ਰਾਮਪੁਰਾ ਹਲਕਾ: ‘ਝਾੜੂ ਨਾਲ ਤੱਕੜੀ ਹੂੰਝਣ’ ਨੂੰ ਲੈਕੇ ਸਿਆਸੀ ਹਲਕੇ ਹੈਰਾਨ
ਅਸ਼ੋਕ ਵਰਮਾ
ਬਠਿੰਡਾ,15 ਮਾਰਚ2022: ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਤਾਜਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹੋਈ ਹਾਰ ਨੂੰ ਲੈਕੇ ਸਿਆਸੀ ਹਲਕਿਆਂ ’ਚ ਹੈਰਾਨੀ ਬਣੀ ਹੋਈ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਣਕਿਆਸੀ ਜਿੱਤ ਨੂੂੰ ਲੈਕੇ ਆਮ ਲੋਕ ਤੇ ਸਿਆਸਤ ਦੇ ਜਾਣਕਾਰ ਓਨੀ ਦਿਲਚਸਪੀ ਨਹੀਂ ਦਿਖਾ ਰਹੇ ਜਿੰਨੀਆਂ ਇਕੱਲੇ ਰਾਮਪੂਰਾ ਹਲਕੇ ਦੇ ਚੋਣ ਗਣਿੱਤ ਲਈ ਉਂਗਲਾਂ ਟੁੱਕੀਆਂ ਜਾ ਰਹੀਆਂ ਹਨ। ਇੰਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਗਾਇਕ ਬਲਕਾਰ ਸਿੱਧੂ ਨੇ ਸਿਕੰਦਰ ਸਿੰਘ ਮਲੂਕਾ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਸ਼ਿਕਸਤ ਦਿੱਤੀ ਹੈ।
ਇੰਨ੍ਹਾਂ ਚੋਣਾਂ ’ਚ ਪੰਜਾਬ ਦਾ ਸਾਬਕਾ ਮਾਲ ਮੰਤਰੀ ਤੇ ਮਲੂਕਾ ਦਾ ਕੱਟੜ ਵਿਰੋਧੀ ਗੁਰਪ੍ਰੀਤ ਸਿੰਘ ਕਾਂਗੜ ਤੀਸਰੇ ਸਥਾਨ ਤੇ ਰਿਹਾ ਹੈ ਜਿਸ ਨੂੰ ਕੁੱਲ 28,077 ਵੋਟਾਂ ਪਈਆਂ ਹਨ। ਜੇਤੂ ਉਮੀਦਵਾਰ ਬਲਕਾਰ ਸਿੱਧੂ ਨੂੰ 55 ਹਜ਼ਾਰ 716 ਅਤੇ ਦੂਸਰੇ ਸਥਾਨ ਤੇ ਰਹਿਣ ਵਾਲੇ ਸਿਕੰਦਰ ਸਿੰਘ ਮਲੂਕਾ ਨੂੰ 45,386 ਵੋਟਾਂ ਪਈਆਂ ਹਨ। ਰੌਚਕ ਪਹਿਲੂ ਇਹ ਹੈ ਕਿ ਸਾਲ 2017 ’ਚ ਮਲੂਕਾ ਨੂੰ 44,844 ਵੋਟ ਪਏ ਸਨ ਜਿਸ ਤੋਂ ਜਾਹਰ ਹੈ ਕਿ ਅਕਾਲੀ ਦਲ ਦਾ ਕਾਡਰ ਵੋਟ ਪਿਛਲੇ ਪੰਜ ਸਾਲ ਦੌਰਾਨ ਸਥਿਰ ਰਿਹਾ ਹੈ ਜਦੋਂਕਿ ਇਸ ਵਾਰ ਇਸ ਦੇ ਵਧਣ ਸਬੰਧੀ ਅਨੁਮਾਨ ਲਾਏ ਜਾ ਰਹੇ ਸਨ।
ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਵੱਲੋਂ ਵੀ ਸਰਕਾਰ ਨੂੰ ਮਲੂਕਾ ਦੇ ਜਿੱਤਣ ਸਬੰਧੀ ਰਿਪੋਰਟ ਭੇਜੀ ਗਈ ਸੀ ਅਤੇ ਕੇਂਦਰੀ ਸੂਹੀਆ ਏਜੰਸੀਆਂ ਵੀ ਆਪਣੇ ਅਨੁਮਾਨਾਂ ’ਚ ਸਿਕੰਦਰ ਸਿੰਘ ਮਲੂਕਾ ਨੂੰ ਜੇਤੂ ਕਰਾਰ ਦੇ ਰਹੀਆਂ ਸਨ। ਫਿਰ ਚੋਣ ਨਤੀਜਿਆਂ ’ਚ ਅਜਿਹਾ ਕੀ ਵਾਪਰਿਆ ਕਿ ਅਕਾਲੀ ਉਮੀਦਵਾਰਾਂ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਰਾਮਪੁਰਾ ਹਲਕੇ ’ਚ ਝਾੜੂ ਫਿਰ ਗਿਆ ਜਿਸ ਨੂੰ ਲੈਕੇ ਅੱਜ ਵੀ ਮੰਥਨ ਦਾ ਦੌਰ ਚੱਲ ਰਿਹਾ ਹੈ। ਹਾਲੇ ਵੀ ਰਾਮਪੁਰਾ ਹਲਕੇ ’ਚ ਗਮੀ ਖੁਸ਼ੀ ਦੇ ਸਮਾਗਮਾਂ ਤੋਂ ਇਲਾਵਾ ਜਿੱਥੇ ਵੀ ਚਾਰ ਜਣੇ ਜੁੜਦੇ ਹਨ ਉੱਥੇ ਹੀ ਮਲੂਕਾ ਦੀ ਹਾਰ ਦੀਆਂ ਗੱਲਾਂ ਹੀ ਚੱਲਦੀਆਂ ਹਨ।
ਦਰਅਸਲ ਅਕਾਲੀ ਦਲ ਲਈ ਸੁਰੱਖਿਅਤ ਹਲਕਾ ਮੰਨੇ ਜਾਣ ਪਿੱਛੇ ਸਭ ਤੋਂ ਵੱਡਾ ਕਾਰਨ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਸਿਆਸੀ ਕੱਦ ਮੰਨਿਆ ਜਾ ਰਿਹਾ ਸੀ ਜੋਕਿ ਆਪਣੇ ਪੁੱਤਰ ਗੁਰਪ੍ਰੀਤ ਮਲੂਕਾ ਨੂੰ ਟਿਕਟ ਨਾਂ ਦੇਣ ਉਪਰੰਤ ਰੁੱਸ ਜਾਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਨਾਉਣ ਲਈ ਆਉਣ ਕਾਰਨ ਵਾਧਾ ਹੋਇਆ ਸੀ। ਲੋਕ ਮਹਿਸੂਸ ਕਰਦੇ ਸਨ ਕਿ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਕਮਾਂਡ ਸਾਂਭਣ ਦੇ ਬਾਵਜੂਦ ਵੱਡੇ ਬਾਦਲ ਦੀ ਸੱਜੀ ਬਾਂਹ ਸਿਕੰਦਰ ਸਿੰਘ ਮਲੂਕਾ ਦੀ ਅਹਿਮੀਅਤ ਬਰਕਰਾਰ ਹੈ। ਦੂਸਰਾ ਵੱਡਾ ਕਾਰਨ ਹਲਕੇ ’ਚ ਵੱਖ ਵੱਖ ਪਾਰਟੀਆਂ ਦੇ ਸਮਰਥਕਾਂ ਦੀ ਅਕਾਲੀ ਦਲ ’ਚ ਸ਼ਮੂਲੀਅਤ ਮੰਨੀ ਜਾ ਰਹੀ ਹੈ।
ਮੋਟੇ ਅਨੁਮਾਨਾਂ ਅਨੁਸਾਰ ਲੰਘੇ ਦੋ ਵਰਿਆਂ ’ਚ ਜਿੰਨੇ ਵੀ ਪ੍ਰੀਵਾਰ ਅਕਾਲੀ ਦਲ ਨਾਲ ਜੁੜੇ ਹਨ ਉਨ੍ਹਾਂ ਨਾਲ ਸਬੰਧਤ ਵੋਟਾਂ ਦੀ ਗਿਣਤੀ ਤਕਰੀਬਨ 36 ਹਜ਼ਾਰ ਬਣਦੀ ਹੈ। ਦਿਲਚਸਪ ਪਹਿਲੂ ਹੈ ਕਿ ਅਕਾਲੀ ਦਲ ਦੇ ਮੀਡੀਆ ਇੰਚਾਰਜ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਤਾਂ ਦਲਬਦਲੀ ਦੇ ਦੋ ਦੋ ਪ੍ਰੈਸ ਨੋਟ ਜਾਰੀ ਹੁੰਦੇ ਰਹੇ ਹਨ। ਇਸ ਹਿਸਾਬ ਨਾਲ ਵੋਟਾਂ ਦੀ ਗਿਣਤੀ ਕਰੀਏ ਤਾਂ ਘੱਟੋ ਘੱਟ ਸਿਕੰਦਰ ਸਿੰਘ ਮਲੂਕਾ ਨੂੰ ਜੇਕਰ 36 ਹਜ਼ਾਰ ਨਹੀਂ ਤਾਂ ਅੱਧੀਆਂ 18 ਹਜ਼ਾਰ ਵੋਟਾਂ ਹੋਰ ਪੈਣੀਆਂ ਚਾਹੀਦੀਆਂ ਸਨ ਜੋ ਪਈਆਂ ਨਹੀਂ। ਡੇਰਾ ਪੈਰੋਕਾਰ ਵੀ ਮਲੂਕਾ ਦੇ ਹੱਕ ’ਚ ਭੁਗਤੇ ਜੋ ਉਨ੍ਹਾਂ ਖੁਦ ਮੰਨਿਆ ਹੈ।
