ਵਾਇਆ ਵਲਿੰਗਟਨ-‘ਪੰਜਾਬੀ’ ਦੀ ਟਨ ਟਨ : ਕੱਲ੍ਹ 2 ਨਵੰਬਰ ਨੂੰ ਭਾਰਤੀ ਹਾਈਕਮਿਸ਼ਨ ਵਲਿੰਗਟਨ ਦੇ ਵਿਹੜੇ ਤੋਂ ‘ਪੰਜਾਬੀ ਭਾਸ਼ਾ ਹਫ਼ਤੇ’ ਦੀ ਹੋਵੇਗੀ ਗੱਲ
3 ਨਵੰਬਰ ਤੋਂ 9 ਨਵੰਬਰ ਤੱਕ ਵੱਖ-ਵੱਖ ਸ਼ਹਿਰਾਂ ਵਿਚ ਹਨ ਸਮਾਗਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 1 ਨਵੰਬਰ 2025-:ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਵਾਰ ਨਿਊਜ਼ੀਲੈਂਡ ਦੇਸ਼ ਭਰ ਵਿਚ ‘ਛੇਵਾਂ ਪੰਜਾਬੀ ਭਾਸ਼ਾ ਹਫਤਾ’ 03 ਨਵੰਬਰ ਤੋਂ 09 ਨਵੰਬਰ ਤੱਕ ਵੱਖ-ਵੱਖ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਦੇ ਵਿਚ ਜਿੱਥੇ ਪੰਜਾਬੀ ਭਾਸ਼ੀ ਦੀ ਗੱਲ ਹੋਵੇਗੀ, ਪੰਜਾਬੀ ਸਭਿਆਚਾਰ ਦੀ ਗੱਲ ਹੋਵੇਗੀ, ਧਰਮ ਤੇ ਵਿਰਸੇ ਨਾਲ ਜੁੜੇ ਰਹਿਣ ਲਈ ਮੁੱਢਲੀ ਭਾਸ਼ਾ ਪੰਜਾਬੀ ਦੇ ਗਿਆਨ ਦੀ ਗੱਲ ਹੋਵੇਗੀ ਉਥੇ ਨਵੀਂ ਪੰਜਾਬੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਤਿੜਾਂ ਨਾਲ ਜੁੜੇ ਰਹਿਣ ਦੀ ਗੱਲ ਹੋਵੇਗੀ।
ਕੱਲ੍ਹ 02 ਨਵੰਬਰ ਨੂੰ ਸਵੇਰੇ 10 ਵਜੇ ਭਾਰਤੀ ਹਾਈ ਕਮਿਸ਼ਨ ਵਲਿੰਗਟਨ (High Commission of India Wellington Address : 72 Pipitea Street, Thorndon, Wellington) ਦੇ ਵਿਹੜੇ ‘ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ’ ਦੇ ਸਹਿਯੋਗ ਨਾਲ ਇਸ ਵਾਰ ਦੇ ਭਾਸ਼ਾ ਹਫਤੇ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਮੁੱਖ ਮਹਿਮਾਨ ਦੇ ਤੌਰ ਉਤੇ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਹੋਣਗੇ ਜਦ ਕਿ ਔਕਲੈਂਡ ਤੋਂ ਵਿਸ਼ੇਸ਼ ਤੌਰ ਉਤੇ ਪੰਜਾਬੀ ਹੈਰਲਡ ਸ. ਹਰਜਿੰਦਰ ਸਿੰਘ ਬਸਿਆਲਾ, ਰੇਡੀਓ ਸਪਾਈਸ ਤੋਂ ਸ. ਨਰਿੰਦਰਵੀਰ ਸਿੰਘ (ਐਨ.ਵੀ.), ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਸ਼ੇਰਗਿਲ ਅਤੇ ਰਿੱਚੀ ਬੱਸ ਸਰਵਿਸ ਵਾਲੇ ਸ. ਕਮਲਦੀਪ ਸਿੰਘ ਵੀ ਪਹੁੰਚਣਗੇ। ਪ੍ਰੋਗਰਾਮ ਦੀ ਆਰੰਭਤਾ ਮੂਲ ਮੰਤਰ ਨਾਲ ਹੋਵੇਗੀ। ਕੁਝ ਸਭਿਆਚਾਰਕ ਸਰਗਰਮੀਆਂ ਹੋਣਗੀਆਂ ਅਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਵਲਿੰਗਟਨ ਵੋਮੈਨ ਐਸੋਸੀਏਸ਼ਨ ਤੋਂ ਭੈਣਜੀ ਨਵਨੀਤ ਕੌਰ ਹੋਰਾਂ ਨੇ ਸਥਾਨਿਕ ਕਮਿਊਨਿਟੀ ਨੂੰ ਬੇਨਤੀ ਕੀਤੀ ਹੈ ਕਿ ਇਸ ਸਮਾਗਮ ਦੇ ਵਿਚ ਪਹੁੰਚ ਕੇ ‘ਛੇਵੇਂ ਪੰਜਾਬੀ ਭਾਸ਼ਾ ਹਫ਼ਤੇ’ ਦੇ ਯਤਨਾਂ ਨੂੰ ਹੱਲ੍ਹਾ ਸ਼ੇਰੀ ਦਿਓ ਅਤੇ ਬੱਚਿਆਂ ਦਾ ਹੋਰ ਮਨੋਬਲ ਵਧਾਈਏ ਤਾਂ ਕਿ ਇਨ੍ਹਾਂ ਮੁਲਕਾਂ ਦੇ ਵਿਚ ਇਕ ਦਿਨ ਸਕੂਲਾਂ ਦੇ ਵਿਚ ਪੰਜਾਬੀ ਦਾ ਵਿਸ਼ਾ ਸ਼ਾਮਿਲ ਹੋ ਸਕੇ। ਇਸ ਵਾਰ ਦਾ ਮਾਟੋ (ਉਦੇਸ਼) ~‘ਸਾਡੀ ਭਾਸ਼ਾ-ਸਾਡੀ ਵਿਰਾਸਤ, ਆਓ ਪੰਜਾਬੀ ਨੂੰ ਪਿਆਰ ਕਰੀਏ’ ਰੱਖਿਆ ਗਿਆ ਹੈ।
ਸੋ ਕੱਲ੍ਹ ਹਾਈ ਕਮਿਸ਼ਨ ਦੇ ਦਫਤਰ ਤੋਂ ਪੰਜਾਬੀ ਭਾਸ਼ਾ ਦੀ ਘੰਟੀ ਦੀ ਟਨ ਟਨ ਤੋਂ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਹੋਵੇਗੀ।।