ਸੂਬਾ ਪੱਧਰੀ ਨਾਟਕ ਮੇਲੇ ਦੇ ਦੂਜੇ ਦਿਨ ਨਾਟਕ ਜੀ ਆਇਆਂ ਨੇ ਟੁੰਬੇ ਦਰਸ਼ਕਾਂ ਦੇ ਦਿਲ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2025 : ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ, ਨਗਰ ਨਿਗਮ ਬਠਿੰਡਾ ਅਤੇ ਨਾਟਿਅਮ ਪੰਜਾਬ ਦੇ ਸਹਿਯੋਗ ਸਦਕਾ ਤਿੰਨ-ਰੋਜ਼ਾ ਰਾਜ-ਪੱਧਰੀ ਨਾਟਕ ਮੇਲੇ ਦੇ ਦੂਜੇ ਦਿਨ ਦਿਲ ਟੁੰਬਵਾਂ ਨਾਟਕ 'ਜੀ ਆਇਆਂ ਨੂੰ' ਖੇਡਿਆ ਗਿਆ। ਭੁਪਿੰਦਰ ਉਤਰੇਜਾ ਦੇ ਲਿਖੇ ਇਸ ਨਾਟਕ ਨੂੰ ਟੀਮ ਨਟਰੰਗ ਅਬੋਹਰ ਨੇ ਹਨੀ ਉਤਰੇਜਾ ਦੇ ਨਿਰਦੇਸ਼ਨ ਹੇਠ ਖੇਡਿਆ। ਨਾਟਕ ਵਿੱਚ ਵਡੇਰੀ ਉਮਰ ਵਿੱਚ ਬਜ਼ੁਰਗਾਂ ਵੱਲੋਂ ਹੰਢਾਏ ਜਾਂਦੇ ਇਕੱਲਤਾ ਦੇ ਦੁਖਾਂਤ ਨੂੰ ਬੜੀ ਸੰਜੀਦਗੀ ਨਾਲ ਦਰਸਾਇਆ ਗਿਆ।
ਕਹਾਣੀ ਵਿੱਚ ਜੀਵਨ ਸਾਥੀ ਦੇ ਜਾਣ ਮਗਰੋਂ ਜਦੋਂ ਬੱਚੇ ਵੀ ਪਰਦੇਸ ਜਾਂ ਹੋਰ ਕੰਮਾਂ-ਧੰਦਿਆਂ ਕਰਕੇ ਪਿੱਛੇ ਇੱਕਲੇ ਰਹਿ ਗਏ ਪਿਉ ਜਾਂ ਮਾਂ ਤੋਂ ਮੁਖ ਮੋੜ ਲੈਣ ਤਾਂ ਉਸ ਸਮੇਂ ਮਾਪਿਆਂ ਨੂੰ ਜੋ ਦੁਖਾਂਤ ਹੰਢਾਉਣਾ ਪੈਂਦਾ ਹੈ, ਉਸ ਦੁਖਾਂਤ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ। ਨਾਟਕ ਦੌਰਾਨ ਦਰਸ਼ਕ ਬਹੁਤ ਵਾਰ ਭਾਵੁਕ ਹੋਏ ਤੇ ਤਾੜੀਆਂ ਨਾਲ ਅਦਾਕਾਰਾਂ ਦੀ ਵੀ ਹੌਂਸਲਾ-ਅਫ਼ਜ਼ਾਈ ਕੀਤੀ।
ਨਾਟ-ਉਤਸਵ ਦੇ ਦੂਸਰੇ ਦਿਨ ਸਕੱਤਰ ਆਰ.ਟੀ.ਏ. ਸ. ਗਗਨਦੀਪ ਸਿੰਘ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਪੰਕਜ ਬਾਂਸਲ ਅਤੇ ਭਾਸ਼ਾ ਵਿਭਾਗ ਪੰਜਾਬ ਤੋਂ ਸਹਾਇਕ ਡਾਇਰੈਕਟਰ ਸ. ਤਜਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ।
ਇਸ ਮੌਕੇ ਸ. ਤਜਿੰਦਰ ਸਿੰਘ ਗਿੱਲ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਨਾਟ-ਉਤਸਵ ਸਬੰਧੀ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੀ ਭਾਸ਼ਾ ਦੀ ਪ੍ਰਫੁੱਲਤਾ ਪ੍ਰਤੀ ਵਚਨਬੱਧਤਾ ਦੁਹਰਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੂੰ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ। ਅੰਤ ਵਿੱਚ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।ਇਸ ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸ਼੍ਰੀ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਓਪਨ ਮਾਈਕ ਸੈਸ਼ਨ ਵਿੱਚ ਵੀ ਦਰਸ਼ਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਨੇ ਨਿਭਾਈ।
ਇਸ ਰਾਜ-ਪੱਧਰੀ ਨਾਟ-ਮੇਲੇ ‘ਚ ਸਹਿਯੋਗ ਕਰ ਰਹੀ ਨਾਟਿਅਮ ਪੰਜਾਬ ਟੀਮ ਦੇ ਪ੍ਰਧਾਨ ਮੈਡਮ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ, ਨਾਟਿਅਮ ਵਿੱਤ ਸਕੱਤਰ ਓ.ਪੀ.ਚਾਵਲਾ ਇਸ ਸਮਾਰੋਹ ਨੂੰ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।
ਇਸ ਮੌਕੇ ਮੈਡਮ ਮਾਲਵਿੰਦਰ ਕੌਰ ਡਾਇਰੈਕਟਰ ਸਿਲਵਰ ਓਕਸ ਸਕੂਲ ਐਡਵੋਕੇਟ ਸਰਬੱਤ ਸਿੰਘ ਬਰਾੜ, ਗੁਰਲਾਲ ਸਿੰਘ ਸਰਾਂ, ਪ੍ਰਿੰਸੀਪਲ ਨੀਲਮ ਵਰਮਾ, ਪ੍ਰਿੰਸੀਪਲ ਜਸਵਿੰਦਰ ਸੰਧੂ, ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਅਨਿਲ ਕੁਮਾਰ, ਸ਼ੁਭਮ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਰਮੇਸ਼ ਸੇਠੀ ਬਾਦਲ, ਮਲਕੀਤ ਸਿੰਘ ਮਛਾਣਾ ਅਤੇ ਸਮੂਹ ਨਾਟਿਅਮ ਆਰਟਿਸਟ ਮੌਜੂਦ ਸਨ।