‘‘ਅੰਬੇਡਕਰ ਦੇ ਸੁਪਨੇ ਸਾਡੀ ਪ੍ਰੇਰਣਾ’’
ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਦਾ 134ਵਾਂ ਜਨਮ ਦਿਵਸ ਮਨਾਇਆ
-ਮਿਸ਼ਨਰੀ ਗਾਇਕਾ ਪ੍ਰੀਆ ਬੰਗਾ ਨੇ ਬੰਨਿ੍ਹਆ ਰੰਗ
ਔਕਲੈਂਡ 01 ਜੂਨ 2025 (ਹਰਜਿੰਦਰ ਸਿੰਘ ਬਸਿਆਲਾ)-ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਅੱਜ ਭਾਰਤ ਰਤਨ (ਭਾਰਤ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ‘ਫ੍ਰੈਂਕਲਿਨ ਦਾ ਸੈਂਟਰ’ ਪੁੱਕੀਕੋਹੀ ਵਿਖੇ ਦੁਪਹਿਰ 1 ਵਜੇ ਤੋਂ 6 ਵਜੇ ਤੱਕ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜਨਰਲ ਸਕੱਤਰ ਸ੍ਰੀ ਰੇਸ਼ਮ ਕਰੀਮਪੁਰੀ ਹੋਰਾਂ ਨੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖ ਕੇ ਕੀਤੀ। ਇਸ ਮੌਕੇ ਪੁੱਜੇ ਸੰਤ ਦੇਸ ਰਾਜ ਡੇਰਾ ਬਾਬਾ ਗੋਬਿੰਦ ਦਾਸ ਫਗਵਾੜਾ ਵਾਲਿਆਂ ਨੇ ਸ਼ਮਾਂ ਰੌਸ਼ਨ ਕਰਕੇ ਰਸਮੀ ਤੌਰ ਉਤੇ ਸਮਾਗਮ ਆਰੰਭ ਕਰਵਾਇਆ। ਰਾਕੇਸ਼ ਚੰਦਰ ਹੋਰਾਂ ਨੇ ਚਰਨ ਵੰਦਨਾ ਕੀਤੀ। ਸਵਾਗਤੀ ਭਾਸ਼ਣ ਦੇ ਵਿਚ ਸੁਸਾਇਟੀ ਦੇ ਪ੍ਰਧਾਨ ਸ੍ਰੀ ਮਹਿੰਦਰ ਪਾਲ ਹੋਰਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਸਿਖਿਆਵਾਂ ਉਤੇ ਸੰਖੇਪ ਚਾਨਣਾ ਪਾਇਆ ਅਤੇ ਅੰਬੇਡਕਰ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰਣ ਕੀਤਾ। ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਵਿਚ ਸ੍ਰੀ ਨਰਿੰਦਰ ਸਹੋਤਾ, ਝਲਮਣ ਸਿੰਘ, ਸਤਿੰਦਰ ਪੱਪੀ, ਹਰਜਿੰਦਰ ਸਿੰਘ ਬਸਿਆਲਾ, ਹੰਸ ਰਾਜ, ਬਿੱਲਾ ਮੁੱਗੋਵਾਲੀਆ-ਹਨੀ ਦੀ ਗਾਇਕ ਜੋੜੀ ਅਤੇ ਹੋਰ ਕਈ ਬੁਲਾਰਿਆਂ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ। ਸੰਤ ਜਸਵਿੰਦਰ ਪਾਲ ਅਤੇ ਸ੍ਰੀ ਮਨਜੀਤ ਸੰਧੂ ਵੀ ਇਸ ਮੌਕੇ ਹੇਸਟਿੰਗਜ਼ ਤੋਂ ਪੁੱਜੇ। ਇਸ ਮੌਕੇ ਬਾਬਾ ਸਾਹਿਬ ਭੀਮ ਰਾਓ ਹੋਰਾਂ ਦੇ ਜੀਵਨ ਸਫਰ ਦੀਆਂ ਸਿਖਿਆਵਾਂ ਉਤੇ ਚਾਨਣਾ ਪਾਉਂਦਾ ਇਕ ਪਰਚਾ ਵੀ ਜਾਰੀ ਕੀਤਾ ਗਿਆ। ਕਿਤਾਬਾਂ ਦਾ ਸਟਾਲ ਵੀ ਇਸ ਮੌਕੇ ਖਿੱਚ ਦਾ ਕੇਂਦਰ ਰਿਹਾ।
ਇੰਡੀਆ ਤੋਂ ਵਿਸ਼ੇਸ਼ ਤੌਰ ਉਤੇ ਪੁੱਜੀ ਮਿਸ਼ਨਰੀ ਗਾਇਕਾ ਬੀਬਾ ਪ੍ਰੀਆ ਬੰਗਾ ਦੀ ਬੀਬੀਆਂ ਵੱਲੋਂ ਭਰਵੀਂ ਐਂਟਰੀ ਕਰਵਾਈ ਗਈ। ਗੁਰਬਾਣੀ ਦੀਆਂ ਕੁਝ ਸਤਰਾਂ ਨਾਲ ਉਨ੍ਹਾਂ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦੇ ਵਿਚ ਕੀ ਬੋਰਡ ਉਤੇ ਦਿਨੇਸ਼ ਸਿੰਘ ਸਾਬੀ ਅਤੇ ਕੋਰਸ ਵਿਚ ਬਿੱਲਾ ਮੁੱਗੋਵਾਲੀਆ-ਹਨੀ ਨੇ ਸਾਥ ਦਿੱਤਾ। ਪ੍ਰੀਆ ਬੰਗਾ ਨੇ ਲਗਪਗ 3 ਘੰਟੇ ਤੱਕ ਇਹ ਰੰਗਾ-ਰੰਗ ਪ੍ਰੋਗਰਾਮ ਕਰਕੇ ਦਰਸ਼ਕਾਂ ਦਾ ਜਿੱਤ ਲਿਆ।
ਉਨ੍ਹਾਂ ਨੇ ਆਪਣੇ ਚਰਚਿਤ ਮਿਸ਼ਨਰੀ ਗੀਤਾਂ ਦੇ ਨਾਲ ਜਿੱਥੇ ਬਾਬਾ ਸਾਹਿਬ ਨੂੰ ਸਿਜਦਾ ਕੀਤਾ ਉਥੇ ਸੰਵਿਧਾਨ ਨਾਲ ਛੇੜ-ਛਾੜ ਕਰਦੀਆਂ ਸਰਕਾਰਾਂ ਉਤੇ ਵੀ ਗੀਤਾਂ ਦੇ ਵਿਚ ਟਕੋਰ ਕੀਤੀ। ਅਮਰਜੀਤ ਬੰਗੜ, ਕੁਲਵਿੰਦਰ ਝਮਟ, ਪਰਮਜੀਤ ਮਹਿਮੀ, ਜਸਵਿੰਦਰ ਸੰਧੂ, ਅਵਤਾਰ ਤਰਕਸ਼ੀਲ, ਮਲਕੀਅਤ ਸਹੋਤਾ, ਨਿਰਮਲਜੀਤ ਸਿੰਘ ਭੱਟੀ, ਹੰਸਰਾਜ ਕਟਾਰੀਆ,ਰਵਿੰਦਰ ਝਮਟ ਤੋਂ ਇਲਾਵਾ ਰੇਡੀਓ ਸਪਾਈਸ ਮੀਡੀਆ ਤੋਂ ਸ. ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ, ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਪਹੁੰਚੇ ਸਨ। ਪ੍ਰਬੰਧਕਾਂ ਵੱਲੋਂ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਚਾਹ-ਪਾਣੀ ਅਤੇ ਦੁਪਹਿਰ ਦੇ ਭੋਜਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।