ਹੱਥ ਧੋਣ ਦੀ ਸਹੀ ਵਿਧੀ ਅਪਣਾਉਣ ਨਾਲ ਕਈ ਬਿਮਾਰੀਆਂ ਤੋਂ ਬਚਾਅ ਸੰਭਵ: ਡਾ.ਜੰਗਜੀਤ ਸਿੰਘ
ਸ਼੍ਰੀ ਕੀਰਤਪੁਰ ਸਾਹਿਬ :- 18 ਅਕਤੂਬਰ 2025
ਸਿਵਲ ਸਰਜਨ ਰੂਪਨਗਰ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਤੇ ਆਰ.ਬੀ.ਐੱਸ.ਕੇ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਨਵਰੂਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਕੀਰਤਪੁਰ ਸਾਹਿਬ ਦੀ ਟੀਮ ਵੱਲੋਂ ਬਿਮਾਰੀਆਂ ਤੋਂ ਬਚਾਅ ਲਈ ਪਿੰਡ ਅਜੌਲੀ ਦੇ ਸਰਕਾਰੀ ਮਿਡਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਸਹੀ ਵਿਧੀ ਬਾਰੇ ਜਾਗਰੂਕ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ (ਇੰ:) ਡਾਕਟਰ ਜੰਗਜੀਤ ਸਿੰਘ ਨੇ ਹੱਥ ਧੋਣ ਦੀ ਸਹੀ ਵਿਧੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਇਆ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਹੀ ਢੰਗ ਨਾਲ ਹੱਥ ਧੋਣ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਸਿਹਤ ਵਿਭਾਗ ਵੱਲੋਂ ਹਰ ਸਾਲ ਗਲੋਬਲ ਹੈਂਡ ਵਾਸ਼ਿੰਗ ਦਿਵਸ ਵੀ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸੇ ਸਿਲਸਿਲੇ ਵਿਚ ਆਰ.ਬੀ.ਐੱਸ.ਕੇ ਦੀ ਟੀਮ ਵਿਚ ਸ਼ਾਮਲ ਏ.ਐੱਮ.ਓ ਪ੍ਰਸ਼ੋਤਮ ਲਾਲ ਅਤੇ ਸਟਾਫ਼ ਨਰਸ ਬਲਜੀਤ ਕੌਰ ਵੱਲੋਂ ਹੱਥ ਧੋਣ ਦੀ ਸਹੀ ਵਿਧੀ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪਿੰਡ ਅਜੌਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵਿਦਿਆਰਥੀਆਂ ਨੂੰ ਡੈਮੋ ਦੇ ਕੇ ਹੱਥ ਧੋਣ ਦੀ "ਸੁਮਨ ਕੇ" ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ) ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਨਵਰੂਪ ਕੌਰ ਨੇ ਕਿਹਾ ਕਿ ਹੱਥ ਧੋਣ ਦੀ ਸਹੀ ਵਿਧੀ ਅਪਣਾਉਣ ਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ, ਖੰਘ ਜਾਂ ਛਿੱਕ ਆਉਣ ਤੋਂ ਬਾਅਦ, ਖਾਣਾ ਬਣਾਉਣ ਤੋਂ ਪਹਿਲਾਂ ਅਤੇ ਬਾਅਦ, ਜਖ਼ਮ ਅਤੇ ਜਾਨਵਰਾਂ ਨੂੰ ਛੂਹਣ ਤੋਂ ਬਾਅਦ, ਸ਼ੌਚ ਜਾਣ ਤੋਂ ਬਾਅਦ ਅਤੇ ਬੱਚਿਆਂ ਨੂੰ ਛੁਹਣ ਜਾਂ ਉਨ੍ਹਾਂ ਨੂੰ ਸੰਭਾਲਣ ਤੋਂ ਪਹਿਲਾਂ ਹੱਥ ਧੋਣੇ ਲਾਜ਼ਮੀ ਹਨ। ਅਜਿਹਾ ਕਰਨ ਨਾਲ ਡਾਇਰੀਆ, ਜ਼ੁਕਾਮ ਅਤੇ ਚਮੜੀ ਦੇ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਇਸ ਮੌਕੇ ਏ.ਐੱਮ.ਓ ਡਾ.ਅੰਬਿਕਾ ਸ਼ਰਮਾ ਅਤੇ ਸਟਾਫ਼ ਨਰਸ ਸੁਨੀਤਾ ਸੈਣੀ ਵੀ ਮੌਜੂਦ ਰਹੇ।