ਕੌਮੀ ਪੁਲਿਸ ਯਾਦਗਾਰੀ ਦਿਵਸ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 21 ਅਕਤੂਬਰ 2025 : ਪੁਲਿਸ ਲਾਈਨ ਮਹੱਦੀਆਂ ਵਿਖੇ ਅੱਜ ਕੌਮੀ ਪੁਲਿਸ ਯਾਦਗਾਰੀ ਦਿਵਸ ਮੌਕੇ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਰਧਾਂਜਲੀ ਸਮਾਗਮ ਦੌਰਾਨ ਜ਼ਿਲਾ ਤੇ ਸੈਸ਼ਨ ਜੱਜ ਅਰੁਣ ਗੁਪਤਾ, ਐਸ.ਐਸ.ਪੀ ਸ਼ੁਭਮ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ
ਇਸ ਮੌਕੇ ਐਸ.ਐਸ.ਪੀ ਸ੍ਰੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਹਮੇਸ਼ਾਂ ਹੀ ਦੇਸ਼ ਤੇ ਸੂਬੇ ਦੀ ਅੰਦਰੂਨੀ ਹਿਫਾਜ਼ਤ ਕਰਨ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ ਤੇ ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਕੋਈ ਖ਼ਤਰਾ ਹੋਇਆ ਹੈ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਮੋਹਰੀ ਹੋ ਕੇ ਸ਼ਹਾਦਤਾਂ ਦਿੱਤੀਆਂ ਹਨ
ਇਸ ਮੌਕੇ ਐਸ.ਐਸ.ਪੀ ਸ਼੍ਰੀ ਅਗਰਵਾਲ ਨੇ ਦੱਸਿਆ ਕਿ ਯਾਦਗਾਰੀ ਦਿਵਸ ਦਾ ਇਤਿਹਾਸ 21 ਅਕਤੂਬਰ 1959 ਤੋਂ ਸ਼ੁਰੂ ਹੁੰਦਾ ਹੈ ਜਦੋਂ ਲੱਦਾਖ ਵਿੱਚ ਹੌਟ ਸਪਰਿੰਗਜ਼ ਵਿਖੇ ਚੀਨ ਦੇ ਸੈਨਿਕਾਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਦਾ ਸਬ ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਹੇਠਲੀ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਟੁਕੜੀ ਵੱਲੋਂ ਜ਼ੋਰਦਾਰ ਜਵਾਬ ਦਿੱਤਾ ਗਿਆ ਸੀ ਅਤੇ ਇਸ ਦੌਰਾਨ 10 ਜਵਾਨ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ 'ਤੇ ਦੇਸ਼ ਦੀ ਰਾਖੀ ਲਈ ਸੁਰੱਖਿਆ ਬਲਾਂ ਤੇ ਪੁਲਿਸ ਦੇ ਜਵਾਨਾਂ ਨੇ ਆਪਣਾ ਬਲਿਦਾਨ ਦਿੱਤਾ ਅਤੇ ਦੇਸ਼ ਦੀ ਸ਼ਾਨ ਨੂੰ ਕਾਇਮ ਰੱਖਿਆ
ਜ਼ਿਲ੍ਹਾ ਪੁਲੀਸ ਮੁਖੀ ਨੇ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦਾਂ ਤੋਂ ਸੇਧ ਲੈ ਕੇ ਲੋਕ ਸੇਵਾ ਪ੍ਰਤੀ ਹੋਰ ਵੀ ਵੱਧ ਸਮਰਪਿਤ ਹੋ ਕੇ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਪੁਲਿਸ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ ਤੇ ਪੰਜਾਬ ਪੁਲਿਸ ਹਰ ਮੁਸ਼ਕਿਲ ਦੀ ਘੜੀ ਵਿਚ ਸ਼ਹੀਦ ਪਰਿਵਾਰਾਂ ਨਾਲ ਖੜ੍ਹੀ ਹੈ , ਇਸ ਮੌਕੇ ਪੁਲਿਸ ਦੇ ਹੋਰ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦੀ ਯਾਦਗਾਰ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਤੋਂ ਬਾਅਦ ਸਨਮਾਨ ਸਮਾਰੋਹ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਛੇਤੀ ਹੀ ਯੋਗ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ , ਇਸ ਮੌਕੇ ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ , ਇਸ ਮੌਕੇ ਡੀ.ਐਸ.ਪੀ. (ਐਚ) ਹਰਤੇਸ਼ ਕੌਸ਼ਿਕ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਨਾਮ ਪੜ੍ਹ ਕੇ ਸੁਣਾਏ , ਇਸ ਮੌਕੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਅਰੁਣ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਸਿਹਤ ਵਿਭਾਗ ਸਮੇਤ ਵੱਡੀ ਗਿਣਤੀ ਸਿਵਲ ਤੇ ਪੁਲਿਸ ਦੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