ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ, ਸਿੰਡੇਕੇਟ ਭੰਗ ਕਰਨਾ ਨਾਦਰ ਸ਼ਾਹੀ ਫੁਰਮਾਨ ਕਰਾਰ
ਪੰਜਾਬ ਵਿੱਚ ਕਾਰੀਗਰੀ, ਮਿਹਨਤ ਸਾਂਝੇ ਪੱਖ ਅਤੇ ਸਥਾਨਕ ਸ਼ਕਤੀ ਨੂੰ ਮੁੜ ਜਗਾਉਣ ਦੀ ਲੋੜ ਹੈ – ਸਤਨਾਮ ਸਿੰਘ ਮਾਣਕ
ਪੰਜਾਬ ਦੀ ਮੁਕਤੀ ਸੁੱਚੇ ਸਰਬੱਤ ਦਾ ਭਲਾ ਮੰਗਣ ਵਾਲੇ ਸਭਿਆਚਾਰ ਦੀ ਪੁਨਰ ਸੁਰਜੀਤੀ ਨਾਲ ਹੀ ਹੋ ਸਕਦੀ ਹੈ – ਡਾ. ਸਵਰਾਜ ਸਿੰਘ
Gurmit Palahi
ਫਗਵਾੜਾ, 3 ਨਵੰਬਰ : ਫਗਵਾੜਾ ਵਿਖੇ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.) ਪੰਜਾਬ ਦੀ ਮਹੱਤਵਪੂਰਨ ਬੈਠਕ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਭੰਗ ਕਰ ਕੇ ਪ੍ਰਸ਼ਾਸਕੀ ਢਾਂਚੇ ਵਿੱਚ 5 ਨਵੰਬਰ ਤੋਂ ਕੀਤੀ ਜਾ ਰਹੀ ਤਬਦੀਲੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਹਾਜ਼ਰ ਬੁੱਧੀਜੀਵੀਆਂ ਨੇ ਇਸ ਨਾਦਰਸ਼ਾਹੀ ਫ਼ਰਮਾਨ ਨੂੰ ਪੰਜਾਬ ਦੇ ਹੱਕਾਂ ਉੱਤੇ ਸਿੱਧਾ ਡਾਕਾ, ਪੰਜਾਬ ਦੀ ਪਛਾਣ 'ਤੇ ਹਮਲਾ ਕਰਾਰ ਦਿੱਤਾ ਅਤੇ ਇਸ ਧੱਕੇਸ਼ਾਹੀ ਦੇ ਖਿਲਾਫ਼ ਸਰਬਸੰਮਤੀ ਨਾਲ਼ ਮਤਾ ਪਾਸ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕੀਤੀ ਅਤੇ ਇਸ ਮੀਟਿੰਗ ਵਿੱਚ ਉੱਘੇ ਪੱਤਰਕਾਰ ਅਤੇ ਕਾਲਮਨਵੀਸ ਨਰਪਾਲ ਸਿੰਘ ਸ਼ੇਰਗਿੱਲ, ਸਤਨਾਮ ਸਿੰਘ ਮਾਣਕ, ਡਾ. ਸਵਰਾਜ ਸਿੰਘ ਤੇ ਬਲਵੀਰ ਸਿੰਘ ਮਾਧੋਪੁਰੀ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਕਾਲਮ ਨਵੀਸ ਪੱਤਰਕਾਰਾਂ ਨੇ ਸ਼ਿਰਕਤ ਕੀਤੀ।
ਪੰਜਾਬ ਦਿਵਸ ਮੌਕੇ ਇਸ ਚਰਚਾ ਵਿੱਚ ਪੰਜਾਬ, ਪੰਜਾਬੀ ਅਤੇ ਪਰਵਾਸ ਵਿਸ਼ੇ ਉੱਤੇ ਵੀ ਚਰਚਾ ਹੋਈ ਅਤੇ ਹਾਜ਼ਰ ਬੁੱਧੀਜੀਵੀਆਂ ਵਲੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ।
