ਐਚਐਮਈਐਲ ਦੇ ਸਹਿਯੋਗ ਫੁੱਲੋਖਾਰੀ-ਕਣਕਵਾਲ ਸੜਕ ਦੀ ਉਸਾਰੀ ਕਾਰਜ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 4ਜੂਨ 2025: ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਨੇ ਸਮੁਦਾਇਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਐਨਐਚ-254 ਤੋਂ ਕਾਲਾਂਵਾਲੀ ਤੱਕ ਐਚਪੀਸੀਐਲ ਐਲਪੀਜੀ ਬੌਟਲਿੰਗ ਪਲਾਂਟ ਦੇ ਨੇੜੇ ਰਾਮਾਂ ਪਿੰਡ ਤੋਂ ਲੈ ਕੇ ਫੁੱਲੋਖਾਰੀ ਅਤੇ ਕਣਕਵਾਲ ਤੱਕ ਦੀ 6.8 ਕਿਲੋਮੀਟਰ ਲੰਮੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਸੜਕ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਹੈ, ਜਿਸ ਵਿੱਚ ਐਚਐਮਈਐਲ ਦੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਹ ਯੋਜਨਾ ਨਾ ਸਿਰਫ ਰਾਮਾਂ, ਕਨਕਵਾਲ ਅਤੇ ਫੁੱਲੋਖਾਰੀ ਦੇ ਨਿਵਾਸੀਆਂ ਨੂੰ ਲਾਭ ਦਵੇਗੀ, ਸਗੋਂ ਗਿਆਨਾ, ਦੇਸੂ, ਮਲਕਾਣਾ ਅਤੇ ਕਾਲਾਂਵਾਲੀ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਆਵਾਜਾਈ ਵਿੱਚ ਵਧੀਆ ਸੁਵਿਧਾ ਪ੍ਰਦਾਨ ਕਰੇਗੀ।
ਇਸ ਨਾਲ ਰਾਮਾਂ ਤੋਂ ਬਠਿੰਡਾ ਆਉਣ ਜਾਂ ਜਾਣ ਵਾਲੀ ਯਾਤਰਾ ਅਸਾਨ ਹੋ ਜਾਏਗੀ। ਲੋਕ ਨਿਰਮਾਣ ਵਿਭਾਗ ਦੇ ਐਕਸੀਈਐਨ ਓਮਕਾਰ ਸਿੰਘ ਅਤੇ ਐਸ.ਡੀ.ਓ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਇਲਾਵਾ ਨੌਰੰਗ ਚੌਕ ਤੋਂ ਲੈ ਕੇ ਹਰਿਆਣਾ-ਪੰਜਾਬ ਸਰਹੱਦ ਤੱਕ ਦੀ ਲਗਭਗ 0.7 ਕਿਲੋਮੀਟਰ ਲੰਮੀ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਸੜਕ ਦੀ ਚੌੜਾਈ 18 ਫੁੱਟ ਤੋਂ ਵਧਾ ਕੇ 23 ਫੁੱਟ ਕੀਤੀ ਜਾ ਰਹੀ ਹੈ, ਜਿਸ ਨਾਲ ਹਰਿਆਣਾ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਨੂੰ ਸੁਚੱਜੀ ਆਵਾਜਾਈ ਮਿਲੇਗੀ ਅਤੇ ਟਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਾਇਓ ਈਥਨੋਲ ਪਲਾਂਟ ਵੱਲ ਜਾਣ ਵਾਲੀ ਸੜਕ ਦੇ 2.91 ਕਿਲੋਮੀਟਰ ਹਿੱਸੇ ਦਾ ਵੀ ਨਿਰਮਾਣ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਸਾਰੀਆਂ ਸੜਕਾਂ ਤਿਆਰ ਹੋਣ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਆਲੇ-ਦੁਆਲੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਆਸਾਨੀ ਹੋਵੇਗੀ। ਪਿੰਡ ਕਣਕਵਾਲ ਦੇ ਸਰਪੰਚ ਜਸਵਿੰਦਰ ਸਿੰਘ ਨੇ ਸੜਕ ਨਿਰਮਾਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਾਫੀ ਸਮੇਂ ਤੋਂ ਸੜਕ ਦੀ ਖਸਤਾਹਾਲ ਹਾਲਤ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਸੜਕ ਬਣਣ ਨਾਲ ਲੋਕਾਂ ਨੂੰ ਦੈਨੀਕ ਕੰਮਕਾਜ ਲਈ ਆਉਣ-ਜਾਣ ਵਿੱਚ ਵਧੀਆ ਸੁਵਿਧਾ ਮਿਲੇਗੀ ਅਤੇ ਕਾਲਾਂਵਾਲੀ ਜਾਣ ਵਿੱਚ ਵੀ ਸਮਾਂ ਬਚੇਗਾ। ਇਸੇ ਤਰ੍ਹਾਂ ਪਿੰਡ ਫੁੱਲੋਖਾਰੀ ਦੀ ਸਰਪੰਚ ਸੁਖਦੀਪ ਕੌਰ ਨੇ ਵੀ ਐਚਐਮਈਐਲ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਪਿੰਡ ਵਾਸੀਆਂ ਲਈ ਇੱਕ ਵੱਡੀ ਸੌਗਾਤ ਹੈ।