ਰੇਤ ਨਾਲ ਭਰੇ ਟਿੱਪਰ ਦਾ ਫਟਿਆ ਟਾਇਰ ਤਾਂ ਜਾ ਟਕਰਾਇਆ ਦਰਖਤਾਂ ਨਾਲ
ਛਾਲ ਮਾਰ ਕੇ ਮਸਾਂ ਬਚਿਆ ਡਰਾਈਵਰ
ਟਿੱਪਰ ਦੇ ਉੱਡੇ ਪਰਖੱਚੇ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਸੁਲਤਾਨਪੁਰ ਨੇੜੇ ਸਵੇਰੇ ਤੜਕ ਸਾਰ 5 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਿੱਪਰ ਅਗਲਾ ਟਾਇਰ ਫਟਣ ਕਾਰਨ ਦੁਰਘਟਨਾ ਗ੍ਰਸਤ ਹੋ ਗਿਆ ਅਤੇ ਸੜਕ ਦੇ ਕਿਨਾਰੇ ਉੱਗੇ ਦੋ ਦਰਖਤਾਂ ਦੇ ਵਿੱਚ ਜਾ ਟਕਰਾਇਆ । ਟਿੱਪਰ ਰੇਤ ਨਾਲ ਭਰਿਆ ਸੀ ਅਤੇ ਕਿੰਨਾ ਤੇਜ਼ ਹੋਵੇਗਾ ਇਸਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਦਰਖਤਾਂ ਨਾਲ ਟਕਰਾਉਣ ਉਪਰੰਤ ਟਿੱਪਰ ਦੇ ਅਗਲੇ ਹਿੱਸੇ ਦੇ ਪਰਖਚੇ ਉੱਡ ਗਏ ਅਤੇ ਉਸ ਵਿੱਚ ਭਰੀ ਕਾਫੀ ਰੇਤ ਵੀ ਖਿਲਰ ਗਈ । ਜਾਣਕਾਰੀ ਅਨੁਸਾਰ ਡਰਾਈਵਰ ਨੇ ਜਦੋਂ ਮਹਿਸੂਸ ਕਰ ਲਿਆ ਕਿ ਟਿੱਪਰ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ ਤਾਂ ਉਸ ਨੇ ਤੁਰੰਤ ਬਾਰੀ ਖੋਲ ਕੇ ਛਲਾੰਗ ਲਗਾ ਦਿੱਤੀ ਜਿਸ ਕਾਰਨ ਉਸਦੀ ਜਾਨ ਬਚ ਗਈ । ਬਾਅਦ ਵਿੱਚ ਇੱਕ ਹੋਰ ਟਰਾਲੀ ਮੰਗਾ ਕੇ ਟਿੱਪਰ ਵਿੱਚੋਂ ਰੇਤ ਲੱਦ ਕੇ ਜੇਸੀਬੀ ਦੀ ਸਹਾਇਤਾ ਨਾਲ ਟਿੱਪਰ ਨੂੰ ਕੱਢਿਆ ਗਿਆ। ਟਿੱਪਰ ਵਿੱਚ ਪਠਾਨਕੋਟ ਦੇ ਇੱਕ ਕਰੈਸ਼ਰ ਤੋਂ ਰੇਤ ਲੱਦ ਕੇ ਘੁਮਾਣ ਭੇਜੀ ਜਾ ਰਹੇ ਸੀ।
ਜਾਣਕਾਰੀ ਦਿੰਦਿਆਂ ਕਰੈਸ਼ਰ ਦੇ ਕਰਿੰਦਿਆ ਮਲਕੀਤ ਅਤੇ ਸੰਨੀ ਨੇ ਦੱਸਿਆ ਕਿ ਪਠਾਨਕੋਟ ਦੇ ਇੱਕ ਕਰੈਸ਼ਰ ਤੋਂ ਰੇਤ ਲੱਦ ਕੇ ਟਿੱਪਰ ਵਿੱਚ ਘੁਮਾਣ ਭੇਜੀ ਜਾ ਰਹੀ ਸੀ ਅਤੇ ਟਿੱਪਰ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ , ਸਵੇਰੇ 5 ਵਜੇ ਦੇ ਕਰੀਬ ਟਿੱਪਰ ਦਾ ਟਾਇਰ ਫੱਟ ਗਿਆ ਤੇ ਡਰਾਈਵਰ ਦਾ ਉਸ ਤੇ ਕੰਟਰੋਲ ਨਹੀਂ ਰਿਹਾ ਜਿਸ ਕਾਰਨ ਟਿੱਪਰ ਸੜਕ ਕਿਨਾਰੇ ਦਰਖਤਾਂ ਨਾਲ ਜਾ ਟਕਰਾਇਆ ਤੇ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਦੁਰਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ । ਹੁਣ ਰੇਤ ਇੱਕ ਟਰਾਲੀ ਮੰਗਾ ਕੇ ਉਸ ਵਿੱਚ ਲੱਦੀ ਜਾ ਰਹੀ ਹੈ ਅਤੇ ਘੁਮਾਣ ਭੇਜੀ ਜਾ ਰਹੀ ਹੈ ਜਦਕਿ ਟਿੱਪਰ ਨੂੰ ਜੇਸੀਬੀ ਦੀ ਸਹਾਇਤਾ ਨਾਲ ਕੱਢ ਕੇ ਵਾਪਸ ਲਿਜਾਇਆ ਜਾਏਗਾ ।