ਅਮਰੀਕਨ ਸਿਟੀਜਨ ਦੀ ਨਸ਼ਾ ਛਡਾਓ ਕੇਂਦਰ ਵਿੱਚ ਭੇਦਭਰੀ ਹਾਲਤ ਵਿੱਚ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 25 ਅਕਤੂਬਰ 2025
ਅਮਰੀਕਨ ਸਿਟੀਜਨ ਨੌਜਵਾਨ ਦੀ ਕਰਤਾਰਪੁਰ ਰੋਡ ਤੇ ਸਥਿਤ ਪੱਤੜ ਕਲਾਂ ਨਸ਼ਾ ਛਡਾਊ ਕੇਂਦਰ ਵਿਖੇ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਨ ਅਮਰੀਕਨ ਸਿਟੀਜਨ ਅਮਰਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਹਾਲ ਵਾਸੀ ਅਜੀਤ ਨਗਰ ਕਪੂਰਥਲਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਸਵੇਰੇ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਤੋਂ ਸੂਚਨਾ ਮਿਲੀ ਕਿ ਉਹਨਾਂ ਦਾ ਲੜਕਾ ਉੱਠ ਨਹੀਂ ਰਿਹਾ ਜਿਸ ਤੇ ਉਹ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ ਜਿੱਥੇ ਡਿਊਟੀ ਡਾਕਟਰ ਯੋਗਿਤਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਅਮਰਵੀਰ ਸਿੰਘ ਅਮਰੀਕਾ ਤੋਂ ਲਗਭਗ ਇੱਕ ਮਹੀਨੇ ਪਹਿਲਾਂ ਆਇਆ ਸੀ ਤੇ ਤਕਰੀਬਨ ਤਿੰਨ ਦਿਨ ਪਹਿਲਾਂ ਉਸ ਨੂੰ ਪਰਿਵਾਰਿਕ ਮੈਂਬਰਾਂ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਸੀ ਜਿਸ ਦੀ ਅੱਜ ਸਵੇਰੇ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਗਲੇ ਤੇ ਕੁਝ ਸੱਟ ਦੇ ਨਿਸ਼ਾਨ ਵੀ ਹਨ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਕਰਤਾਰਪੁਰ ਦੇ ਡੀਐਸਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੈ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।