ਹਾਈਪਰਟੈਂਸ਼ਨ ਦੇ ਕਾਰਣ, ਲੱਛਣ, ਨੁਕਸਾਨ ਤੇ ਬਚਾਅ ਦੇ ਤਰੀਕਿਆਂ ਨੂੰ ਨੁੱਕੜ ਨਾਟਕ ਰਾਹੀਂ ਦਰਸਾਇਆ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ਵ ਹਾਇਪਰਟੈਂਸ਼ਨ ਦਿਵਸ ਜਾਗਰੂਕਤਾ ਮਹੀਨੇ ਸਬੰਧੀ ਜਿਲ੍ਹਾ ਹਸਪਤਾਲ ਦੀ ਓ.ਪੀ.ਡੀ ਵਿਖੇ ਪੰਜਾਬ ਪਬਲਿਕ ਨਰਸਿੰਗ ਕਾਲਜ ਆਫ ਕਟਾਰ ਸਿੰਘ ਵਾਲਾ ਦੇ ਬੱਚਿਆ ਵੱਲੋਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਡਾ ਰਾਜਬਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ,ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਡੀ.ਈ.ਓ ਇੰਦੂ ਗੁਪਤਾ, ਡੀ.ਈ.ਓ ਸੁਖਵਿੰਦਰ ਸਿੰਘ ,ਕਰਨ ਸਿੰਘ, ਟੀਚਰ ਸ਼ਰਨਜੀਤ ਕੌਰ ਅਤੇ ਯਸ਼ਲੀਨ ਹਾਜ਼ਰ ਸਨ ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਸਬੰਧੀ ਮੂਲ ਭੁਲਾਵਿਆਂ ਨੂੰ ਦੂਰ ਕਰਦੇ ਹੋਏ ਅਤੇ ਉੱਚ ਰਕਤਚਾਪ (ਹਾਈਪਰਟੈਂਸ਼ਨ) ਵਰਗੀ ਗੰਭੀਰ ਬੀਮਾਰੀ ਬਾਰੇ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ ਵਿੱਚ ਹਾਈਪਰਟੈਂਸ਼ਨ ਦੇ ਕਾਰਣ, ਲੱਛਣ, ਨੁਕਸਾਨ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਸੁਚੱਜੇ ਢੰਗ ਨਾਲ ਦਰਸਾਇਆ ਗਿਆ । ਨਾਟਕ ਰਾਹੀਂ ਇਹ ਦਰਸਾਇਆ ਗਿਆ ਕਿ ਕਿਵੇਂ ਅਣਕਾਬੂ ਰਕਤਚਾਪ ਹਿਰਦੇ ਰੋਗ, ਸਟ੍ਰੋਕ ਅਤੇ ਕਿਡਨੀ ਖ਼ਰਾਬੀ ਵਰਗੀਆਂ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ। ਨਾਲ ਹੀ, ਨੁਕਸਾਨ ਤੋਂ ਬਚਣ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਨਿਯਮਿਤ ਚੈੱਕਅੱਪ, ਘੱਟ ਨਮਕ ਵਾਲਾ ਖਾਣਾ, ਧੂਮਪਾਨ ਤੋਂ ਪਰਹੇਜ਼ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ।
ਸਥਾਨਕ ਨਾਗਰਿਕਾਂ ਨੇ ਇਸ ਨਾਟਕ ਨੂੰ ਵੱਡੀ ਗਿਣਤੀ ਵਿੱਚ ਦੇਖਿਆ ਅਤੇ ਇਸ ਦੀ ਭੂਮਿਕਾ ਦੀ ਭਾਰੀ ਪ੍ਰਸ਼ੰਸਾ ਕੀਤੀ।ਇਸ ਮਾਧਿਅਮ ਰਾਹੀਂ ਲੋਕਾਂ ਤੱਕ ਸਿੱਧਾ ਸੰਦੇਸ਼ ਪਹੁੰਚਾ ਜੋ ਉਨ੍ਹਾਂ ਦੀ ਸਿਹਤ ਸੰਭਾਲ ਲਈ ਮਦਦਗਾਰ ਸਾਬਤ ਹੋਵੇਗਾ। ਇਸ ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਾਇਪਰਟੈਂਸ਼ਨ ਇਕ ਗੰਭੀਰ ਪਰ ਨਿਯੰਤਰਤ ਕੀਤੀ ਜਾ ਸਕਣ ਵਾਲੀ ਬਿਮਾਰੀ ਹੈ, ਜੇਕਰ ਸਮੇਂ 'ਤੇ ਇਸ ਦੀ ਪਛਾਣ ਅਤੇ ਇਲਾਜ ਕੀਤਾ ਜਾਵੇ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਿਯਮਤ ਤੌਰ 'ਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ।