ਮਨੀਸ਼ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਸਾਲ 2026 ਲਈ ਅਮਨ ਤੇ ਖੁਸ਼ਹਾਲੀ ਦੀ ਕੀਤੀ ਅਰਦਾਸ
ਚੰਡੀਗੜ੍ਹ ਤੋਂ ਸੰਸਦ ਮੈਂਬਰ ਨੇ ਵਿਸ਼ਵ ਵਿਚ ਅਮਨ-ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ, ਚੁਣੌਤੀਆਂ ਦੇ ਸਾਹਮਣੇ ਪੰਜਾਬ ਮਜਬੂਤੀ ਨਾਲ ਉਭਰਿਆ ਹੈ
ਪ੍ਰਮੋਦ ਭਾਰਤੀ
ਅੰਮ੍ਰਿਤਸਰ, 2 ਜਨਵਰੀ,2025
ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ, ਤਿਵਾੜੀ ਨੇ ਕਿਹਾ ਕਿ ਅੱਜ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਵਾਹਿਗੁਰੂ ਤੋਂ ਸਭ ਦੀ ਚੰਗੀ ਸਿਹਤ ਅਤੇ ਭਲਾਈ ਲਈ ਅਰਦਾਸ ਕੀਤੀ ਹੈ, ਤਾਂ ਜੋ ਸਾਲ 2026 ਦੁਨੀਆ, ਦੇਸ਼ ਅਤੇ ਖ਼ਾਸ ਕਰਕੇ ਪੰਜਾਬ ਲਈ ਖੁਸ਼ਹਾਲੀ ਲਿਆਵੇ। ਲੋਕ ਅਮਨ, ਤਰੱਕੀ ਅਤੇ ਖੁਸ਼ੀਆਂ ਭਰਿਆ ਜੀਵਨ ਬਿਤਾਉਣ।
ਤਿਵਾੜੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਅੰਦਰੂਨੀ ਸੰਘਰਸ਼ ਵਧ ਰਹੇ ਹਨ ਤੇ ਹਰ ਥਾਂ ਟਕਰਾਵ ਦਾ ਮਾਹੌਲ ਹੈ। ਇਸ ਲਈ ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਸਭ ਦੀ ਭਲਾਈ ਲਈ ਅਰਦਾਸ ਕੀਤੀ ਹੈ। ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਦੁਨੀਆ ਵਿੱਚ ਅਮਨ ਹੋਵੇ, ਸਾਡਾ ਦੇਸ਼ ਤਰੱਕੀ ਕਰੇ ਅਤੇ ਖ਼ਾਸ ਕਰਕੇ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ।
ਇਸ ਮੌਕੇ ਪਿਛਲੇ ਸਾਲ ਪੰਜਾਬ ਨੂੰ ਹੋਏ ਨੁਕਸਾਨ, ਖ਼ਾਸ ਕਰਕੇ ਹੜ੍ਹਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਤਿਵਾੜੀ ਨੇ ਕਿਹਾ ਕਿ ਇਸ ਸਾਲ ਚੜ੍ਹਦੀ ਕਲਾ ਅਤੇ ਭਲਾਈ ਦੀ ਆਸ ਹੈ। ਉਹ ਕਾਮਨਾ ਕਰਦੇ ਹਨ ਕਿ 2026, 2025 ਨਾਲੋਂ ਬਿਹਤਰ ਸਾਲ ਸਾਬਤ ਹੋਵੇ। ਤੁਸੀਂ ਠੀਕ ਕਹਿੰਦੇ ਹੋ ਕਿ ਪੰਜਾਬ ਨੇ ਨਾ ਸਿਰਫ ਕੁਝ ਸਮੇਂ, ਬਲਕਿ ਸਦੀਆਂ ਤੋਂ ਕਾਫੀ ਦੁੱਖ ਸਹਿਣ ਕੀਤਾ ਹੈ। ਪਰ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਇਹ ਵੱਡੀ ਜਿੱਤ ਹੈ ਕਿ ਕਿੰਨੀ ਵੀ ਮੁਸ਼ਕਲ ਆਈ, ਕਿੰਨੀ ਵੀ ਚੁਣੌਤੀ ਆਈ, ਪੰਜਾਬੀਆਂ ਨੇ ਹਰ ਚੁਣੌਤੀ ਦਾ ਸਾਹਸ ਨਾਲ ਸਾਹਮਣਾ ਕੀਤਾ ਹੈ।
ਜਦਕਿ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਗਏ ਸਵਾਲ ‘ਤੇ ਤਿਵਾੜੀ ਨੇ ਕਿਹਾ ਕਿ ਅੱਜ ਅਸੀਂ ਸਿਰਫ਼ ਦਰਸ਼ਨਾਂ ਲਈ ਅਤੇ ਅਰਦਾਸ ਕਰਨ ਆਏ ਹਾਂ। ਇਹ ਕੋਈ ਸਿਆਸੀ ਫੇਰੀ ਨਹੀਂ ਹੈ। ਜਦੋਂ ਅਸੀਂ ਸਿਆਸੀ ਮਕਸਦ ਨਾਲ ਆਵਾਂਗੇ, ਤਾਂ 2027 ਬਾਰੇ ਜ਼ਰੂਰ ਗੱਲ ਕਰਾਂਗੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਜੁਗਲ ਕਿਸ਼ੋਰ ਸ਼ਰਮਾ, ਜਿਲ੍ਹਾ ਕਾਂਗਰਸ ਅੰਮ੍ਰਿਤਸਰ ਦੇ ਪ੍ਰਧਾਨ ਸੌਰਭ ਮਦਾਨ, ਸੰਸਦ ਮੈਂਬਰ ਗੁਰਜੀਤ ਔਜਲਾ ਦੇ ਓਐਸਡੀ ਨਿਤਿਨ ਅਰੋੜਾ ਅਤੇ ਜਿਲ੍ਹਾ ਕਾਂਗਰਸ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵੀ ਮੌਜੂਦ ਰਹੇ।