ਅਜਿਹੇ ਸਾਰੇ ਤੱਥਾਂ ਦੇ ਅਧਾਰ ’ਤੇ ਸਿਕੰਦਰ ਸਿੰਘ ਮਲੂਕਾ ਸੌ ਫੀਸਦੀ ਜੇਤੂ ਮੰਨੇ ਜਾ ਰਹੇ ਸਨ ਪਰ ਮਹਿਰਾਜ ’ਤੇ ਰਾਮਪੁਰਾ ਨੇ ਤੱਕੜੀ ,‘ਤਕੜੀ’ ਨਹੀਂ ਰਹਿਣ ਦਿੱਤੀ। ਆਪ ਉਮੀਦਵਾਰ ਨੇ ਜਬਰਦਸਤ ਲੜਾਈ ਲੜੀ ਜਿਸ ਕਾਰਨ ਮਲੂਕਾ ਨੂੰ 14 ਪਿੰਡਾਂ ’ਚ ਵੋਟਾਂ ਵੱਧ ਪਈਆਂ ਜਦੋਂਕਿ ਬਲਕਾਰ ਸਿੱਧੂ 25 ਪਿੰਡਾਂ ’ਚ ਮੋਹਰੀ ਰਿਹਾ। ਮੌੜ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲੱਖਾ ਸਿਧਾਣਾ ਦੇ ਪਿੰਡ ’ਚ ਬਲਕਾਰ ਸਿੱਧੂ ਅੱਗੇ ਰਿਹਾ। ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਭੱਲਾ ਦੇ ਪਿੰਡ ਕੋਠਾ ਗੂਰੂ ’ਚ ਅਕਾਲੀ ਦਲ ਮੋਹਰੀ ਹੈ।
ਆਪ ਆਗੂ ਇੰਦਰਜੀਤ ਮਾਨ ਦੇ ਸ਼ਹਿਰ ਭਗਤਾ ਭਾਈ ’ਚ ਸਿੱਧੂ ਦੀ ਵੋਟ ਵਧੀ ਹੈ। ਮਹੱਤਵਪੂਰਨ ਤੱਥ ਹੈ ਕਿ ਅਕਾਲੀ ਦਲ ਦੇ ਪ੍ਰਭਾਵ ਵਾਲੇ ਜਿਆਦਾਤਰ ਪਿੰਡਾਂ ’ਚ ਆਪ ਉਮੀਦਵਾਰ ਵਧਿਆ ਹੈ। ਮੋਟੇ ਤੌਰ ਤੇ ਸਾਹਮਣੇ ਆਇਆ ਹੈ ਕਿ ਭਾਈਰੂਪਾ ਤੋਂ ਕੁੱਝ ਪਿੰਡ ਅੱਗੇ ਤੱਕ ਦੋਵਾਂ ਉਮੀਦਵਾਰਾਂ ’ਚ ਕਾਂਟੇ ਦੀ ਟੱਕਰ ਰਹੀ। ਫੂਲ ਅਤੇ ਮਹਿਰਾਜ ਦੇ ਸਮੂਹ ਪੋÇਲੰਗ ਬੂਥਾਂ ਨੇ ਆਮ ਆਦਮੀ ਪਾਰਟੀ ਨੂੰ ਤਕੜਾ ਹੁਲਾਰਾ ਦਿੱਤਾ ਜੋ ਰਾਮਪੁਰਾ ’ਚ ਪੁੱਜ ਕੇ ਵੱਡੀ ਜਿੱਤ ’ਚ ਤਬਦੀਲ ਹੋ ਗਿਆ। ਰਾਮਪੁਰਾ ਸ਼ਹਿਰ ਦੇ ਕਈ ਬੂਥ ਅਜਿਹੇ ਹਨ ਜਿੱਥੇ ਆਮ ਉਮੀਦਵਾਰ ਨੂੰ ਅਕਾਲੀ ਦਲ ਨਾਲੋਂ ਡੇਢ ਤੋਂ ਦੋਗੁਣੀਆਂ ਵੋਟਾਂ ਵੀ ਪਈਆਂ ਹਨ।
ਅਵੇਸਲੇ ਰਹਿਣ ਕਾਰਨ ਹਾਰ: ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਅਸਲ ’ਚ ਆਮ ਆਦਮੀ ਪਾਰਟੀ ਵੱਲੋਂ ਅਵੇਸਲਾ ਰਹਿਣਾ ਹਾਰ ਲਈ ਜਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਸਾਨੂੰ ਟੱਕਰ ਕਾਂਗਰਸ ਤੇ ਅਕਾਲੀ ਦਲ ’ਚ ਨਜ਼ਰ ਆਈ ਪਰ ਇਹ ਗਲ੍ਹਤ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਰਾਮਪੁਰਾ ਚੋਂ ਵੋਟਰਾਂ ਦਾ ਵੱਡਾ ਹੁੰਗਾਰਾ ਮਿਲਣ ਦੇ ਬਾਵਜੂਦ ਵੋਟਾਂ ਨਹੀਂ ੈ ਸਕੀਆਂ ਹਨ।