ਲੁਧਿਆਣਾ ਦੇ SBS ਨਗਰ ‘ਚ ਗੈਰਕਾਨੂੰਨੀ ਨਿਰਮਾਣਾਂ ਖ਼ਿਲਾਫ਼ ਭੜਕਿਆ ਗੁੱਸਾ, ਵੱਡੇ ਸੰਘਰਸ਼ ਦੀ ਚਿਤਾਵਨੀ
ਸੁਖਮਿੰਦਰ ਭੰਗੂ
ਲੁਧਿਆਣਾ, 14 ਅਪ੍ਰੈਲ 2026
ਸ਼ਹਿਰ ਦੇ ਪ੍ਰਸਿੱਧ ਇਲਾਕੇ ਸ਼ਹੀਦ ਭਗਤ ਸਿੰਘ ਨਗਰ (SBS ਨਗਰ) ਵਿੱਚ ਗੈਰਕਾਨੂੰਨੀ ਨਿਰਮਾਣ ਅਤੇ ਕਮਰਸ਼ਲ ਗਤੀਵਿਧੀਆਂ ਨੂੰ ਲੈ ਕੇ ਨਿਵਾਸੀਆਂ ਵਿੱਚ ਗੁੱਸਾ ਉਬਾਲ ‘ਤੇ ਪਹੁੰਚ ਗਿਆ ਹੈ। ਅੱਜ ਨੇਹਰੂ ਸਿੱਧਾਂਤ ਕੇਂਦਰ ਦੇ ਬਾਹਰ ਸਥਾਨਕ ਲੋਕਾਂ ਨੇ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦੀਆਂ ਗਲਤ ਨੀਤੀਆਂ ਕਾਰਨ 475 ਏਕੜ ਦੀ ਇਹ ਰਿਹਾਇਸ਼ੀ ਸਕੀਮ ਹੁਣ ਕਮਰਸ਼ਲ ਹੱਬ ਵਿੱਚ ਤਬਦੀਲ ਹੋ ਰਹੀ ਹੈ। ਨਿਯਮਾਂ ਮੁਤਾਬਕ ਸਿਰਫ਼ ਢਾਈ ਮੰਜ਼ਿਲਾਂ ਤੱਕ ਨਿਰਮਾਣ ਦੀ ਆਗਿਆ ਹੋਣ ਦੇ ਬਾਵਜੂਦ ਕਈ ਥਾਵਾਂ ‘ਤੇ 4 ਤੋਂ 5 ਮੰਜ਼ਿਲਾਂ ਤੱਕ ਗੈਰਕਾਨੂੰਨੀ ਇਮਾਰਤਾਂ ਬਣ ਰਹੀਆਂ ਹਨ।
ਖਾਸ ਕਰਕੇ EWS ਕੈਟਾਗਰੀ ਦੇ 40 ਗਜ਼ ਦੇ ਪਲਾਟਾਂ ਵਾਲੇ E ਬਲਾਕ ਵਿੱਚ ਪੰਜ ਮੰਜ਼ਿਲਾਂ ਵਾਲੇ ਹੋਟਲ ਦੀ ਨਿਰਮਾਣ ਕਾਰਵਾਈ ਨੇ ਨਿਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਈ ਵਾਰ LIT ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।
ਯੋਗੇਸ਼ ਸ਼ਰਮਾ ਨੇ ਦੱਸਿਆ ਕਿ LIT ਚੇਅਰਮੈਨ ਵੱਲੋਂ ਜਨਵਰੀ 2026 ਵਿੱਚ ਇਸ ਗੈਰਕਾਨੂੰਨੀ ਹੋਟਲ ਨੂੰ ਢਾਹੁਣ ਦੀ ਗੱਲ ਕੀਤੀ ਗਈ ਸੀ, ਪਰ ਭ੍ਰਿਸ਼ਟਾਚਾਰ ਅਤੇ ਰਾਜਨੀਤਿਕ ਦਬਾਅ ਕਾਰਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਨੋਟਿਸ ਜਾਰੀ ਕਰਕੇ ਵਾਪਸ ਲੈ ਲੈਣ ਦੀ ਪ੍ਰਕਿਰਿਆ ਸਿਰਫ਼ “ਆਈ ਵਾਸ਼” ਬਣ ਕੇ ਰਹਿ ਗਈ ਹੈ।
ਇਸ ਤੋਂ ਇਲਾਵਾ SBS ਨਗਰ ਦੇ E ਬਲਾਕ ਵਿੱਚ ਬਣੇ ਸ਼ਾਪ-ਕਮ-ਫਲੈਟਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਦਫ਼ਤਰਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਕੁਝ ਥਾਵਾਂ ‘ਤੇ SCO ਯੂਨਿਟਾਂ ਨੂੰ ਜੋੜ ਕੇ ਕਲੱਬ ਚਲਾਏ ਜਾ ਰਹੇ ਹਨ, ਜੋ ਸਿੱਧੇ ਤੌਰ ‘ਤੇ ਕਾਨੂੰਨ ਦੀ ਉਲੰਘਣਾ ਹੈ।
ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਗੈਰਕਾਨੂੰਨੀ ਹੋਟਲ ਅਤੇ ਹੋਰ ਨਿਰਮਾਣਾਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਮਾਮਲਾ ਅਦਾਲਤ ਵਿੱਚ ਲਿਜਾਇਆ ਜਾਵੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ LIT ਪ੍ਰਸ਼ਾਸਨ ‘ਤੇ ਹੋਵੇਗੀ।
Click to Follow Babushahi Facebook page →