ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਜਿਲ੍ਹਾ ਮਾਨਸਾ ਵੱਲੋਂ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ ,12 ਜਨਵਰੀ 2026 :ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਨੇ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ ਸੌਂਪਿਆ।ਇਸ ਮੌਕੇ ਪ੍ਰਧਾਨ ਸੁਖਦੀਪ ਸਿੰਘ ਨੇ ਦੱਸਿਆ ਕਿ JSW ਸੀਮਿੰਟ ਲਿਮਟਿਡ ਵੱਲੋਂ ਤਜਵੀਜ਼ਤ ਸੀਮਿੰਟ ਫੈਕਟਰੀ ਲਈ ਪਿੰਡ ਤਲਵੰਡੀ ਅਕਲੀਆ ਅਤੇ ਕਰਮਗੜ੍ਹ ਔਤਾਵਾਲੀ ਦੇ ਰਕਬੇ ਵਿੱਚ ਖ਼ਰੀਦ ਕੀਤੀ ਜ਼ਮੀਨ ਵਿੱਚੋਂ ਇੱਕ ਪਹੀ ਲੰਘਦੀ ਹੈ,ਜਿਸਦੀ ਮਾਲਕੀ ਜੁਮਲਾ ਮੁਸਤਰਕਾ ਮਾਲਕਾਂ, ਕਰਮਗੜ੍ਹ ਉਰਫ ਔਤਾਵਾਲੀ, ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਦੀ ਹੈ, ਜਿਸਨੂੰ ਵੇਚਣ ਲਈ ਕੰਪਨੀ ਵੱਲੋਂ ਪੰਚਾਇਤ ਵਿਭਾਗ ਰਾਹੀਂ ਉਕਤ ਪਿੰਡ ਦੀ ਪੰਚਾਇਤ ਤੇ ਦਬਾਅ ਪਾਇਆ ਜਾ ਰਿਹਾ ਹੈ,ਜੋ ਪੰਚਾਇਤਾਂ ਅਤੇ ਲੋਕਾਂ ਦੇ ਅਧਿਕਾਰਾਂ ਦੀ ਅਣਦੇਖੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੀ ਕੋਈ ਵੀ ਕਾਰਵਾਈ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ,ਜਿਸ ਨਾਲ ਲੋਕ ਮਨਾਂ ਨੂੰ ਠੇਸ ਪਹੁੰਚੇ। ਸੰਘਰਸ਼ ਕਮੇਟੀ ਵੱਲੋਂ ਵੱਲੋਂ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਤਜਵੀਜਤ JSW ਸੀਮਿੰਟ ਫੈਕਟਰੀ ਨੂੰ ਰੱਦ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਸੀਮਿੰਟ ਪਲਾਂਟ ਲਗਭਗ 50 ਪਿੰਡਾਂ ਨੂੰ ਵਾਤਾਵਰਨ ਪੱਖੋਂ ਪ੍ਰਭਾਵਿਤ ਕਰੇਗਾ। ਇਸ ਤੋਂ ਪਹਿਲਾਂ ਹੀ ਅਸੀਂ TSPL ਥਰਮਲ ਪਲਾਂਟ (ਬਣਾਂਵਾਲੀ) ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਾਂ ਅਤੇ ਸਾਡੇ ਇਲਾਕੇ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੀ ਮਾਰ ਝੱਲ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਪਿੰਡ ਤਲਵੰਡੀ ਅਕਲੀਆਂ ਨੇ ਵੋਟਾਂ ਦਾ ਮੁਕੰਮਲ ਬਾਈਕਾਟ ਕੀਤਾ ਸੀ। ਜੇਕਰ ਸਰਕਾਰ ਵੱਲੋਂ ਫੈਕਟਰੀ ਰੱਦ ਨਹੀ ਕੀਤਾ ਜਾਂਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਅਮਰੀਕ ਵੈਦ, ਐਡਵੋਕੇਟ ਜਸਵਿੰਦਰ ਸਿੰਘ, ਮਨਪ੍ਰੀਤ ਸੈਕਟਰੀ, ਅਮ੍ਰਿੰਤਪਾਲ ਸਿੰਘ, ਪ੍ਰਗਟ ਸਿੰਘ ਪੀ.ਟੀ., ਮਨਪ੍ਰੀਤ ਸਿੰਘ ਗੱਗੀ, ਪ੍ਰਧਾਨ ਸੁਖਦੀਪ ਸਿੰਘ, ਖੁਸ਼ਵੀਰ ਸਿੰਘ ਮੀਡੀਆ ਇੰਚਾਰਜ ਆਦਿ ਹਾਜ਼ਰ ਸਨ।