ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਰੁਬਾਈ ਪੁਸਤਕ ‘ ਸੰਧੂਰਦਾਨੀ ’ ਲੋਕ ਅਰਪਣ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰਃ 4 ਮਈ
ਇਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਰੁਬਾਈ ਪੁਸਤਕ ‘ਸੰਧੂਰਦਾਨੀ ’ ਲੋਕ ਅਰਪਣ ਕਰਨ ਲਈ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਪੰਜਾਬੀ ਅਕਾਦਮੀ ਅੰਮ੍ਰਿਤਸਰ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।
ਇਸ ਪੁਸਤਕ ਨੂੰ ਕਾਲਜ ਦੇ ਪ੍ਰਿੰਸੀਪਲ ਤੇ ਪੰਜਾਬ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਆਤਮ ਸਿੰਘ ਰੰਧਾਵਾ ਅਤੇ ਹੋਰ ਪ੍ਰਮੁੱਖ ਵਿਦਿਅਕ ਤੇ ਸਾਹਿੱਤਕ ਸਖ਼ਸ਼ੀਅਤਾਂ ਵੱਲੋਂ ਸਾਂਝੇ ਰੂਪ ਵਿੱਚ ਲੋਕ ਅਰਪਣ ਕੀਤਾ ਗਿਆ।
ਪੁਸਤਕ ਲੋਕ ਅਰਪਣ ਕਰਦਿਆਂ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਪ੍ਰੋ. ਗੁਰਭਜਨ ਗਿੱਲ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਦੀ ਲਿਖਤ ਪੰਜਾਬੀ ਸੱਭਿਆਚਾਰ ਅਤੇ ਮਾਨਵੀ ਸਰੋਕਾਰਾਂ ਦੀ ਤਰਜਮਾਨੀ ਕਰਦੀ ਹੈ ਅਤੇ ‘ ਸੰਧੂਰਦਾਨੀ ’ ਪੁਸਤਕ ਦਾ ਦੂਜਾ ਐਡੀਸ਼ਨ ਛਪਣਾ ਪੰਜਾਬੀ ਸਾਹਿਤ ਦੇ ਭੰਡਾਰ ਵਿੱਚ ਮੁੱਲਵਾਨ ਵਾਧਾ ਸਾਬਤ ਹੋਵੇਗੀ।ਇਸੇ ਸਾਲ ਫਰਵਰੀ ਮਹੀਨੇ ਉਨ੍ਹਾਂ ਦੀ ਪਿਛਲੇ ਪੰਜਾਹ ਸਾਲਾਂ ਦੀ ਨਿਰੰਤਰ ਸਾਹਿੱਤਕ ਘਾਲਣਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਾਹਿੱਤ ਅਕਾਡਮੀ ਵੱਲੋਂ “ਪੰਜਾਬ ਗੌਰਵ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ ਹੈ।
