SSP ਮੁਕਤਸਰ ਵੱਲੋਂ ਫ਼ਰਜ਼ੀ ਲਿੰਕਾਂ, ਵੀਡੀਓ ਅਤੇ ਲਾਲਚੀ ਆਫ਼ਰਾਂ ਤੋਂ ਚੌਕਸ ਰਹਿਣ ਦੀ ਅਪੀਲ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 26 ਦਸੰਬਰ 2025 – ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਨਵੇਂ ਸਾਲ ਦੀ ਆਮਦ ਵਿੱਚ ਹੁਣ ਸਿਰਫ਼ ਚਾਰ ਦਿਨ ਬਾਕੀ ਹਨ ਅਤੇ ਇਸ ਸਮੇਂ ਦੌਰਾਨ ਸਾਈਬਰ ਠੱਗਾਂ ਵੱਲੋਂ ਸੋਸ਼ਲ ਮੀਡੀਆ ਅਤੇ ਮੋਬਾਈਲ ਪਲੇਟਫਾਰਮਾਂ ਰਾਹੀਂ ਫ਼ਰਜ਼ੀ ਲਿੰਕ, ਵੀਡੀਓਜ਼, ਇਨਾਮੀ ਆਫ਼ਰਾਂ ਅਤੇ ਝੂਠੀਆਂ ਸਕੀਮਾਂ ਦੇ ਜ਼ਰੀਏ ਲੋਕਾਂ ਨੂੰ ਵੱਡੇ ਪੱਧਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਨਵੇਂ ਸਾਲ ਦੇ ਨਾਂ ‘ਤੇ “ਲੱਕੀ ਡਰਾਅ”, “ਕੈਸ਼ ਇਨਾਮ”, “ਮੋਬਾਈਲ ਗਿਫ਼ਟ”, “ਬੈਂਕ ਰਿਵਾਰਡ”, “ਕੇਵਾਈਸੀ ਅਪਡੇਟ” ਜਾਂ “ਆਫ਼ਰ ਖਤਮ ਹੋਣ ਤੋਂ ਪਹਿਲਾਂ ਲਿੰਕ ਖੋਲ੍ਹੋ” ਵਰਗੇ ਸੁਨੇਹੇ ਭੇਜੇ ਜਾ ਰਹੇ ਹਨ, ਜਿਨ੍ਹਾਂ ਦੇ ਲਾਲਚ ਵਿੱਚ ਆ ਕੇ ਕਈ ਨਾਗਰਿਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
ਐਸ.ਐਸ.ਪੀ. ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਭੇਜੇ ਜਾ ਰਹੇ ਫ਼ਰਜ਼ੀ ਲਿੰਕ ਜਾਂ ਵੀਡੀਓ ਜਦੋਂ ਕਿਸੇ ਵਿਅਕਤੀ ਵੱਲੋਂ ਖੋਲ੍ਹੇ ਜਾਂਦੇ ਹਨ ਤਾਂ ਉਸ ਨਾਲ ਸੰਬੰਧਤ ਮੋਬਾਈਲ ਫ਼ੋਨ, ਲੈਪਟਾਪ ਜਾਂ ਕੰਪਿਊਟਰ ਸਾਈਬਰ ਹੈਕਿੰਗ ਦਾ ਸ਼ਿਕਾਰ ਹੋ ਸਕਦਾ ਹੈ। ਇਸ ਨਾਲ ਡਿਵਾਈਸ ਵਿੱਚ ਮੌਜੂਦ ਨਿੱਜੀ ਡਾਟਾ ਜਿਵੇਂ ਫੋਟੋਆਂ, ਡਾਕੂਮੈਂਟ, ਕਾਂਟੈਕਟ ਅਤੇ ਐਪਲੀਕੇਸ਼ਨ ਚੋਰੀ ਹੋ ਸਕਦੀਆਂ ਹਨ। ਬੈਂਕ ਖਾਤਿਆਂ, UPI, ਆਨਲਾਈਨ ਵਾਲਟ ਜਾਂ ਡਿਜ਼ੀਟਲ ਭੁਗਤਾਨ ਐਪਸ ਤੋਂ ਰਕਮ ਗੈਰਕਾਨੂੰਨੀ ਤਰੀਕੇ ਨਾਲ ਕੱਢੀ ਜਾ ਸਕਦੀ ਹੈ।
