ਏਡੀਸੀ ਦੀ ਅਗਵਾਈ ਹੇਠ ਤਲਵੰਡੀ ਸਾਬੋ ਵਿਖੇ ਪਰਾਲੀ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਤਲਵੰਡੀ ਸਾਬੋ, 24 ਅਕਤੂਬਰ 2025 : ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ।
ਇਸ ਕੈਂਪ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕਰਨਾ ਅਤੇ ਪਰਾਲੀ ਪ੍ਰਬੰਧਨ ਸਬੰਧੀ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਦੇ ਸ਼ੰਕੇ ਦੂਰ ਕਰਨਾ ਸੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਸਾਂਭਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਐਸ ਐਮ ਐਸ ਵਾਲੀ ਕੰਬਾਈਨ ਤੋਂ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਝੋਨੇ ਦੀ ਪਰਾਲੀ ਵਿੱਚ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਵਧੀਆ ਅਤੇ ਸੁਚਾਰੂ ਢੰਗ ਨਾਲ ਚੱਲ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਸਟਰਾਅ ਰੇਕ, ਬੇਲਰ, ਸੁਪਰ ਐਸ.ਐਮ.ਐਸ, ਮਲਚਰ, ਪੈਡੀ ਸਟਰਾਅ ਚੌਂਪਰ, ਉਲਟਾਵੇ ਹਲ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਅਤੇ ਸਰਫੇਸ ਸੀਡਰ ਆਦਿ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ।
ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਿਕਸਿਤ ਸਰਫੇਸ ਸੀਡਰ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਨਾਲ ਬਹੁਤ ਘੱਟ ਖਰਚ ਵਿੱਚ ਪਰਾਲੀ ਦੀ ਸੰਭਾਲ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਬੀਜੀ ਕਣਕ ਵਿੱਚ ਨਦੀਨ ਬਹੁਤ ਘੱਟ ਉੱਗਦੇ ਹਨ ਅਤੇ ਇਹ ਕਣਕ ਡਿੱਗਦੀ ਵੀ ਨਹੀਂ। ਉਹਨਾਂ ਕਿਸਾਨਾਂ ਨਾਲ ਕਣਕ ਵਿੱਚ ਨਦੀਨ ਪ੍ਰਬੰਧਨ ਅਤੇ ਖਾਦਾਂ ਦੀ ਸਹੀ ਵਰਤੋਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਮੌਕੇ, ਪਹਿਲੀ ਸਿੰਚਾਈ ਤੋਂ ਪਹਿਲਾਂ ਅਤੇ ਪਹਿਲੀ ਸਿੰਚਾਈ ਤੋਂ ਬਾਅਦ ਵਿੱਚ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਬਾਰੇ ਵੀ ਬਾਰੀਕੀ ਵਿੱਚ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਕਣਕ ਦੀ ਫਸਲ ਵਿੱਚ ਆਉਣ ਵਾਲੇ ਲਘੂ ਤੱਤਾਂ ਦੀ ਘਾਟ ਅਤੇ ਇਹਨਾਂ ਦੀ ਪੂਰਤੀ ਸੰਬੰਧੀ ਵੀ ਜਾਣਕਾਰੀ ਦਿੱਤੀ।