ਜਲ ਸਰੋਤਾਂ ਦੇ ਸੁਕਣ ਅਤੇ ਰਾਜਸੀ ਆਗੂਆਂ ਦੀ ਮੰਦਭਾਗੀ ਬਿਆਨਬਾਜ਼ੀ ਤੇ ਬਾਬਾ ਬਲਬੀਰ ਸਿੰਘ ਨੇ ਚਿੰਤਾ ਪ੍ਰਗਟਾਈ
ਸ੍ਰੀ ਅਨੰਦਪੁਰ ਸਾਹਿਬ:- 3 ਮਈ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਲੋਂ ਪੰਜਾਬ ਤੇ ਹਰਿਆਣਾ ਦਰਮਿਆਨ ਪਾਣੀਆਂ ਦੀ ਵੰਡ ਸੰਬੰਧੀ ਜੋ ਰੇੜਕਾ ਪਿਆ ਹੈ, ਉਸ ਨੂੰ ਇਸ ਰਾਜ ਖਿੱਤੇ ਲਈ ਮੰਦਭਾਗਾ ਕਿਹਾ ਹੈ। ਨਿਹੰਗ ਮੁਖੀ ਨੇ ਕਿਹਾ ਪਿਛਲੇ ਲੰਮੇ ਸਮੇਂ ਤੋਂ ਬੋਰਡ ਦੇ ਪ੍ਰਬੰਧ ਹੇਠ ਰਾਜਾਂ ਦਰਮਿਆਨ ਪਾਣੀਆ ਦੀ ਵੰਡ ਨੂੰ ਲੈ ਕੇ ਉੱਠਦੇ ਰਹੇ ਵਿਵਾਦ ਸੁਚੱਜੇ ਢੰਗ ਨਾਲ ਨਿਪਟਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਇਸ ਵਾਰ ਉੱਠੇ ਇਸ ਵਿਵਾਦ ਦੀ ਸੁਰ ਇੰਨੀ ਉੱਚੀ ਕਿਉਂ ਹੋਈ ਹੈ ਅਤੇ ਇਹ ਮਸਲਾ ਇਨਾ ਗੁੰਝਲਦਾਰ ਕਿਉਂ ਹੋਇਆ। ਸਭ ਸੰਬੰਧਿਤ ਧਿਰਾਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਪੰਜਾਬ ਦੇ ਪਾਣੀ ਸਬੰਧੀ ਲੋੜਾਂ ਨੂੰ ਵੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਆਪਣੇ ਫੈਸਲੇ ਨੂੰ ਲਾਗੂ ਕਰਨ ਲਈ ਬੋਰਡ ਦੇ ਅਫ਼ਸਰਾਂ ਨੂੰ ਬਦਲਿਆ ਜਾਣਾ, ਬੇਹੱਦ ਇਤਰਾਜ਼ਯੋਗ ਅਤੇ ਨਿੰਦਣਯੋਗ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਸਰਕਾਰਾਂ ਤੇ ਰਾਜਸੀ ਆਗੂਆਂ ਦੀ ਬਿਆਨ ਬਾਜੀ ਨੇ ਅਜਿਹੀ ਅਜੀਬ ਸਥਿਤੀ ਪੈਦਾ ਕਰ ਦਿੱਤੀ, ਜੋ ਵਿਵਾਦ ਬੇਹੱਦ ਵਧਦਾ ਜਾ ਰਿਹਾ ਹੈ। ਜਿੱਥੋਂ ਤੱਕ ਪਾਣੀਆਂ ਦੀ ਸੁਚੱਜੀ ਵਰਤੋਂ ਦਾ ਸੰਬੰਧ ਹੈ, ਅਸੀਂ ਸਮਝਦੇ ਕਿ ਪਿਛਲੇ ਲੰਮੇ ਸਮੇਂ ਤੋਂ ਦੋਵੇਂ ਹੀ ਰਾਜ ਸਰਕਾਰਾਂ ਨੇ ਧਰਤੀ ਹੇਠਲੇ ਪਾਣੀ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ, ਜਿਸ ਨਾਲ ਪਾਣੀ ਦਾ ਇਹ ਸਰੋਤ ਸੁੱਕਣ ਦੇ ਕਿਨਾਰੇ `ਤੇ ਆ ਗਿਆ ਹੈ। ਦੋਵੇਂ ਰਾਜ ਇਸ ਪਤੀ ਅਣਗਹਿਲੀ ਵਰਤਦੇ ਹੋਏ, ਇਸ ਸਰੋਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਆਮਾਦਾ ਹਨ। ਉਨ੍ਹਾਂ ਕਿਹਾ ਖੇਤੀ ਸਨਅਤਾਂ, ਕਸਬਿਆ ਸ਼ਹਿਰਾਂ ਵਿਚ ਪਾਣੀ ਦੀ ਵਰਤੋਂ ਪ੍ਰਤੀ ਵੱਡੀ ਅਣਗਹਿਲੀ ਵਰਤੀ ਜਾ ਰਹੀ ਹੈ। ਸਥਾਨਕ ਸਰਕਾਰਾਂ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਜ਼ਾਬਤਾ ਲਿਆਉਣ ਜਾਂ ਇਸ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਵਿਚ ਅਸਫਲ ਰਹੀਆਂ ਹਨ। ਉਨ੍ਹਾਂ ਸੁਹਿਰਦਾ ਨਾਲ ਕਿਹਾ ਜੇ ਆਉਂਦੇ ਸਮੇਂ ਵਿਚ ਦਰਿਆਵਾਂ `ਤੇ ਨਿਰਭਰਤਾ ਵਧਣ ਨਾਲ ਇਹ ਸੰਕਟ ਵਧਦਾ ਰਹੇਗਾ ਅਤੇ ਇਸ ਦਾ ਸਾਹਮਣਾ ਕਰਨਾਂ ਸਰਕਾਰਾਂ ਅਤੇ ਲੋਕਾਂ ਦੀ ਮਜਬੂਰੀ ਹੋਵੇਗੀ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਪਾਣੀ ਦੀ ਬੱਚਤ ਲਈ ਨਵੀਆਂ ਤਕਨੀਕਾਂ ਈਜਾਦ ਕਰਨ ਦੀ ਲੋੜ ਹੈ। ਉੱਥੇ ਬਾਰਿਸ਼ ਅਤੇ ਹੋਰ ਸਰੋਤਾਂ ਦੇ ਪਾਣੀ ਨੂੰ ਹਰ ਸੂਰਤ ਵਿਚ ਸੰਭਾਲੇ ਜਾਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਅਸੀਂ ਸਿਆਸੀ ਪਾਰਟੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ `ਤੇ ਆਪਸੀ ਮੁਕਾਬਲੇਬਾਜ਼ੀ ਵਿਚ ਨਾ ਪੈਣ। ਰਾਜ ਸਰਕਾਰਾਂ ਮਿਲ-ਬੈਠ ਕੇ ਭਰਾਤਰੀ ਭਾਵ ਨਾਲ ਅਤੇ ਨਿਆ ਸੰਗਤ ਢੰਗ ਨਾਲ ਇਸ ਨੂੰ ਹੱਲ ਕਰਨ ਲਈ ਗੰਭੀਰ ਹੋ ਕੇ ਯਤਨ ਕਰਨ।