ਡਿਵਾਈਸ ਨੂੰ ਰਿਮੋਟ ਕੰਟਰੋਲ ਰਾਹੀਂ ਕਬਜ਼ੇ ‘ਚ ਲੈ ਕੇ ਅਣਚਾਹੇ ਜਾਂ ਖ਼ਤਰਨਾਕ ਐਪ ਇੰਸਟਾਲ ਕੀਤੇ ਜਾ ਸਕਦੇ ਹਨ। ਐਸ.ਐਸ.ਪੀ. ਨੇ ਵਿਸ਼ੇਸ਼ ਤੌਰ ‘ਤੇ ਚੇਤਾਵਨੀ ਦਿੱਤੀ ਕਿ ਨਵੇਂ ਸਾਲ ਦੇ ਨੇੜੇ ਆਉਂਦੇ ਹੀ ਸਾਈਬਰ ਠੱਗ ਲੋਕਾਂ ਨੂੰ ਵੱਡੇ ਇਨਾਮਾਂ, ਸਸਤੇ ਆਫ਼ਰਾਂ ਅਤੇ ਤੁਰੰਤ ਫਾਇਦੇ ਦੇ ਵਾਅਦਿਆਂ ਨਾਲ ਭਰਮਾਉਂਦੇ ਹਨ। ਅਜਿਹੀਆਂ ਝੂਠੀਆਂ ਪੇਸ਼ਕਸ਼ਾਂ ਦਾ ਇਕੋ ਇਕ ਮਕਸਦ ਲੋਕਾਂ ਦੀ ਨਿੱਜੀ ਜਾਣਕਾਰੀ ਹਾਸਲ ਕਰਨਾ ਜਾਂ ਉਨ੍ਹਾਂ ਨਾਲ ਆਨਲਾਈਨ ਠੱਗੀ ਕਰਨਾ ਹੁੰਦਾ ਹੈ। ਇਸ ਲਈ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਅਣਜਾਣੇ ਨੰਬਰ, ਗੈਰ-ਅਧਿਕਾਰਿਕ ਪੇਜ ਜਾਂ ਸ਼ੱਕੀ ਮੈਸੇਜ ‘ਤੇ ਭਰੋਸਾ ਨਾ ਕੀਤਾ ਜਾਵੇ।
ਐਸ.ਐਸ.ਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ
ਕਦੇ ਵੀ ਕਿਸੇ ਅਣਜਾਣੇ ਜਾਂ ਸ਼ੱਕੀ ਲਿੰਕ, ਵੀਡੀਓ ਜਾਂ QR ਕੋਡ ਨੂੰ ਨਾ ਖੋਲ੍ਹੋ।ਆਪਣੇ ਬੈਂਕ ਖਾਤਿਆਂ ਦੀ ਜਾਣਕਾਰੀ, OTP, PIN ਜਾਂ ਪਾਸਵਰਡ ਕਿਸੇ ਨਾਲ ਵੀ ਸਾਂਝੇ ਨਾ ਕਰੋ।
ਡਿਵਾਈਸ ਵਿੱਚ ਅਪਡੇਟ ਐਂਟੀ-ਵਾਇਰਸ ਅਤੇ ਸੁਰੱਖਿਆ ਐਪਸ ਇੰਸਟਾਲ ਰੱਖੋ। ਉਹਨਾਂ ਕਿਹਾ ਕਿ ਸਾਈਬਰ ਠੱਗੀ ਜਾਂ ਸ਼ੱਕੀ ਗਤੀਵਿਧੀ ਦੀ ਸਥਿਤੀ ਵਿੱਚ ਤੁਰੰਤ 1930 ਸਾਈਬਰ ਹੈਲਪਲਾਈਨ ‘ਤੇ ਸੰਪਰਕ ਕਰੋ ਜਾਂ ਨਜ਼ਦੀਕੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਓ।
ਐਸ.ਐਸ.ਪੀ ਦਾ ਸੰਦੇਸ਼
ਐਸ.ਐਸ.ਪੀ. ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਜਿੱਥੇ ਤਕਨਾਲੋਜੀ ਨੇ ਜੀਵਨ ਸੌਖਾ ਬਣਾਇਆ ਹੈ, ਉੱਥੇ ਹੀ ਅਪਰਾਧੀਆਂ ਨੇ ਵੀ ਨਵੇਂ ਤਰੀਕੇ ਅਪਣਾ ਲਏ ਹਨ। ਸਾਈਬਰ ਠੱਗੀ ਤੋਂ ਬਚਾਅ ਲਈ ਸਾਵਧਾਨੀ ਅਤੇ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ।ਸ੍ਰੀ ਮੁਕਤਸਰ ਸਾਹਿਬ ਪੁਲਿਸ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ।ਨਵੇਂ ਸਾਲ ਦੀ ਖੁਸ਼ੀ ਮਨਾਉਂਦੇ ਹੋਏ ਸਾਈਬਰ ਠੱਗੀ ਅਤੇ ਅਫਵਾਹਾਂ ਤੋਂ ਸਾਵਧਾਨ ਰਹੋ।ਹਰ ਲਿੰਕ, ਹਰ ਮੈਸੇਜ ਅਤੇ ਹਰ ਵੀਡੀਓ ‘ਤੇ ਅੰਧੇ ਵਿਸ਼ਵਾਸ ਨਾ ਕਰੋ।ਕਿਸੇ ਵੀ ਕਿਸਮ ਦੀ ਠੱਗੀ ਜਾਂ ਸ਼ੱਕੀ ਗਤੀਵਿਧੀ ਦੀ ਸਥਿਤੀ ਵਿੱਚ ਤੁਰੰਤ 1930 ‘ਤੇ ਸੰਪਰਕ ਕਰੋ ਜਾਂ ਨਜ਼ਦੀਕੀ ਪੁਲਿਸ ਥਾਣੇ ‘ਚ ਰਿਪੋਰਟ ਦਰਜ ਕਰਵਾਓ।