ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮਨਾਏ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਰੂਪਨਗਰ 21 ਅਕਤੂਬਰ 2025 : ਜ਼ਿਲ੍ਹਾ ਪੁਲਿਸ ਵੱਲੋਂ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਮਰਪਿਤ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਗਿਆ , ਇਸ ਮੌਕੇ ਪੁਲਿਸ ਲਾਈਨ ਵਿਖੇ ਪੰਜਾਬ ਪੁਲੀਸ ਦੇ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਐਸ.ਐਸ.ਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਦਾ ਬਹੁਤ ਹੀ ਵਡਮੁੱਲਾ ਇਤਹਾਸ ਹੈ ਅਤੇ ਪੰਜਾਬ ਪੁਲੀਸ ਨੇ ਦੇਸ਼ ਦੀ ਏਕਤਾ ਅਤੇ ਸੂਬੇ ਦਾ ਸ਼ਾਂਤਮਈ ਮਾਹੌਲ ਸਿਰਜਣ ਵਿਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹੈ,ਜੋ ਪੁਲਿਸ ਵਿਭਾਗ ਲਈ ਪ੍ਰੇਰਨਾ ਦਾ ਸਰੋਤ ਹਨ
ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜਾ ਹੈ। ਉਨ੍ਹਾਂ ਨੇ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦਾਂ ਤੋਂ ਸੇਧ ਲੈ ਕੇ ਲੋਕ ਸੇਵਾ ਪ੍ਰਤੀ ਹੋਰ ਵੀ ਵੱਧ ਸਮਰਪਿਤ ਹੋ ਕੇ ਆਪਣੀ ਡਿਊਟੀ ਨਿਭਾਉਣ , ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਤਵਾਦ ਸਮੇਂ ਦੌਰਾਨ ਪੁਲਿਸ ਅਧਿਕਾਰੀ/ਕਰਮਚਾਰੀ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਦੇਸ਼ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਇਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨ ਲਈ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ
ਇਸ ਮੌਕੇ ਕਪਤਾਨ ਪੁਲਿਸ (ਪੀ.ਬੀ.ਆਈ.) ਸ. ਜਸਪ੍ਰੀਤ ਸਿੰਘ ਵੱਲੋਂ ਮਿਤੀ 01 ਸਤੰਬਰ 2024 ਤੋਂ 31 ਅਗਸਤ 2025 ਤੱਕ ਦੇਸ਼ ਭਰ ਵਿੱਚ ਸ਼ਹੀਦ ਹੋਏ 191 ਸ਼ਹੀਦ ਜਵਾਨਾਂ ਦੇ ਨਾਮ ਪੜ੍ਹਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਉਪਰੰਤ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ਼੍ਰੀ ਜਤਿੰਦਰ ਚੌਹਾਨ ਦੀ ਅਗਵਾਈ ਹੇਠ ਪੁਲਿਸ ਟੁਕੜੀ ਵੱਲੋਂ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਮੂਹ ਹਾਜ਼ਰੀਨ ਵੱਲੋਂ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐਸ.ਐਸ.ਪੀ. ਰੂਪਨਗਰ ਵੱਲੋਂ ਸ਼ਹੀਦਾ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਤੋਂ ਬਾਅਦ ਹਾਜ਼ਰੀਨ ਵੱਲੋਂ ਸ਼ਹੀਦ ਪੁਲਿਸ ਅਫਸਰਾਨ/ਕਰਮਚਾਰੀਆਂ ਨੂੰ ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ
ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਰੂਪਨਗਰ ਵਿਖੇ ਰਹਿ ਰਹੇ ਸ਼ਹੀਦ ਪੁਲਿਸ ਕਰਮਚਾਰੀਆਂ, ਪੰਜਾਬ ਹੋਮ ਗਾਰਡਜ ਅਤੇ ਐਸ.ਪੀ.ਓਜ਼. ਦੇ 34 ਪਰਿਵਾਰ ਸ਼ਾਮਲ ਹੋਏ, ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐਸ.ਐਸ.ਪੀ. ਰੂਪਨਗਰ ਵੱਲੋਂ ਮਾਣ-ਸਨਮਾਨ ਕੀਤਾ ਗਿਆ ਅਤੇ ਹਾਜ਼ਰੀਨ ਪਰੀਵਾਰਕ ਮੈਂਬਰਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਜਲਦ ਨਿਪਟਾਰਾ ਕਰਨ ਦੀ ਵਚਨਬੱਧਤਾ ਦਿੱਤੀ ਗਈ। ਇਸ ਮੌਕੇ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਦਿੱਲੀ ਪੁਲਿਸ ਮਹਾਂਸੰਘ ਦੇ ਸਹਿਯੋਗ ਨਾਲ ਪੁਲਿਸ ਲਾਇਨ ਰੂਪਨਗਰ ਵਿਖੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਪੁਲਿਸ ਪ੍ਰਸ਼ਾਸ਼ਨ, ਸਿਵਲ ਪ੍ਰਸ਼ਾਸ਼ਨ ਦੇ ਮੁਲਾਜਮਾ ਅਤੇ ਆਮ ਲੋਕਾਂ ਵੱਲੋਂ ਵੱਧ-ਚੱੜਕੇ ਹਿੱਸਾ ਲਿਆ ਗਿਆ
ਅੰਤ ਵਿੱਚ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਗਈ ਕਿ ਸੀਨੀਅਰ ਕਪਤਾਨ ਪੁਲਿਸ ਸਮੇਤ ਸੁਮੱਚੀ ਜ਼ਿਲ੍ਹਾ ਪੁਲਿਸ ਰੂਪਨਗਰ ਹਮੇਸ਼ਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਜਦੋ ਵੀ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੂੰ ਨਿੱਜੀ ਤੋਰ ਤੇ ਮਿਲ ਕੇ ਜਾਂ ਟੈਲੀਫੋਨ ਤੇ ਦੱਸ ਸਕਦੇ ਹਨ, ਜਿਸ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ
ਇਸ ਮੌਕੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਰੂਪਨਗਰ ਮਿਸ ਅਨੰਨਿਆ ਰਿਸ਼ੀ, ਪ੍ਰਧਾਨ ਪੰਜਾਬ ਪੁਲਿਸ ਪੈਂਸ਼ਨਰ ਵੇਲਫੇਅਰ ਐਸੋਸੀਏਸ਼ਨ ਰਿਟਾਇਰਡ ਡੀ.ਐਸ.ਪੀ. ਸੋਹਨ ਲਾਲ ਸੰਧੂ, ਰਿਟਾਇਰਡ ਪੁਲਿਸ ਅਫਸਰਾਨ, ਰੂਪਨਗਰ ਪੁਲਿਸ ਦੇ ਗਜ਼ਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾ, ਜ਼ਿਲ੍ਹੇ ਵਿੱਚ ਰਿਹਾਇਸ਼ ਰੱਖ ਰਹੇ ਸ਼ਹੀਦ ਪੁਲਿਸ ਕਰਮਚਾਰੀਆਂ/ਪੰਜਾਬ ਹੋਮ ਗਾਰਡਜ/ਐਸ.ਪੀ.ਓਜ. ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਪੁਲਿਸ ਥਾਣਿਆਂ/ਯੂਨਿਟਾਂ ਵਿੱਚ ਤਾਇਨਾਤ ਪੁਲਿਸ ਜਵਾਨ ਪੁਲਿਸ ਲਾਈਨ ਰੂਪਨਗਰ ਵਿਖੇ ਹਾਜ਼ਰ ਹੋਏ