ਬੀ.ਐਸ.ਐਫ. ਦੇ ਡੀ.ਆਈ.ਜੀ. ਵੱਲੋਂ ਯੂਨਾਈਟਿਡ ਸਿੱਖਜ਼ ਦੀ ‘ਮਹਾਨ ਸੇਵਾ’ ਦੀ ਪ੍ਰਸ਼ੰਸਾ
ਫਿਰੋਜ਼ਪੁਰ (ਪੰਜਾਬ), 3 ਨਵੰਬਰ 2025:
ਬੀ.ਐਸ.ਐਫ. (ਪੰਜਾਬ ਫਰੰਟੀਅਰ) ਫਿਰੋਜ਼ਪੁਰ ਦੇ ਡਿਪਟੀ ਇੰਸਪੈਕਟਰ ਜਨਰਲ ਵਿਜੈ ਰਾਣਾ ਨੇ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੇਵਾ ਭਾਵ ਨਾਲ ਕੰਮ ਕਰ ਰਹੇ ਯੂਨਾਈਟਿਡ ਸਿੱਖਜ਼ ਦੇ ਸੇਵਾਦਾਰਾਂ ਦੇ ਮਨੁੱਖਤਾ ਭਰੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਅੱਜ ਯੂਨਾਈਟਿਡ ਸਿੱਖਜ਼ ਦੇ ਮੁਖੀ ਸੁਖਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਖ਼ਾਸ ਮੁਲਾਕਾਤ ਤੋਂ ਬਾਅਦ ਵਿਜੈ ਰਾਣਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਯੂਨਾਈਟਿਡ ਸਿੱਖਜ਼ ਦੇ ਸੇਵਾਦਾਰਾਂ ਨੇ ਬੀ.ਐਸ.ਐਫ. ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਮਿਲ ਕੇ ਫਿਰੋਜ਼ਪੁਰ ਜ਼ਿਲ੍ਹੇ ਸਮੇਤ ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਨੂੰ ਖਾਣ-ਪੀਣ ਦੀਆਂ ਵਸਤਾਂ, ਪੀਣ ਵਾਲਾ ਪਾਣੀ, ਕੱਪੜੇ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਕਿਸ਼ਤੀਆਂ ਆਦਿ ਤੁਰੰਤ ਉਪਲਬਧ ਕਰਵਾਈਆਂ।
ਇਸ ਮੌਕੇ ਯੂਨਾਈਟਿਡ ਸਿੱਖਜ਼ ਦੇ ਮੁਖੀ ਸੁਖਵਿੰਦਰ ਸਿੰਘ ਨੇ ਬੀ.ਐਸ.ਐਫ. ਦੇ ਅਧਿਕਾਰੀਆਂ ਅਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ-ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਮਨੁੱਖਤਾ ਸੇਵਾ ਦੇ ਇਸ ਅਭਿਆਨ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਨੇ ਯੂਨਾਈਟਿਡ ਸਿੱਖਜ਼ ਦੀ ਕੀਤੀ ਜਾ ਰਹੀ ਕੀਮਤੀ ਸਹਾਇਤਾ ਨੂੰ ਦੇਖਦਿਆਂ ਜ਼ਿਲ੍ਹੇ ਦੇ ਗਿਆਰਾਂ ਹੜ੍ਹ-ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਤੇ ਮੁੱਢਲੀਆਂ ਸਿਹਤ ਸੁਵਿਧਾਵਾਂ ਦੀ ਜ਼ਿੰਮੇਵਾਰੀ ਸੰਸਥਾ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੇਵਾਦਾਰ ਇਸ ਸੇਵਾ ਨੂੰ ਬਹੁਤ ਹੀ ਸਮਰਪਣ ਤੇ ਕੁਸ਼ਲਤਾ ਨਾਲ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੂਨਾਈਟਿਡ ਸਿੱਖਜ਼ ਵੱਲੋਂ ਸ਼ੁਰੂ ਕੀਤੇ ਇਸ ਵੱਡੇ ਕੰਮ, ਜਿਸਦਾ ਮੰਤਵ ਇਨ੍ਹਾਂ ਗਿਆਰਾਂ ਪਿੰਡਾਂ ਦੇ ਵਾਸੀਆਂ ਨੂੰ ਖੁਦ-ਨਿਰਭਰ ਬਣਾਉਣਾ ਹੈ, ਦੇ ਤਹਿਤ ਖੇਤਾਂ ਦੀ ਸਫ਼ਾਈ, ਡੀਜ਼ਲ, ਬੀਜ, ਖਾਦਾਂ ਤੇ ਦਵਾਈਆਂ ਦੀ ਸਪਲਾਈ, ਨਵੇਂ ਘਰਾਂ ਦਾ ਨਿਰਮਾਣ, ਸਕੂਲ ਦੇ ਬੱਚਿਆਂ ਲਈ ਨਵੀਆਂ ਵਰਦੀਆਂ, ਕਿਤਾਬਾਂ ਅਤੇ ਕਾਪੀਆਂ ਦੇ ਨਾਲ ਨਾਲ ਗਰਮ ਕੱਪੜੇ, ਕੰਬਲ, ਦਵਾਈਆਂ ਤੇ ਰਾਸ਼ਨ ਉਪਲਬਧ ਕਰਵਾਉਣਾ ਆਦਿ ਸ਼ਾਮਲ ਹੈ। ਇਹ ਸਭ ਕੰਮ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜਾਰੀ ਹਨ।
ਇਸ ਮੌਕੇ ਕਈ ਬੀ.ਐਸ.ਐਫ. ਅਧਿਕਾਰੀ ਅਤੇ ਯੂਨਾਈਟਿਡ ਸਿੱਖਜ਼ ਦੇ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।