ਚੰਡੀਗੜ੍ਹ, 18 ਅਗਸਤ, 2016 : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੰਤਾਪ ਦੇ ਮਾੜੇ ਦੌਰ ਦੋਰਾਨ ਪੰਜਾਬ ਵਿਚੋਂ ਵਿਦੇਸ਼ਾਂ ਵਿਚ ਸ਼ਰਨ ਲੈਣ ਵਾਲੇ 212 ਪੰਜਾਬੀਆਂ ਨੂੰ ਕਾਲੀ ਸੂਚੀ ਵਿਚੋਂ ਕੱਢੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦੁਆਇਆ ਹੈ ਕਿ ਇਸ ਕਾਲੀ ਸੂਚੀ ਵਿਚ ਬਾਕੀ ਰਹਿੰਦੇ ਪੰਜਾਬੀਆਂ ਦੇ ਨਾਂ ਕੱਢਣ ਬਾਰੇ ਕੇਂਦਰ ਨਾਲ ਲਗਾਤਾਰ ਰਾਬਤਾ ਕਾਇਮ ਰਖਿਆ ਜਾਵੇਗਾ।
ਅੱਜ ਇਥੇ ਇਕ ਬਿਆਨ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਵਲੋਂ 324 ਪੰਜਾਬੀਆਂ ਦੀ ਕਾਲੀ ਸੂਚੀ ਵਿਚੋਂ 212 ਪੰਜਾਬੀਆਂ ਨੂੰ ਬਾਹਰ ਕੱਢੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਉਚੇਚੇ ਯਤਨਾ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਵਲੋਂ ਸਮੇਂ ਸਮੇਂ 'ਤੇ ਪ੍ਰਵਾਸੀ ਪੰਜਾਬੀਆਂ ਨਾਲ ਇਹ ਕਾਲੀ ਸੂਚੀ ਖਤਮ ਕਰਾਉਣ ਲਈ ਕੀਤੇ ਵਾਅਦੇ ਉਪਰੰਤ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਕੀਤੀਆਂ ਉਚੇਚੀਆਂ ਮੀਟਿੰਗਾਂ ਸਦਕਾ ਇਹ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਲੀ ਸੂਚੀ ਵਿਚ ਸ਼ਾਮਲ ਕੀਤੇ ਬਹੁਤੇ ਵਿਅਕਤੀਆਂ ਦਾ ਕਿਸੇ ਜੁਰਮ ਨਾਲ ਸਬੰਧ ਨਹੀਂ ਸੀ ਅਤੇ ਅਜਿਹੇ ਵਿਅਕਤੀਆਂ ਨੂੰ ਕਾਲੀ ਸੂਚੀ ਵਿਚ ਰਖਣਾ ਵਾਜਿਬ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਕਾਲੀ ਸੂਚੀ ਪੰਜਾਬ ਵਿਰੋਧੀ ਪਾਰਟੀ ਕਾਂਗਰਸ ਵਲੋ ਸਿੱਖ ਭਾਈਚਾਰੇ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਤਿਆਰ ਕੀਤੀ ਗਈ ਸੀ ਜਿਸ ਪ੍ਰਤੀ ਹੁਣ ਐਨ.ਡੀ.ਏ ਸਰਕਾਰ ਨੇ ਹਮਦਰਦੀ ਨਾਲ ਗੌਰ ਕਰਦਿਆਂ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਉਹ ਆਪਣੇ ਵਤਨ ਵਾਪਸੀ ਪਾ ਸਕਣਗੇ ਅਤੇ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ।
ਉਪ ਮੁੱਖ ਮੰਤਰੀ ਨੇ ਪ੍ਰਵਾਸੀ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਬਾਕੀ ਰਹਿੰਦੇ ਪੰਜਾਬੀਆਂ ਨੂੰ ਕਾਲੀ ਸੂਚੀ ਵਿਚੋ ਕੱਢਣ ਲਈ ਕੇਂਦਰ ਨਾਲ ਲਗਾਤਾਰ ਸੰਪਰਕ ਕੀਤਾ ਜਾਵੇਗਾ।