Canada: ਮਨਪ੍ਰੀਤ ਕਲੇਰ ਦੀ ਪੁਸਤਕ ‘ਸੋਚਾਂ ਦੇ ਖੰਭ’ ਸਰੀ ਅਤੇ ਬਰੈਂਪਟਨ ‘ਚ ਰਿਲੀਜ਼ ਕੀਤੀ ਗਈ
ਹਰਦਮ ਮਾਨ
ਸਰੀ, 24 ਅਕਤੂਬਰ 2025-ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਮਨਪ੍ਰੀਤ ਕਲੇਰ ਦੀ ਕਾਵਿ-ਪੁਸਤਕ ‘ਸੋਚਾਂ ਦੇ ਖੰਭ ਰਿਲੀਜ਼ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਫਿਲਮ ਅਦਾਕਾਰ ਅੰਗਰੇਜ਼ ਬਰਾੜ, ਨਾਟ-ਕਰਮੀ ਸਰਦੂਲ ਸਿੰਘ ਮਾਨ, ਕਵਿੱਤਰੀ ਬਮਲਜੀਤ ਮਾਨ, ਸ਼ਾਇਰ ਸਤੀਸ਼ ਗੁਲਾਟੀ, ਹਰਦਮ ਮਾਨ ਅਤੇ ਕਰਮਜੀਤ ਮਾਨ ਨੇ ਅਦਾ ਕੀਤੀ।
ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਹ ਪੁਸਤਕ ਬੀਤੇ ਦਿਨੀਂ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਚੇਤਨਾ ਪ੍ਰਕਾਸ਼ਨ ਵੱਲੋਂ ਲਾਏ ਪੁਸਤਕ ਮੇਲੇ ਵਿਚ ਵੀ ਰਿਲੀਜ਼ ਕੀਤੀ ਗਈ ਸੀ ਜਿੱਥੇ ਨਾਮਵਰ ਗ਼ਲਪ ਲੇਖਕ ਡਾ. ਵਰਿਆਮ ਸਿੰਘ ਸੰਧੂ, ਨਾਟਕਕਾਰ ਜਗੀਰ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਰਲੋਚਨ ਤਰਨਤਾਰਨ, ਹਰਜੀਤ ਗਿੱਲ ਅਤੇ ਸਤੀਸ਼ ਗੁਲਾਟੀ ਨੇ ਮਨਪ੍ਰੀਤ ਕਲੇਰ ਤੇ ਉਸ ਦੀ ਜੀਵਨ ਸਾਥਣ ਨੂੰ ਮੁਬਾਰਕਬਾਦ ਦਿੱਤੀ।
ਇਸ ਪੁਸਤਕ ਬਾਰੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਅਸਲੀਅਤ ਦੀ ਖੋਜ ਵਿੱਚ ਡੁੱਬੇ ਮਨੁੱਖ ਦੀ ਆਵਾਜ਼ ਹਨ, ਜੋ ਕਈ ਵਾਰ ਖ਼ੁਦ ਨਾਲ ਟਕਰਾਉਂਦਾ ਹੈ, ਕਈ ਵਾਰ ਸੰਸਾਰ ਨਾਲ। ਇਨ੍ਹਾਂ ਵਿੱਚ ਨਿਰਾਸ਼ਾ ਅਤੇ ਉਮੀਦ, ਦਰਦ ਅਤੇ ਖੁਸ਼ੀ, ਖਾਮੋਸ਼ੀ ਅਤੇ ਆਵਾਜ਼ ਮਿਲ ਕੇ ਮਨੁੱਖੀ ਹੋਂਦ ਦੀ ਗਹਿਰਾਈ ਦਰਸਾਉਂਦੇ ਹਨ। ਕਵੀ ਕਿਸੇ ਨਿਸ਼ਚਿਤ ਨਜ਼ਰੀਏ ਜਾਂ ਵਿਆਖਿਆ ਦੇ ਬੰਧਨ ਵਿੱਚ ਨਹੀਂ, ਬਲਕਿ ਖੁੱਲ੍ਹੇ ਮਨ ਨਾਲ ਆਪਣੇ ਅਨੁਭਵਾਂ ਨੂੰ ਸ਼ਬਦਾਂ ਵਿੱਚ ਪਰੋਂਦਾ ਹੈ। ਇਹ ਕਵਿਤਾਵਾਂ ਕੇਵਲ ਭਾਵਨਾ ਨਹੀਂ, ਸਵੈ-ਚੇਤਨਾ ਦੀ ਆਵਾਜ਼ ਹਨ।