ਹੇਸਟਿੰਗਜ਼ ਤੋਂ ਪੰਜਾਬੀ ਨੂੰ ਹੁਲਾਰਾ : ‘ਪੰਜਾਬੀ ਭਾਸ਼ਾ ਹਫ਼ਤੇ’ ਮੌਕੇ ਸਾਂਸਦ, ਮੇਅਰ, ਡਿਪਟੀ ਮੇਅਰ, ਲਾਇਬ੍ਰੇਰੀਅਨ ਤੇ ਏਥਨਿਕ ਮੰਤਰਾਲੇ ਤੋਂ ਅਧਿਕਾਰੀ ਪਹੁੰਚੇ
-ਸਥਾਨਿਕ ਭਾਈਚਾਰੇ ਦੀ ਭਰਵੀਂ ਹਾਜ਼ਰੀ ਨੇ ਪੰਜਾਬੀ ਨਾਲ ਜੁੜੇ ਰਹਿਣ ਦਾ ਪ੍ਰਣ ਕੀਤਾ
-ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਅਕਾਲ ਰਾਈਡਰਜ਼ ਦਾ ਸਫਲ ਉਦਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 3 ਨਵੰਬਰ 2025-ਹਾਕਸੇ ਬੇਅ ਖੇਤਰ ਦੇ ਸ਼ਹਿਰ ਹੇਸਟਿੰਗਜ਼ ਵਿਖੇ ਜਿੱਥੇ ਇਸ ਸਾਲ ਗੁਰਦੁਆਰਾ ਸਾਹਿਬ ਆਪਣੀ 26ਵੀਂ ਸਾਲਗਿਰਾ ਮਨਾ ਰਿਹਾ ਹੈ, ਉਥੇ ਗੁਰੂਆਂ ਦੀ ਬਾਣੀ ਨੂੰ ਗੁਰਮੁਖੀ ਜ਼ਰੀਏ ਪੜ੍ਹਨ ਸਮਝਣ ਦੇ ਲਈ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨਾ ਵੀ ਇਕ ਅਹਿਮ ਜ਼ਿੰਮੇਵਾਰੀ ਵਾਂਗ ਹੈ। ਪੰਜਾਬੀ ਦਾ ਬੋਲਣ, ਲਿਖਣ ਅਤੇ ਪੜ੍ਹਨ ਵਿਚ ਵਰਤਾਰਾ ਬਣਿਆ ਰਹੇ, ਇਸ ਉਦੇਸ਼ ਦੇ ਨਾਲ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਅਕਾਲ ਰਾਈਡਰਜ਼ ਨੇ ਅਜ ਸਫਲ ਉਦਮ ਕਰਦਿਆਂ ਛੇਵਾਂ ਪੰਜਾਬੀ ਭਾਸ਼ਾ ਹਫਤਾ ਬੜੇ ਸ਼ਾਨ ਨਾਲ ਭਾਈਚਾਰੇ ਸੰਗ ਮਨਾਇਆ।

ਤੋਇਤੋਇ ਈਵੈਂਟ ਸੈਂਟਰ ਵਿਖੇ ਹੋਏ ਇਸ ਸਮਾਗਮ ਦੇ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵਿੱਚ ਕੈਥਰੀਨ ਵੇਡ (ਐਮਪੀ ਟੁਕੀਟੁਕੀ), ਵੇਂਡੀ ਸਕੋਲਮ (ਮੇਅਰ ਹੈਸਟਿੰਗਜ਼), ਮਾਈਕਲ ਫਾਊਲਰ (ਡਿਪਟੀ ਮੇਅਰ ਹੈਸਟਿੰਗਜ਼) ਅਤੇ ਸੈਲੀ ਕ੍ਰਾਊਨ (ਡਿਪਟੀ ਮੇਅਰ ਨੇਪੀਅਰ) ਸ਼ਾਮਲ ਸਨ, ਲਾਇਬ੍ਰੇਰੀਅਨ, ਏਥਨਿਕ ਅਤੇ ਸੋਸ਼ਲ ਮੰਤਰਾਲੇ ਪ੍ਰਤੀਨਿਧੀ ਵੀ ਹਾਜ਼ਰ ਸਨ। ਮਹਿਲਾ ਮੈਂਬਰਾਂ ਪੰਜਾਬੀ ਸੂਟ ਦੇ ਵਿਚ ਆਈਆਂ ਤਾਂ ਕਿ ਪੰਜਾਬੀ ਸਭਿਆਚਾਰ ਦੇ ਨਾਲ ਸਾਂਝ ਬਣਾ ਕੇ ਹੋਰ ਅਪਣੱਤ ਮਹਿਸੂਸ ਕਰਵਾਉਣ।
