ਅੰਡਰ ਏਜ ਚਾਲਕ, ਪਟਾਕੇ ਮਾਰਨ ਵਾਲੇ ਬੁਲੇਟ ਅਤੇ ਟਰਿਪਲ ਰਾਈਡਿੰਗ ਕਰਨ ਵਾਲੇ ਰਹਿਣ ਸਾਵਧਾਨ
ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਲਗਾਤਾਰ ਨਾਕੇ ਲਗਾ ਕੇ ਕੱਟ ਰਹੀ ਚਲਾਨ
ਰੋਹਿਤ ਗੁਪਤਾ
ਗੁਰਦਾਸਪੁਰ
ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕੇ ਲਗਾ ਕੇ ਚਲਾਨ ਕੱਟੇ ਜਾ ਰਹੇ ਹਨ। ਹੋਲੀ ਦੇ ਤਿਉਹਾਰ ਤੇ ਹੁਲੜਬਾਜ਼ੀ ਕਰਨ ਵਾਲਿਆਂ ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਨਾਲ ਹੀ ਅੰਡਰ ਏਜ ਦੋਪਹੀਆ ਵਾਹਨ ਚਾਲਕਾਂ ਅਤੇ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਅਤੇ ਇਸ ਦੇ ਲਈ ਕਿਸੇ ਦੀ ਸਿਫਾਰਿਸ਼ ਵੀ ਨਹੀਂ ਮੰਨੀ ਜਾ ਰਹੀ। ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਲਗਾਤਾਰ ਸਕੂਲਾਂ ਵਿੱਚ ਜਾ ਕੇ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਪਰ ਹੁਣ ਜੇਕਰ ਕੋਈ ਨਬਾਲਗ ਬੱਚਾ ਕਾਬੂ ਆਉਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਬੁਲੇਟ ਮੋਟਰਸਾਈਕਲ ਜੋ ਪਟਾਕੇ ਮਾਰਦੇ ਹਨ ਉਹਨਾਂ ਨੂੰ ਵੀ ਜਾਂ ਤਾਂ ਇੰਪਾਉਂਡ ਕੀਤਾ ਜਾ ਰਿਹਾ ਹੈ ਜਾਂ ਫਿਰ ਮੋਟੇ ਚਲਾਨ ਕੱਟੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਅੱਜ ਲੜਕੀਆਂ ਦੇ ਸਕੂਲ ਦੇ ਬਾਹਰ ਨਾਕਾ ਲਗਾ ਕੇ ਦੱਸ ਦੇ ਕਰੀਬ ਚਲਾਨ ਕੱਟੇ ਗਏ ਹਨ ਅਤੇ ਚਾਰ ਮੋਟਰਸਾਈਕਲ ਵੀ ਇੰਪਾਉਂਡ ਕੀਤੇ ਗਏ।