ਼ਤੇ) ਦਾ ਸਾਲ 2026 ਦਾ ਮੁੱਖ ਉਦੇਸ਼ (ਥੀਮ) "ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਸੁਰੱਖਿਆ ਜਾਗਰੂਕ ਸਮਾਜ - ਅੱਗ ਦੀ ਰੋਕਥਾਮ ਲਈ ਇਕੱਠੇ" ਹੈ । ਜਿਸ ਤਹਿਤ ਹਸਪਤਾਲ, ਵਿਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿੱਚ ਮੌਕ ਡਰਿੱਲ ਕਰਵਾਈ ਗਈ ਅਤੇ ਜਾਗਰੂਕਤਾ ਸਮਾਗਮ, ਕੁਵਿਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ । ਇਸ ਤੋਂ ਇਲਾਵਾ ਹਸਪਤਾਲ ਅਤੇ ਮਰੀਜ਼ਾਂ ਦੀ ਸਰੁੱਖਿਆ ਨੂੰ ਮੁੱਖ ਰੱਖਦੇ ਹੋਏ ਸਟਾਫ ਨੂੰ ਫਾਇਰ ਸੇਫਟੀ ਦੀ ਟਰੇਨਿੰਗ ਵੀ ਦਿੱਤੀ ਗਈ ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਫਾਇਰ ਸੇਫਟੀ ਦੀ ਸੁੰਹ ਚੁਕਾਈ ਗਈ । ਸ. ਢਾਹਾਂ ਨੇ ਆਮ ਲੋਕਾਈ ਨੂੰ ਵੀ ਅਪੀਲ ਕੀਤੀ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਅੱਗ ਤੋ ਸੁਰੱਖਿਆ ਦੇ ਤਰੀਕੇ ਸਿੱਖਣ ਤਾਂ ਜੋ ਅੱਗ ਲੱਗਣ ਨਾਲ ਹੋਣ ਵਾਲੀਆਂ ਘਟਨਾਵਾਂ ਮੌਕੇ ਕੀਮਤੀ ਜਾਨ-ਮਾਲ ਦੇ ਨੁਕਸਾਨ ਦੀ ਰੋਕਥਾਮ ਕਰ ਸਕੀਏ । ਇਸ ਮੌਕੇ ਉਹਨਾਂ ਨੇ ਸਮੂਹ ਡਾਕਟਰ ਸਾਹਿਬਾਨ, ਮੈਡੀਕਲ, ਨਰਸਿੰਗ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ । ਇਸ ਮੌਕੇ ਵਿਚ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ.ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਖਮਿੰਦਰ ਕੌਰ ਊਬੀ, ਅਕਾਸ਼ਦੀਪ ਫਾਇਰ ਸੇਫਟੀ ਅਫਸਰ ਅਤੇ ਕੁਵਿਜ਼ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਦੇ ਜੇਤੂ ਵੀ ਹਾਜ਼ਰ ਸਨ ।
- Download Babushahi App
-
-