ਐਲਾਨੇ ਗਏ ਉਮੀਦਵਾਰਾਂ ਦੀਆ ਤਸਵੀਰਾਂ I
ਚੰਡੀਗੜ੍ਹ, 5 ਅਗਸਤ 2016 : ਆਮ ਆਦਮੀ ਪਾਰਟੀ (ਆਪ) ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 19 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿੱਚ ਬਹੁਤੇ ‘ਆਪ’ ਦੇ ਅਹੁਦੇਦਾਰ ਹਨ। ਅੱਜ ਉਮੀਦਵਾਰਾਂ ਦਾ ਐਲਾਨ ਕਰਨ ਵੇਲੇ ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਗ਼ੈਰਹਾਜ਼ਰੀ ਨਾਲ ਪਾਰਟੀ ਵਿਚਲੀ ਫੁੱਟ ਜੱਗ ਜ਼ਾਹਿਰ ਹੋ ਗਈ ਹੈ।
ਦੱਸਣਯੋਗ ਹੈ ਕਿ ਸ੍ਰੀ ਛੋਟੇਪੁਰ ਦੀ ਸੱਜੀ ਬਾਂਹ ਮੰਨੇ ਜਾਂਦੇ ਹਰਦੀਪ ਕਿੰਗਰਾ ਨੇ ਕੱਲ੍ਹ ਅਸਤੀਫ਼ਾ ਦੇ ਕੇ ਪਾਰਟੀ ਦੀ ਕੌਮੀ ਲੀਡਰਸ਼ਿਪ ’ਤੇ ਗੰਭੀਰ ਦੋਸ਼ ਲਾਏ ਸਨ। ਸੂਤਰਾਂ ਅਨੁਸਾਰ ਸ੍ਰੀ ਛੋਟੇਪੁਰ ਵੀ ਟਿਕਟਾਂ ਦਾ ਐਲਾਨ ਕਰਨ ਮੌਕੇ ਰੋਸ ਵਜੋਂ ਸ਼ਾਮਲ ਨਹੀਂ ਹੋਏ। ਪਹਿਲੀ ਸੂਚੀ ਵਿੱਚ ਸ੍ਰੀ ਛੋਟੇਪੁਰ ਦੇ ਕਿਸੇ ਵੀ ਨਜ਼ਦੀਕੀ ਨੂੰ ਟਿਕਟ ਨਹੀਂ ਦਿੱਤੀ ਗਈ। ਅੱਜ ‘ਆਪ’ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਆਗੂ ਕਰਨਵੀਰ ਸਿੰਘ ਟਿਵਾਣਾ, ਅਮਨ ਅਰੋੜਾ ਤੇ ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਐਡਵੋਕੇਟ ਹਰਜੋਤ ਸਿੰਘ ਬੈਂਸ (25) ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ (ਲੁਧਿਆਣਾ), ਕਾਨੂੰਨੀ ਸੈੱਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ (36) ਨੂੰ ਮੁਹਾਲੀ, ਬੁਲਾਰੇ ਕੁਲਤਾਰ ਸਿੰਘ ਸੰਧਵਾਂ (40) ਨੂੰ ਕੋਟਕਪੂਰਾ, ਸੀਨੀਅਰ ਆਗੂ ਐਚ.ਐਸ. ਫੂਲਕਾ (60) ਨੂੰ ਦਾਖਾ, ਸੰਗਰੂਰ ਜ਼ੋਨ ਦੇ ਇੰਚਾਰਜ ਜਸਵੀਰ ਸਿੰਘ ਸੇਖੋਂ ਉਰਫ਼ ਜੱਸੀ ਸੇਖੋਂ (46) ਨੂੰ ਧੂਰੀ ਵਿਧਾਨ ਸਭਾ ਹਲਕਿਆਂ ਦੀਆਂ ਟਿਕਟਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਅਰਜਨ ਐਵਾਰਡੀ ਬਾਸਕਟਬਾਲ ਦੇ ਕੌਮਾਂਤਰੀ ਖਿਡਾਰੀ ਤੇ ਪਾਰਟੀ ਦੇ ਜਨਰਲ ਸਕੱਤਰ ਸੱਜਣ ਸਿੰਘ ਚੀਮਾ (59) ਨੂੰ ਸੁਲਤਾਨਪੁਰ ਲੋਧੀ, ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ (38) ਨੂੰ ਲੁਧਿਆਣਾ (ਪੱਛਮੀ), ਡਾਕਟਰ ਇੰਦਰਬੀਰ ਸਿੰਘ ਨਿੱਝਰ (60) ਨੂੰ ਅੰਮ੍ਰਿਤਸਰ (ਦੱਖਣ), ਯੂਥ ਵਿੰਗ ਦੇ ਮੀਤ ਪ੍ਰਧਾਨ ਸਮਰਬੀਰ ਸਿੰਘ ਸਿੱਧੂ (25) ਨੂੰ ਫ਼ਾਜ਼ਿਲਕਾ, ਨਗਰ ਕੌਂਸਲ ਰਮਦਾਸ ਦੇ ਸਾਬਕਾ ਪ੍ਰਧਾਨ ਰਾਜਪ੍ਰੀਤ ਸਿੰਘ ਰੰਧਾਵਾ (51) ਨੂੰ ਅਜਨਾਲਾ, ਪੋਲੀਟੀਕਲ ਰਿਵਿਊ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਬਰਾੜ (48) ਨੂੰ ਸ੍ਰੀ ਮੁਕਤਸਰ ਸਾਹਿਬ, ਗੁਰਦਿੱਤ ਸਿੰਘ ਸੇਖੋਂ (45) ਨੂੰ ਫ਼ਰੀਦਕੋਟ, ਬ੍ਰਿਗੇਡੀਅਰ ਰਾਜ ਕੁਮਾਰ (59) ਨੂੰ ਬਲਾਚੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ (60) ਨੂੰ ਫਤਿਹਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਲਾਪਰਾਂ (36) ਨੂੰ ਰਿਜ਼ਰਵ ਹਲਕਾ ਪਾਇਲ, ਬਠਿੰਡਾ ਜ਼ੋਨ ਦੇ ਮਹਿਲਾ ਵਿੰਗ ਦੀ ਪ੍ਰਧਾਨ ਰੁਪਿੰਦਰ ਕੌਰ ਰੂਬੀ (28) ਨੂੰ ਬਠਿੰਡਾ (ਦਿਹਾਤੀ), ਟਰਾਂਸਪੋਰਟਰ ਅਮਰਜੀਤ ਸਿੰਘ (38) ਨੂੰ ਰੂਪਨਗਰ ਅਤੇ ਐਸਸੀ ਵਿੰਗ ਦੇ ਜਨਰਲ ਸਕੱਤਰ ਸੰਤੋਖ ਸਿੰਘ ਸਲਾਣਾ (48) ਨੂੰ ਰਿਜ਼ਰਵ ਹਲਕਾ ਬੱਸੀ ਪਠਾਣਾਂ ਤੋਂ ਟਿਕਟਾਂ ਦਿੱਤੀਆਂ ਹਨ। ਪਿਛਲੇ ਸਮੇਂ ਬਸਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫਲੀਆਂਵਾਲਾ (60) ਨੂੰ ਰਾਖਵੇਂ ਹਲਕੇ ਫਿਰੋਜ਼ਪੁਰ (ਦਿਹਾਤੀ) ਤੋਂ ਟਿਕਟ ਦਿੱਤੀ ਗਈ ਹੈ, ਜਦੋਂਕਿ ਕਾਂਗਰਸ ਵਿੱਚੋਂ ਆਏ ਅਮਨ ਅਰੋੜਾ, ਸੁਖਪਾਲ ਖਹਿਰਾ ਤੇ ਸੀਡੀ ਸਿੰਘ ਕੰਬੋਜ਼ ਨੂੰ ਫਿਲਹਾਲ ਟਿਕਟਾਂ ਦੇਣ ਦਾ ਫ਼ੈਸਲਾ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਅੱਜ ਟਿਕਟਾਂ ਦਾ ਐਲਾਨ ਕਨਵੀਨਰ ਸ੍ਰੀ ਛੋਟੇਪੁਰ ਦੀ ਗ਼ੈਰਹਾਜ਼ਰੀ ਵਿੱਚ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਸ੍ਰੀ ਛੋਟੇਪੁਰ ਕੁਝ ਨਿੱਜੀ ਕਾਰਨਾਂ ਕਰਕੇ ਪ੍ਰੈੱਸ ਕਾਨਫ਼ਰੰਸ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਸ੍ਰੀ ਕਿੰਗਰਾ ਵੱਲੋਂ ਅਸਤੀਫ਼ਾ ਦੇਣ ਬਾਰੇ ਕਿਹਾ ਕਿ ਸ੍ਰੀ ਕਿੰਗੜਾ ਖ਼ੁਦ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ, ਇਸ ਲਈ ਹੁਣ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਦੂਜੇ ਪਾਸੇ ਸ੍ਰੀ ਕਿੰਗਰਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਦਿੱਲੀ ਤੋਂ ਆਏ ਆਗੂ ਸਿੱਖ ਆਗੂਆਂ ਨੂੰ ਜ਼ਲੀਲ ਕਰ ਰਹੇ ਹਨ ਅਤੇ ਉਹ ਇਨ੍ਹਾਂ ਨੂੰ ਬੇਨਕਾਬ ਕਰਨਗੇ।
ਇਸ ਦੌਰਾਨ ਸ੍ਰੀ ਸ਼ੇਰਗਿੱਲ ਨੂੰ ਟਿਕਟ ਦੇਣ ਵਿਰੁੱਧ ਮੁਹਾਲੀ ਦੇ ਕਈ ਆਗੂਆਂ ਨੇ ਬਗ਼ਾਵਤੀ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਕੁਝ ਆਗੂਆਂ ਨੇ ਹਲਫ਼ਨਾਮਾ ਦੇ ਕੇ ਸ੍ਰੀ ਚੀਮਾ ’ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਦੀ ਟਿਕਟ ਰੱਦ ਕਰਨ ਦੀ ਮੰਗ ਕੀਤੀ ਹੈ।
ਸਕਰੀਨਿੰਗ ਕਮੇਟੀ ਵੱਲੋਂ ਪ੍ਰਵਾਨ ਕੀਤੇ 26 ਉਮੀਦਵਾਰਾਂ ਵਿੱਚੋਂ ਸਿਰਫ਼ 19 ਦਾ ਹੀ ਐਲਾਨ ਕੀਤਾ ਗਿਆ ਹੈ, ਜਦੋਂਕਿ ਸੱਤ ਉਮੀਦਵਾਰਾਂ ’ਤੇ ਇਤਰਾਜ਼ ਉਠਣ ਕਾਰਨ ਉਨ੍ਹਾਂ ਦੇ ਨਾਮ ਰੋਕ ਲਏ ਹਨ, ਜਿਨ੍ਹਾਂ ਵਿੱਚ ਪ੍ਰੋਫ਼ੈਸਰ ਬਲਜਿੰਦਰ ਕੌਰ ਵੀ ਸ਼ਾਮਲ ਹੈ।
ਛੋਟੇਪੁਰ ਦੇ ਨਜ਼ਦੀਕੀ ਵਿਸਾਰੇ
ਸੂਤਰਾਂ ਅਨੁਸਾਰ ਸੁੱਚਾ ਸਿੰਘ ਛੋਟੇਪੁਰ ਦੇ ਨਜ਼ਦੀਕੀ ਹਰਦੀਪ ਕਿੰਗਰਾ ਫ਼ਰੀਦਕੋਟ ਹਲਕੇ ਦੀ ਸੀਟ ਦੇ ਦਾਅਵੇਦਾਰ ਸਨ ਪਰ ਗੁਰਦਿੱਤ ਸਿੰਘ ਸੇਖੋਂ ਨੂੰ ਟਿਕਟਾਂ ਦੇਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਇਸੇ ਤਰ੍ਹਾਂ ਸ੍ਰੀ ਛੋਟੇਪੁਰ ਦਾ ਇੱਕ ਹੋਰ ਨਜ਼ਦੀਕੀ ਲੁਧਿਆਣਾ (ਪੱਛਮੀ) ਹਲਕੇ ਲਈ ਦਾਅਵੇਦਾਰ ਸੀ ਪਰ ਇੱਥੇ ਵੀ ਅਹਿਬਾਬ ਸਿੰਘ ਗਰੇਵਾਲ ਨੂੰ ਟਿਕਟ ਦੇ ਦਿੱਤੀ ਗਈ। ਸ੍ਰੀ ਛੋਟੇਪੁਰ ਦੇ ਇੱਕ ਹੋਰ ਨਜ਼ਦੀਕੀ ਨੂੰ ਵੀ ਟਿਕਟ ਨਹੀਂ ਦਿੱਤੀ। ਫਤਿਹਗੜ੍ਹ ਚੂੜੀਆਂ ਲਈ ਐਲਾਨੇ ਉਮੀਦਵਾਰ ਸ੍ਰੀ ਸ਼ਾਮਪੁਰਾ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਸ੍ਰੀ ਛੋਟੇਪੁਰ ਦੇ ਹੀ ਜ਼ਿਲ੍ਹੇ ਗੁਰਦਾਸਪੁਰ ਦੇ ਵਿਰੋਧੀ ਧੜੇ ਵਿੱਚੋਂ ਜਾਣੇ ਜਾਂਦੇ ਹਨ।