ਸੁਰਤਿ ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ ਪੰਜਾਬੀ ਵਿਭਾਗ, ਗੁਰੂ ਨਾਨਕ ਕਾਲਿਜ ਬਟਾਲਾ ਨੇ ਕਿਹਾ ਕਿ ਇਹ ਸ਼ਾਇਰੀ ਉਸ ਲੁੱਟ-ਖਸੁੱਟ ਦੇ ਵਿਰੁੱਧ ਜਥੇਬੰਦਕ ਸੁਰ ਹੈ, ਜੋ ਆਮ ਮਨੁੱਖ ਦੇ ਹੱਕਾਂ ਨੂੰ ਆਪਣੇ ਪੈਰਾਂ ਹੇਠ ਲਿਤਾੜਦੀ ਹੈ। ਉਹ ਜਬਰ ਦੇ ਸਾਹਮਣੇ ਸਿਰ ਸੁੱਟਣ ਦੀ ਥਾਂ, ਸ਼ਬਦਾਂ ਨੂੰ ਢਾਲ ਬਣਾ ਕੇ ਖਲੋਂਦੇ ਹਨ। ਉਨ੍ਹਾਂ ਦੀਆਂ ਪੁਸਤਕ ਵਿੱਚ ਮੌਜੂਦ ਤਿੱਖਾਪਣ ਕਿਸੇ ਨਿੱਜੀ ਰੰਜਿਸ਼ ਦਾ ਨਤੀਜਾ ਨਹੀਂ, ਸਗੋਂ ਉਸ ਸਮੂਹਿਕ ਪੀੜ ਦਾ ਪ੍ਰਗਟਾਵਾ ਹੈ ਜੋ ਸਮਾਜ ਦਾ ਲਿਤਾੜਿਆ ਵਰਗ ਹੰਢਾ ਰਿਹਾ ਹੈ। ਜਦੋਂ ਗੁਰਭਜਨ ਗਿੱਲ ਲੁੱਟ-ਖਸੁੱਟ ਦੇ ਵਿਰੋਧ ਦੀ ਗੱਲ ਕਰਦਾ ਹੈ, ਤਾਂ ਉਸ ਦੇ ਸ਼ਬਦਾਂ ਵਿੱਚ ਅਜਿਹੀ ਨਾਬਰੀ ਪ੍ਰਤੱਖ ਹੁੰਦੀ ਹੈ ਜੋ ਸਥਾਪਿਤ ਨਿਜ਼ਾਮ ਦੇ ਬੋਦੇਪਣ ਨੂੰ ਨੰਗਾ ਕਰਦੀ ਹੈ। ਇਹ ਸਿਰਫ਼ ਕਾਵਿ ਉਡਾਰੀ ਹੀ ਨਹੀਂ,ਸਗੋਂ ਇਨਸਾਨੀਅਤ ਦੀ ਰਾਖੀ ਲਈ ਲੜਿਆ ਜਾਣ ਵਾਲਾ ਬੌਧਿਕ ਯੁੱਧ ਵੀ ਹਨ।
ਇਸ ਮੌਕੇ “ਚਾਲੀ ਦਿਨ” ਪੁਸਤਕ ਦੇ ਸਿਰਜਕ ਡਾ. ਗੁਰਪ੍ਰੀਤ ਸਿੰਘ ਧੁੱਗਾ, ਡਾ. ਤਮਿੰਦਰ ਸਿੰਘ ਭਾਟੀਆ (ਡੀਨ ਅਕਾਦਮਿਕ ਮਾਮਲੇ), ਡਾ. ਦਲਜੀਤ ਸਿੰਘ (ਡੀਨ ਵਿਦਿਆਰਥੀ ਭਲਾਈ) ਤੇ ਡਾ. ਪਰਮਿੰਦਰ ਸਿੰਘ (ਮੁਖੀ ਪੰਜਾਬੀ ਵਿਭਾਗ) ਪ੍ਰੋ. ਸਤਨਾਮ ਸਿੰਘ, ਮੰਤਵ ਮੈਗਜ਼ੀਨ ਦੇ ਮੁੱਖ ਸੰਪਾਦਕ ਵਿਸ਼ਾਲ ਬਿਆਸ ਤੋਂ ਇਲਾਵਾ ਡਾ. ਹੀਰਾ ਸਿੰਘ , ਡਾ. ਦਯਾ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਮਾਗਮ ਦੌਰਾਨ ਬੁਲਾਰਿਆਂ ਨੇ ਪੁਸਤਕ ਦੇ ਵਿਸ਼ੇ ਅਤੇ ਪ੍ਰੋ. ਗੁਰਭਜਨ ਗਿੱਲ ਦੀ ਕਾਵਿ-ਸ਼ੈਲੀ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਹ ਰਚਨਾ ਪਾਠਕਾਂ ਨੂੰ ਮਾਨਸਿਕ ਸਕੂਨ ਦੇਣ ਦੇ ਨਾਲ-ਨਾਲ ਸਮਾਜਿਕ ਮੁੱਦਿਆਂ 'ਤੇ ਸੋਚਣ ਲਈ ਵੀ ਮਜਬੂਰ ਕਰਦੀ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਵੱਲੋਂ ਸਾਹਿਤਕ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ।
ਇਸ ਮੌਕੇ ਕਾਲਜ ਦੇ ਹੋਰ ਸਟਾਫ਼ ਮੈਂਬਰ ਅਤੇ ਸਾਹਿਤ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
Click to Follow Babushahi Facebook page →