ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਉਤਸਾਹ ਨਾਲ ਬਣਾਇਆ 77ਵਾਂ ਗਣਤੰਤਰ ਦਿਵਸ
ਅਸ਼ੋਕ ਵਰਮਾ
ਬਠਿੰਡਾ , 27 ਜਨਵਰੀ 2026 : ਐਚਪੀਸੀਐਲ–ਮਿੱਤਲ ਐਨਰਜੀ ਲਿਮਿਟਡ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਬਠਿੰਡਾ ਟਾਊਨਸ਼ਿਪ, ਪਾਈਪਲਾਈਨ ਦਫ਼ਤਰ ਸਮੇਤ ਵੱਖ-ਵੱਖ ਵਪਾਰਕ ਸਥਾਨਾਂ ’ਤੇ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਰਪੂਰ ਭਾਗੀਦਾਰੀ ਕੀਤੀ, ਜਿਸ ਨਾਲ ਇਹ ਦਿਨ ਰਾਸ਼ਟਰੀ ਮਾਣ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ। ਮੌਕੇ ’ਤੇ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਗੀਤਾਂ ਦੀ ਮਨਮੋਹਕ ਪ੍ਰਸਤੁਤੀ ਨੇ ਸਮਾਰੋਹ ਦੀ ਰੌਣਕ ਹੋਰ ਵਧਾ ਦਿੱਤੀ। ਇਸ ਦੇ ਨਾਲ ਸੁਰੱਖਿਆ ਟੀਮ ਅਤੇ ਕਰਮਚਾਰੀਆਂ ਲਈ ਖੇਡ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਨਾਲ ਆਪਸੀ ਭਾਈਚਾਰੇ ਅਤੇ ਟੀਮ ਭਾਵਨਾ ਨੂੰ ਉਤਸ਼ਾਹ ਮਿਲਿਆ।
ਐਚਐਮਈਐਲ ਬਠਿੰਡਾ ਟਾਊਨਸ਼ਿਪ ਵਿੱਚ ਹੋਏ ਸਮਾਰੋਹ ਦੌਰਾਨ ਐਚਐਮਈਐਲ ਦੇ ਸੀਓਓ ਸ੍ਰੀ ਐਮ. ਬੀ. ਗੋਹਿਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਮੂਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਰਿਫਾਇਨਰੀ ਦੇ ਸੁਰੱਖਿਅਤ ਅਤੇ ਸਫ਼ਲ ਟਰਨਅਰਾਊਂਡ ਲਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਸਮਰਪਣ ਭਾਵਨਾ ਅਤੇ ਮੇਹਨਤ ਨਾਲ ਹੀ ਸੰਭਵ ਹੋਈ ਹੈ। ਗਣਤੰਤਰ ਦਿਵਸ ਨੂੰ ਸਾਂਝੀ ਜ਼ਿੰਮੇਵਾਰੀ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਊਰਜਾ ਭਵਿੱਖ ਨੂੰ ਆਕਾਰ ਦੇਣ ਅਤੇ ਸਥਾਨਕ ਸਮੁਦਾਇਆਂ ਨੂੰ ਸਸ਼ਕਤ ਬਣਾਉਣ ਵਿੱਚ ਐਚਐਮਈਐਲ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਸ੍ਰੀ ਗੋਹਿਲ ਨੇ ਕਿਹਾ ਕਿ ਇਹ ਦਿਨ ਸਾਨੂੰ ਆਜ਼ਾਦੀ ਸੰਗਰਾਮੀਆਂ ਦੇ ਬਲਿਦਾਨਾਂ ਦੀ ਯਾਦ ਦਿਲਾਂਦਾ ਹੈ ਅਤੇ ਉਨ੍ਹਾਂ ਲੋਕਤੰਤਰਕ ਮੁੱਲਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸੌਂਪਦਾ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਸੰਘਰਸ਼ ਕੀਤਾ। ਇੱਕ ਰਾਸ਼ਟਰ ਵਜੋਂ ਅਸੀਂ ਕਰੋੜਾਂ ਨਾਗਰਿਕਾਂ ਦੀ ਸਾਂਝੀ ਕੋਸ਼ਿਸ਼ ਨਾਲ ਤਰੱਕੀ ਦੀ ਮਜ਼ਬੂਤ ਨੀਂਹ ਰੱਖੀ ਹੈ। ਇਹ ਯਾਤਰਾ ਐਚਐਮਈਐਲ ਦੀ ਯਾਤਰਾ ਨਾਲ ਵੀ ਮਿਲਦੀ-ਜੁਲਦੀ ਹੈ—ਗ੍ਰੀਨਫੀਲਡ ਰਿਫਾਇਨਰੀ ਪ੍ਰੋਜੈਕਟ ਤੋਂ ਪੈਟਰੋਕੈਮਿਕਲ ਖੇਤਰ ਦੀ ਇੱਕ ਵੱਡੀ ਇਕਾਈ ਬਣਨ ਤੱਕ, ਅਤੇ ਹੁਣ ਗ੍ਰੀਨ ਐਨਰਜੀ, ਕੇਮਿਕਲਜ਼, ਰਿਟੇਲ ਆਉਟਲੈੱਟਸ ਸਮੇਤ ਹੋਰ ਕਾਰੋਬਾਰਾਂ ਵੱਲ ਅੱਗੇ ਵਧ ਰਹੀ ਹੈ।
ਸਥਾਨਕ ਸਮੁਦਾਇਆਂ ਨੂੰ ਸਸ਼ਕਤ ਬਣਾਉਣ ਲਈ ਐਚਐਮਈਐਲ ਸੈਲਫ ਹੈਲਪ ਗਰੁੱਪਾਂ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਪ੍ਰੋਤਸਾਹਨ ਦੇ ਰਿਹਾ ਹੈ, ਜਿਸ ਨਾਲ 7 ਹਜ਼ਾਰ ਤੋਂ ਵੱਧ ਮਹਿਲਾਵਾਂ ਰੋਜ਼ਗਾਰ ਹਾਸਲ ਕਰ ਰਹੀਆਂ ਹਨ। ਸਿੱਖਿਆ ਖੇਤਰ ਵਿੱਚ 59 ਪਿੰਡਾਂ ਦੇ 114 ਸਕੂਲ ਗੋਦ ਲੈ ਕੇ 21 ਹਜ਼ਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਹੰਮ ਯੋਗਦਾਨ ਪਾਇਆ ਗਿਆ ਹੈ, ਜਿਸ ਨਾਲ ਪਿੰਡਾਂ ਦੇ ਬੱਚੇ ਐਨਆਈਟੀ ਅਤੇ ਆਈਆਈਟੀ ਵਰਗੇ ਪ੍ਰਤਿਸ਼ਠਿਤ ਸੰਸਥਾਨਾਂ ਤੱਕ ਪਹੁੰਚ ਰਹੇ ਹਨ। ਫੁਲਕਾਰੀ ਕਲਾ ਨੂੰ ਪੁਨਰਜੀਵਿਤ ਕਰਕੇ 300 ਮਹਿਲਾਵਾਂ ਨੂੰ ਜੋੜਿਆ ਗਿਆ ਹੈ, ਤਾਂ ਜੋ ਪੰਜਾਬੀ ਸਭਿਆਚਾਰ ਨੂੰ ਜੀਵੰਤ ਰੱਖਿਆ ਜਾ ਸਕੇ। ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਕੂਲ ਕਮਰੇ, ਸ਼ੌਚਾਲੇ, ਸੜਕਾਂ ’ਤੇ ਇੰਟਰਲਾਕਿੰਗ ਟਾਇਲਾਂ ਅਤੇ ਸੌਲਰ ਪ੍ਰੋਜੈਕਟਾਂ ਵਰਗੀਆਂ ਕਈ ਯੋਜਨਾਵਾਂ ’ਤੇ ਕੰਮ ਹੋ ਰਿਹਾ ਹੈ।
ਇਸ ਸਮਾਰੋਹ ਵਿੱਚ ਐਚਐਮਈਐਲ ਦੇ ਸ੍ਰੀ ਅਰੁਣ ਭਾਰਦਵਾਜ (ਵੀਪੀ – ਓਪਰੇਸ਼ਨਲ ਐਕਸਲੈਂਸ), ਸ੍ਰੀ ਰਾਜੀਵ ਪਰਮਾਰ (ਵੀਪੀ – ਪ੍ਰੋਜੈਕਟਸ), ਸ੍ਰੀ ਹੈਕਟਰ ਸਲਾਜ਼ਾਰ (ਵੀਪੀ – ਸੇਫਟੀ) ਸਮੇਤ ਹੋਰ ਵਿਭਾਗੀ ਮੁਖੀ ਵੀ ਮੌਜੂਦ ਰਹੇ। ਇਸੇ ਤਰ੍ਹਾਂ ਐਚਐਮਈਐਲ ਦੇ ਪਾਈਪਲਾਈਨ ਸਥਾਨਾਂ ’ਤੇ ਵੀ ਗਣਤੰਤਰ ਦਿਵਸ ਮਨਾਇਆ ਗਿਆ, ਜਿੱਥੇ ਹਰ ਪਾਈਪਲਾਈਨ ਸਟੇਸ਼ਨ ’ਤੇ ਯੂਨਿਟ ਮੁਖੀਆਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਜਿਸ ਨਾਲ ਰਾਸ਼ਟਰੀ ਮਾਣ ਅਤੇ ਏਕਤਾ ਪ੍ਰਤੀ ਕੰਪਨੀ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਈ।