5 ਕਿਲੋ ਤੋਂ ਵੱਧ ਹੈਰੋਇਨ, 2 ਕਿਲੋ ਅਫੀਮ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ 5 ਗ੍ਰਿਫ਼ਤਾਰ
- ਕਮਿਸ਼ਨਰੇਟ ਪੁਲਿਸ ਜਲੰਧਰ ਨੇ ਵੱਖ-ਵੱਖ ਮਾਮਲਿਆਂ 'ਚ ਵੱਡੀ ਕਾਰਵਾਈ ਕਰਦਿਆਂ ਜਲੰਧਰ ਨੂੰ ਅਪਰਾਧ ਮੁਕਤ ਬਣਾਉਣ ਦੀ ਵਚਨਬੱਧਤਾ ਦੁਹਰਾਈ
ਜਲੰਧਰ, 3 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ੇ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਮਹੱਤਵਪੂਰਣ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਵੱਖ-ਵੱਖ ਮਾਮਲਿਆਂ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 5 ਕਿਲੋ 314 ਗ੍ਰਾਮ ਹੈਰੋਇਨ, 2 ਕਿਲੋ ਅਫੀਮ, 1 ਦੇਸੀ ਪਿਸਤੌਲ (.32 ਬੋਰ) ਅਤੇ 6 ਜ਼ਿੰਦਾ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਕਰਾਇਮ ਬ੍ਰਾਂਚ ਦੀ ਇੱਕ ਟੀਮ ਨਾਖਾਂ ਵਾਲਾ ਬਾਗ ਚੌਕ, ਭਾਰਗੋ ਕੈਂਪ ਤੋਂ ਦਸਮੇਸ਼ ਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ, ਜਿਸਦੀ ਪਛਾਣ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਬਲਬੀਰ ਸਿੰਘ ਵਾਸੀ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ। ਪੁਲਿਸ ਟੀਮ ਨੇ ਉਸ ਕੋਲੋਂ 5 ਕਿਲੋ 56 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਵਿਰੁੱਧ ਮੁਕੱਦਮਾ ਨੰਬਰ 100 ਮਿਤੀ 02.07.2025, ਐਨਡੀਪੀਐਸ ਐਕਟ ਦੀ ਧਾਰਾ 21ਸੀ, 61 ਅਤੇ 85 ਦੇ ਤਹਿਤ ਜਲੰਧਰ ਵਿਖੇ ਦਰਜ ਕੀਤਾ ਗਿਆ। ਇਸ ਵਿਰੁੱਧ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਮੁਕੱਦਮਾ ਦਰਜ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਹੋਰ ਕਾਰਵਾਈ ਵਿੱਚ ਸੀ.ਆਈ.ਏ ਸਟਾਫ ਦੀ ਇੱਕ ਟੀਮ ਨੇ ਟਰਾਂਸਪੋਰਟ ਨਗਰ ਖੇਤਰ ਵਿੱਚ ਰੁਟੀਨ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਸੁਸ਼ੀਲ ਕੁਮਾਰ ਉਰਫ਼ ਸੁਜਲ ਪੁੱਤਰ ਰਮੇਸ਼ ਕੁਮਾਰ, ਵਾਸੀ ਉੜਮੁੜ ਟਾਂਡਾ, ਹੁਸ਼ਿਆਰਪੁਰ, ਮਨਦੀਪ ਸਿੰਘ ਪੁੱਤਰ ਜੋਗਿੰਦਰਪਾਲ, ਵਾਸੀ ਗ੍ਰੀਨ ਐਵੇਨਿਊ, ਦੀਪ ਨਗਰ, ਜਲੰਧਰ ਅਤੇ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਵਾਸੀ ਪਿੰਡ ਤਲਵੰਡੀ ਮੰਗੇ ਖਾਨ, ਫਿਰੋਜ਼ਪੁਰ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ ਅਫੀਮ ਬਰਾਮਦ ਕੀਤੀ, ਜਿਸ ਆਧਾਰ 'ਤੇ ਮੁਕੱਦਮਾ ਨੰਬਰ 157 ਮਿਤੀ 01.07.2025, ਐਨਡੀਪੀਐਸ ਐਕਟ ਦੀ ਧਾਰਾ 18, 61, ਅਤੇ 85 ਅਧੀਨ, ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਵਿਖੇ ਦਰਜ ਕੀਤੀ ਗਈ। ਸੁਸ਼ੀਲ ਕੁਮਾਰ 'ਤੇ ਐਨਡੀਪੀਐਸ ਐਕਟ ਅਧੀਨ ਪਹਿਲਾਂ ਤੋਂ ਦੋ ਮੁਕੱਦਮੇ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਇੱਕ ਸਪੈਸ਼ਲ ਸੈੱਲ ਟੀਮ ਨੇ ਮਕਸੂਦਾਂ-ਨੰਦਨਪੁਰ ਰੋਡ ਇਲਾਕੇ ਵਿੱਚ ਗਸ਼ਤ ਕਰਦੇ ਸਮੇਂ ਅਸ਼ੋਕ ਨਗਰ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ। ਜਾਂਚ ਕਰਨ 'ਤੇ ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 258 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ .32 ਬੋਰ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ। ਫੜੇ ਗਏ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਗੋਰਾ ਪੁੱਤਰ ਕਸ਼ਮੀਰ ਸਿੰਘ, ਵਾਸੀ ਮਕਾਨ ਨੰਬਰ 24, ਨਵਯੁਗ ਕਲੋਨੀ, ਮਕਸੂਦਾਂ, ਜਲੰਧਰ ਵਜੋਂ ਹੋਈ। ਇਸ ਵਿਰੁੱਧ ਮੁਕੱਦਮਾ ਨੰਬਰ 115 ਮਿਤੀ 30.06.2025, ਅਸਲਾ ਐਕਟ ਦੀ ਧਾਰਾ 25, 54, ਅਤੇ 59 ਅਤੇ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 1, ਜਲੰਧਰ ਵਿਖੇ ਦਰਜ ਕੀਤਾ ਗਿਆ। ਹਰਜਿੰਦਰ ਸਿੰਘ ਵਿਰੁੱਧ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਚਾਰ ਅਪਰਾਧਿਕ ਮੁਕੱਦਮੇ ਦਰਜ਼ ਹਨ।
ਪੁਲਿਸ ਕਮਿਸ਼ਨਰ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਜਲੰਧਰ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਲਈ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਆਦਤਨ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਪਣੇ ਦ੍ਰਿੜ ਇਰਾਦੇ ਨੂੰ ਵੀ ਦੁਹਰਾਇਆ।