ਇਹ ਸਮਾਗਮ ਨਿਊਜ਼ੀਲੈਂਡ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਭਾਸ਼ਾਵਾਂ ਵਿੱਚੋਂ ਇੱਕ ‘ਪੰਜਾਬੀ’ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਸਮਰਪਿਤ ਸੀ। ਇਸ ਸਮਾਗਮ ਵਿੱਚ 300 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਬੱਚਿਆਂ ਦੀ ਵੱਡੀ ਸ਼ਮੂਲੀਅਤ ਅਤੇ ਸ਼ਾਨਦਾਰ ਸੱਭਿਆਚਾਰਕ ਪੰਜਾਬੀ ਪੇਸ਼ਕਾਰੀਆਂ ਸ਼ਾਮਲ ਸਨ, ਜਿਵੇਂ ਕਿ ਭੰਗੜਾ, ਗਿੱਧਾ, ਰਵਾਇਤੀ ਸੰਗੀਤ ਅਤੇ ਸੁਰੀਲੇ ਪੰਜਾਬੀ ਗੀਤ।
ਆਯੋਜਕ ਸੁਖਦੀਪ ਸਿੰਘ, ਜੋ ਕਿ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਇੰਕ ਅਤੇ ਅਕਾਲ ਰਾਈਡਰਜ਼ ਐਨਜ਼ੀ ਦੇ ਚੇਅਰ ਹਨ, ਨੇ ਦਿਲੋਂ ਧੰਨਵਾਦ ਪ੍ਰਗਟ ਕਰਦਿਆ ਕਿਹਾ ਕਿ ‘‘ ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦਾ ਹਾਂ ਜੋ ਅੱਜ ਦੇ ਸਮਾਗਮ ਵਿੱਚ ਸ਼ਾਮਿਲ ਹੋਏ। ਸਾਡੇ ਮਹਿਮਾਨ, ਪੇਸ਼ਕਾਰ, ਦਰਸ਼ਕ, ਪੰਜਾਬੀ ਸਕੂਲ ਦੇ ਅਧਿਆਪਕ ਅਤੇ ਪੂਰਾ ਪੰਜਾਬੀ ਭਾਈਚਾਰਾ, ਜੋ ਇਸ ਪੰਜਾਬੀ ਭਾਸ਼ਾ ਹਫ਼ਤੇ ਨੂੰ ਮਨਾਉਣ ਲਈ ਇਕੱਠਾ ਹੋਇਆ। ਖ਼ਾਸ ਤੌਰ ਤੇ ਹੇਸਟਿੰਗਜ਼ ਸਿੱਖ ਸੋਸਾਇਟੀ, ਸ਼੍ਰੀ ਗੁਰੂ ਰਵਿਦਾਸ ਮੰਦਰ ਹੇਸਟਿੰਗਜ਼, ਅਤੇ ਹੇਸਟਿੰਗਜ਼ ਪੰਜਾਬੀ ਸਕੂਲ ਦਾ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਸ਼ਾਨਦਾਰ ਸਹਿਯੋਗ ਦਿੱਤਾ।’’
ਸਹਿ-ਆਯੋਜਕ ਮਨਜੀਤ ਸੰਧੂ ਨੇ ਕਿਹਾ ਕਿ “ਸਾਨੂੰ ਭਾਈਚਾਰੇ ਵੱਲੋਂ ਮਿਲੇ ਹੁੰਗਾਰੇ ਨੇ ਹੈਰਾਨ ਕਰ ਦਿੱਤਾ। ਬੱਚਿਆਂ ਦੀ ਆਪਣੇ ਸਭਿਆਚਾਰ ਨੂੰ ਪੇਸ਼ ਕਰਨ ਅਤੇ ਪੇਸ਼ਕਾਰੀਆਂ ਵਿੱਚ ਹਿੱਸਾ ਲੈਣ ਦੀ ਇੱਛਾ ਕਾਬਿਲ-ਏ-ਤਾਰੀਫ਼ ਸੀ।”’’0
ਪੰਜਾਬੀ ਭਾਸ਼ਾ ਹਫ਼ਤਾ ਮਨਾਉਣਾ ਕਿਉਂ ਜ਼ਰੂਰੀ ਹੈ?