ਸਤਨਾਮ ਮਾਣਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਂਝੀ ਤਰੱਕੀ ਅਤੇ ਸਰਬੱਤ ਦਾ ਭਲਾ ਅਜੇ ਵੀ ਸਾਡੇ ਸਮਾਜ ਵਿੱਚ ਪੂਰੀ ਤਰ੍ਹਾਂ ਨਜ਼ਰ ਨਹੀਂ ਆਇਆ। ਉਹਨਾਂ ਨੇ ਇਤਿਹਾਸਕ ਸੰਘਰਸ਼ਾਂ, ਪਰਵਾਸੀ ਸਫ਼ਰ, ਸਿੱਖ ਧਰਮ ਦੀ ਵਿਸ਼ਵ–ਦਰਸ਼ਨ ਸ਼ਕਤੀ, ਵਰਗ–ਸੰਘਰਸ਼, ਜਾਤ–ਚੇਤਨਾ, ਪ੍ਰਵਾਸੀ ਅਨੁਭਵਾਂ ਅਤੇ ਸਮਾਜਕ–ਰਾਜਨੀਤਿਕ ਅਸਮਾਨਤਾਵਾਂ ਨੂੰ ਰੋਸ਼ਨੀ ਵਿੱਚ ਲਿਆਉਂਦੇ ਹੋਏ ਜ਼ੋਰ ਦਿੱਤਾ ਕਿ ਪੰਜਾਬੀ ਪਛਾਣ ਦੀ ਰੱਖਿਆ, ਭਵਿੱਖ ਦੀ ਪੀੜ੍ਹੀ ਲਈ ਨਿਆਂਪੂਰਨ, ਸਥਾਈ ਅਤੇ ਲੋਕ–ਕੇਂਦਰਿਤ ਵਿਕਾਸ ਮਾਡਲ ਦੀ ਤਿਆਰੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।ਸਿੱਖ ਫ਼ਲਸਫ਼ੇ ਦਾ "ਸਰਬੱਤ ਦਾ ਭਲਾ" ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਅਤੇ ਸਮਾਜਕ ਬਦਲਾਅ ਅਧੂਰਾ ਹੈ। ਡਾ. ਅੰਬੇਦਕਰ ਤੋਂ ਕਮਿਊਨਿਸਟ ਅੰਦੋਲਨਾਂ ਤੱਕ ਲੜੀਆਂ ਗਈਆਂ ਜੰਗਾਂ ਦੇ ਬਾਵਜੂਦ, ਸਮਾਜ ਵਿੱਚ ਅਜੇ ਵੀ ਸਮਾਨਤਾ ਅਤੇ ਨਿਆਂ ਲਈ ਸੰਘਰਸ਼ ਜਾਰੀ ਹੈ। ਆਪਣੇ ਪਰਵਾਸੀ ਪਰਿਵਾਰਕ ਇਤਿਹਾਸ ਨੂੰ ਯਾਦ ਕਰਦਿਆਂ ਜ਼ੋਰ ਦਿੱਤਾ ਕਿ ਹਰ ਘਰ ਵਿੱਚ ਇੱਕ ਜੰਗ, ਇੱਕ ਜ਼ਮੀਰ, ਅਤੇ ਇੱਕ ਕਹਾਣੀ ਹੁੰਦੀ ਹੈ। ਉਹਨਾਂ ਨੇ ਕਾਰੀਗ਼ਰੀ, ਮਿਹਨਤ, ਸਾਂਝੇ ਪੱਖ ਅਤੇ ਸਥਾਨਕ ਸ਼ਕਤੀ ਨੂੰ ਮੁੜ ਜਗਾਉਣ ਦੀ ਅਪੀਲ ਕੀਤੀ। ਪਿੰਡਾਂ ਵਿੱਚ ਆਤਮ–ਨਿਰਭਰਤਾ, ਸਾਂਝੇ ਸੰਸਾਧਨ, ਮਾਣ–ਮਰਿਆਦਾ ਅਤੇ ਨੌਜਵਾਨੀ ਦਾ ਨਵਾਂ ਚੇਤਨ ਮੰਚ ਬਣਾਉਣ ਦੀ ਲੋੜ 'ਤੇ ਵੀ ਗੱਲ ਕੀਤੀ।ਇਨਕਲਾਬ ਸਿਰਫ਼ ਕਾਗ਼ਜ਼ਾਂ 'ਤੇ ਨਹੀਂ, ਜੀਵਨ ਵਿੱਚ ਦਿੱਖਣਾ ਚਾਹੀਦਾ ਹੈ।
ਡਾ. ਸਵਰਾਜ ਸਿੰਘ ਨੇ ਪੰਜਾਬ ਦੇ ਬਦਲਦੇ ਸਮਾਜਿਕ - ਸੱਭਿਆਚਾਰਕ ਨਜ਼ਰੀਏ 'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਹਰਾ ਇਨਕਲਾਬ ਦਰਅਸਲ ਵਿਰੋਧੀ ਇਨਕਲਾਬ ਸੀ, ਜਿਸ ਨੇ ਧਨ ਤਾਂ ਦਿੱਤਾ ਪਰ ਪੰਜਾਬੀਅਤ, ਤਹਿਜ਼ੀਬ ਅਤੇ ਨੈਤਿਕਤਾ ਖੋਹ ਲਈ। ਉਹਨਾਂ ਨੇ ਮੌਜੂਦਾ ਪਰਵਾਸ ਨੂੰ ਬਨਵਾਸ ਕਰਾਰ ਦਿੰਦਿਆਂ ਕਿਹਾ ਕਿ ਧਨ ਦੀ ਦੌੜ ਨੇ ਰਿਸ਼ਤੇ, ਸਿੱਖੀ ਦੇ ਆਦਰਸ਼ ਅਤੇ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਦੀ ਸੋਚ ਨੂੰ ਕਮਜ਼ੋਰ ਕੀਤਾ ਅਤੇ ਮਨੁੱਖੀ ਮੁੱਲਾਂ ,ਨੈਤਿਕ ਕਦਰਾਂ - ਕੀਮਤਾਂ ਨੂੰ ਹਿਲਾ ਦਿੱਤਾ।