ਸਰਕਾਰ ਦੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਮਾਨਸਿਕਤਾ ਜੱਗ ਜਾਹਰ ਹੋਈ: ਕੇ. ਐੱਮ. ਐੱਮ. ਭਾਰਤ
ਚੰਡੀਗੜ੍ਹ, 22 ਦਸੰਬਰ 2025: ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਭਾਰਤ ਵੱਲੋਂ ਜਾਣਕਾਰੀ ਦਿੰਦੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਗੁਰਅਮਨੀਤ ਸਿੰਘ ਮਾਂਗਟ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ 20 ਦਸੰਬਰ ਦੀ ਮੀਟਿੰਗ ਦੀ ਲਗਾਤਾਰਤਾ ਵਿੱਚ ਚੰਡੀਗ੍ਹੜ ਦੇ ਪੰਜਾਬ ਭਵਨ ਵਿੱਚ ਹੋਣ ਵਾਲੀ ਮੀਟਿੰਗ ਹੁਣ 30 ਦਸੰਬਰ ਨੂੰ ਤਹਿ ਜਗ੍ਹਾ ਕੇ ਹੋਵੇਗੀ।
ਉਹਨਾ ਕਿਹਾ ਕਿ ਸਰਕਾਰ ਵੱਲੋਂ ਸੰਪਰਕ ਕਰਕੇ ਕੁਝ ਮਸਲਿਆਂ ਨੂੰ ਹੱਲ ਕਰਨ ਲਈ ਹੋਰ ਸਮੇਂ ਦੀ ਲੋੜ ਦਾ ਹਵਾਲਾ ਦੇ ਕੇ ਮੀਟਿੰਗ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਗਈ ਜਿਸ ਤੇ ਕੇ. ਐੱਮ. ਐੱਮ. ਵੱਲੋਂ ਵਰਚੁਅਲ ਮੀਟਿੰਗ ਕਰਨ ਤੋਂ ਬਾਅਦ ਸਮਾਂ ਦੇ ਦਿੱਤਾ ਗਿਆ।
ਉਹਨਾਂ ਕਿਹਾ ਕਿ ਖਨੌਰੀ ਤੇ ਸ਼ੰਭੂ ਦੇ ਕੀਤੇ ਮਾਲੀ ਨੁਕਸਾਨ ਦੀ ਭਰਪਾਈ, ਪਰਾਲੀ ਵਾਲੇ ਕੇਸਾਂ ਦਾ ਨਿਪਟਾਰਾ, ਰੈਡ ਐਂਟਰੀ ਅਤੇ ਜੁਰਮਾਨੇ, ਹੜ੍ਹ ਪ੍ਰਭਾਵਿਤ ਕਿਸਾਨਾਂ ਮਜਦੂਰਾਂ ਲਈ ਕਰਜ਼ਾ ਮਾਫੀ, ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜੇ ਸਮੇਤ ਹੋਰ ਮਸਲਿਆਂ ਤੇ ਅਸੀਂ ਸਰਕਾਰ ਨੂੰ ਕੋਈ ਬਹਾਨਾ ਨਹੀਂ ਦੇਣਾ ਚਾਹੁੰਦੇ। ਉਹਨਾ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਜਨਵਰੀ ਵਿੱਚ ਵਿਧਾਨ ਸਭਾ ਇਜਲਾਸ ਬੁਲਾਉਣ ਜਾ ਰਹੀ ਹੈ, ਉਸ ਇਜਲਾਸ ਦੇ ਵਿੱਚ ਜਿੱਥੇ ਮਨਰੇਗਾ ਤੇ ਵਿਰੁੱਧ ਮਤਾ ਪਾਸ ਕਰ ਰਹੇ ਹਨ ਓਥੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਸਰਕਾਰ ਕੇਂਦਰ ਦੁਆਰਾ ਸੂਬਿਆਂ ਦੇ ਅਧਿਕਾਰ ਖੋਹੇ ਜਾਣ ਦੇ ਵਿਰੁੱਧ, ਬਿਜਲੀ ਸੋਧ ਬਿਲ 2025, ਭਾਰਤ ਅਮਰੀਕਾ ਫ੍ਰੀ ਟਰੇਡ ਸਮਝੌਤੇ, ਸੀਡ ਐਕਟ 2025 ਦੇ ਵਿਰੁੱਧ ਵੀ ਮਤਾ ਪਾਸ ਹੋਣਾ ਚਾਹੀਦਾ ਹੈ।
ਉਹਨਾਂ ਜਾਣਕਾਰੀ ਦਿੱਤੀ ਕਿ ਮਜਦੂਰਾਂ ਦੇ ਰੁਜਗਾਰ ਦੇ ਅਧਿਕਾਰ ਖੇਤਰ ਨੂੰ ਸਿਕੋੜਨ ਦੀ ਕੋਸ਼ਿਸ਼ ਤਹਿਤ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਖਤਮ ਕਰਨ ਲਈ ਫੈਸਲਾ ਕੀਤਾ ਹੈ। ਉਹਨਾ ਕਿਹਾ ਕਿ ਇਸ ਨਾਲ ਸਰਕਾਰ ਦੀ ਕਿਸਾਨ ਅਤੇ ਮਜ਼ਦੂਰ ਵਿਰੋਧੀ ਮਾਨਸਿਕਤਾ ਜੱਗ ਜਾਹਰ ਹੋ ਗਈ ਹੈ। ਉਹਨਾ ਕਿਹਾ ਕਿ ਸਰਕਾਰ ਧਰਮ ਨੂੰ ਢਾਲ ਬਣਾ ਕੇ ਲੋਕਾਂ ਦੇ ਹੱਕ ਮਾਰਨ ਦਾ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇੱਕ ਤਰ੍ਹਾਂ ਕੇਂਦਰ ਸਰਕਾਰ ਨੇ ਨਵੀਂ ਸਕੀਮ ਤਹਿਤ 40% ਫੰਡ ਘਟਾ ਦਿੱਤਾ ਹੈ ਕਿਉਕਿ ਕਰਜ਼ੇ ਦੇ ਜੰਜਾਲ ਵਿੱਚ ਫਸੇ ਰਾਜ ਕਦੀ ਵੀ 30-40 ਹਜ਼ਾਰ ਕਰੋੜ ਦਾ ਬਜਟ ਨਹੀਂ ਰੱਖ ਸਕਦੇ ਸੋ ਬਿਨਾਂ ਇਲਜ਼ਾਮ ਆਪਣੇ ਸਿਰ ਲਏ ਕੇਂਦਰ ਸਰਕਾਰ ਨੇ 40% ਰੁਜਗਾਰ ਖੋਹ ਲਿਆ ਹੈ। ਉਹਨਾ ਦੱਸਿਆ ਕਿ ਕੇ ਐੱਮ ਐੱਮ ਦੇਸ਼ ਦੇ ਮਜਦੂਰਾਂ ਦੇ ਨਾਲ ਖੜ੍ਹਾ ਹੈ ਅਤੇ ਇਸੇ ਦੇ ਚਲਦੇ ਆਪਣਾ ਵਿਰੋਧ ਦਰਜ਼ ਕਰਵਾਉਂਦੇ ਹੋਏ ਕਿਸਾਨ ਮਜ਼ਦੂਰ ਮੋਰਚਾ ਭਾਰਤ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਵਿਰੋਧ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿੱਚ ਪੁਤਲਾ ਫੂਕਿਆ ਗਿਆ ਹੈ।