ਪੰਜਾਬੀ ਭਾਸ਼ਾ ਹਫ਼ਤਾ ਸਿਰਫ਼ ਇੱਕ ਸੱਭਿਆਚਾਰਕ ਸਮਾਗਮ ਨਹੀਂ—ਇਹ ਇੱਕ ਅੰਦੋਲਨ ਹੈ ਜੋ ਪੰਜਾਬੀ ਭਾਸ਼ਾ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਹੈ। ਭਾਸ਼ਾ ਸਾਡੀ ਪਹਿਚਾਣ ਅਤੇ ਵਿਰਾਸਤ ਦਾ ਕੇਂਦਰ ਹੈ; ਇਹ ਸਾਡੀਆਂ ਕਹਾਣੀਆਂ, ਰਵਾਇਤਾਂ ਅਤੇ ਮੁੱਲਾਂ ਨੂੰ ਸੰਭਾਲਦੀ ਹੈ। ਇਸ ਹਫ਼ਤੇ ਨੂੰ ਮਨਾਉਣ ਨਾਲ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਬੱਚੇ ਇਸ ਭਾਸ਼ਾ ਨੂੰ ਮਾਣ ਨਾਲ ਸਿੱਖਣ, ਪੀੜ੍ਹੀਆਂ ਵਿਚਕਾਰ ਰਿਸ਼ਤੇ ਮਜ਼ਬੂਤ ਹੋਣ ਅਤੇ ਆਪਣੀ ਸੰਸਕ੍ਰਿਤੀ ਨੂੰ ਵੱਡੇ ਭਾਈਚਾਰੇ ਨਾਲ ਸਾਂਝਾ ਕਰ ਸਕਣ। ਨਿਊਜ਼ੀਲੈਂਡ ਵਿੱਚ 49,000 ਤੋਂ ਵੱਧ ਪੰਜਾਬੀ ਬੋਲਣ ਵਾਲੇ ਹਨ, ਜੋ ਸਾਡੇ ਭਾਈਚਾਰੇ ਦੀ ਰੌਣਕ ਅਤੇ ਵਾਧੇ ਨੂੰ ਦਰਸਾਉਂਦੇ ਹਨ।
ਅੱਗੇ ਦੀਆਂ ਗਤੀਵਿਧੀਆਂ:
ਇਹ ਸਮਾਗਮ ਇੱਥੇ ਖ਼ਤਮ ਨਹੀਂ ਹੁੰਦਾ! ਹੈਸਟਿੰਗਜ਼ ਅਤੇ ਨੇਪੀਅਰ ਲਾਇਬ੍ਰੇਰੀਆਂ ਵਿੱਚ ਅਗਲੇ ਹਫ਼ਤੇ ਹੋਰ ਗਤੀਵਿਧੀਆਂ ਹੋਣਗੀਆਂ, ਜਿੱਥੇ ਪਰਿਵਾਰ ਅਤੇ ਵਿਅਕਤੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਹੋਰ ਜੁੜ ਸਕਣਗੇ।
ਸਪਾਂਸਰ ਅਤੇ ਸਾਥੀਆਂ ਦਾ ਧੰਨਵਾਦ:
ਮਿਨਿਸਟਰੀ ਆਫ਼ ਐਥਨਿਕ ਕਮਿਊਨਿਟੀਜ਼, ਈਸਟਰਨ ਐਂਡ ਸੈਂਟਰਲ ਕਮਿਊਨਿਟੀ ਟਰੱਸਟ (533“) ੍ਟ ਹੈਸਟਿੰਗਜ਼ ਡਿਸਟ੍ਰਿਕਟ ਕ੍ਰੀਏਟਿਵ ਆਰਟਸ ਫੰਡਿੰਗ।