ਉਹਨਾਂ ਸਿੱਖੀ ਸਮੇਤ ਨੈਤਿਕ ਪਤਨ 'ਤੇ ਕਰਾਰੀ ਚੋਟ ਕਰਦਿਆਂ ਚੇਤਾਵਨੀ ਦਿੱਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ-ਕੇਂਦਰਿਤ ਵਿਚਾਰਧਾਰਾ ਤੋਂ ਹੱਟ ਕੇ ਸਿਰਫ਼ ਰਸਮਾਂ ਅਤੇ ਸੰਸਥਾਈ ਹਿਸਾਬ - ਕਿਤਾਬ ਤੱਕ ਸੀਮਤ ਹੋ ਗਏ ਹਾਂ ਅਤੇ ਅੱਜ ਪੰਜਾਬ ਦੀ ਮੁਕਤੀ ਬੌਧਿਕ ਜਾਗਰੂਕਤਾ, ਨੈਤਿਕ ਮੁੱਲਾਂ, ਸੱਚੇ ਲੋਕ-ਸਰੋਕਾਰਾਂ ਅਤੇ ਸੱਚੇ - ਸੁੱਚੇ ਸਰਬੱਤ ਦਾ ਭਲਾ ਮੰਗਣ ਵਾਲੇ ਸੱਭਿਆਚਾਰ ਦੀ ਪੁਨਰ ਸੁਰਜੀਤੀ ਵਿੱਚ ਹੈ।
ਅਵਤਾਰ ਸਿੰਘ,ਬਲਬੀਰ ਸਿੰਘ ਮਾਧੋਪੁਰੀ, ਗੁਰਵਿੰਦਰ ਸਿੰਘ ਮਾਣਕ, ਸੁਮਨਦੀਪ ਸਿੰਘ, ਰਵਿੰਦਰ ਚੋਟ,ਗਿਆਨ ਸਿੰਘ,ਐਡਵੋਕੇਟ ਐੱਸ. ਐੱਲ. ਵਿਰਦੀ, ਨਰਪਾਲ ਸਿੰਘ ਸ਼ੇਰਗਿੱਲ,ਦੀਦਾਰ ਸਿੰਘ ਸ਼ੇਤਰਾ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪਛਾਣ ਦੀ ਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਮੀਟਿੰਗ ਵਿੱਚ ਪੰਜਾਬੀ ਪਾਠਕਾਂ, ਪਰਵਾਸੀਆਂ ਦੇ ਮੁੱਦੇ, ਸਮਾਜਿਕ ਜ਼ਿੰਮੇਵਾਰੀ, ਵਿਚਾਰਧਾਰਕ ਵਿਰਾਸਤ ਅਤੇ ਜਨ-ਜਾਗਰੂਕਤਾ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਵਿਚਾਰ ਪੇਸ਼ ਕੀਤੇ ਗਏ। ਵਿਦਵਾਨਾਂ ਨੇ ਜ਼ੋਰ ਦਿੱਤਾ ਕਿ ਭਾਵੇਂ ਚੁਣੌਤੀਆਂ ਵੱਡੀਆਂ ਹਨ, ਪਰ ਸਾਂਝੀ ਅਵਾਜ਼ ਅਤੇ ਜ਼ਿੰਮੇਵਾਰ ਸੋਚ ਪੰਜਾਬੀਅਤ ਦਾ ਭਵਿੱਖ ਰੋਸ਼ਨ ਕਰ ਸਕਦੀ ਹੈ।
ਇਸ ਮੌਕੇ ਪ੍ਰਸਿੱਧ ਪੱਤਰਕਾਰ ਗੁਰਬਿੰਦਰ ਸਿੰਘ ਮਾਣਕ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਦੇਵ ਰਾਜ ਕੋਮਲ, ਸੋਹਣ ਸਹਿਜਲ, ਅਸ਼ਵਨੀ ਚਥਰਥ, ਮਨਦੀਪ ਸਿੰਘ, ਪਰਵਿੰਦਰਜੀਤ ਸਿੰਘ, ਜਪਜੀਤ ਸਿੰਘ, ਕਮਲੇਸ਼ ਸੰਧੂ ਆਦਿ ਹਾਜ਼ਰ ਸਨ।