ਰਾਜੇਵਾਲ ਨੇ ਫੁੱਟ ਪਾਉ ਤਾਕਤਾਂ ਤੋਂ ਕੀਤਾ ਸੁਚੇਤ,ਚਡੂਨੀ ਨੂੰ ਕਿਹਾ ਭਰਾ
ਨਵੀਂ ਦਿੱਲੀ,18 ਜਨਵਰੀ,2021: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਫੁੱਟ ਪਾਉ ਤਾਕਤਾਂ ਤੋਂ ਸੁਚੇਤ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਰਾਜੇਵਾਲ ਨੇ ਗੁਰਨਾਮ ਚਡੂਨੀ ਬਾਰੇ ਵੀ ਰਾਜੇਵਾਲ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨਾਲ ਕੋਈ ਵੀ ਮਤਭੇਦ ਨਹੀਂ ਹੈ। ਰਾਜੇਵਾਲ ਨੇ ਇਕ ਫੇਸਬੁੱਕ ਪੋਸਟ ਸਾਂਝੀ ਕੀਤੀ ਹੈ। ਰਾਜੇਵਾਲ ਨੇ ਕਿਹਾ ਗੁਰਨਾਮ ਸਿੰਘ ਚਡੂਨੀ ਸਾਡੇ ਭਰਾ ਹਨ, ਉਹ ਕੱਲ੍ਹ ਵੀ ਸਾਡੇ ਲਈ ਸਤਿਕਾਰ ਯੋਗ ਸਨ, ਅੱਜ ਵੀ ਸਤਿਕਾਰ ਯੋਗ ਹਨ ਅਤੇ ਕੱਲ੍ਹ ਵੀ ਸਾਡੇ ਸਤਿਕਾਰ ਯੋਗ ਸਾਥੀ ਰਹਿਣਗੇ, ਉਨ੍ਹਾਂ ਦਾ ਇਸ ਮੂਵਮੈਂਟ ਨੂੰ ਇਸ ਮੁਕਾਮ ਤੇ ਲਿਆਉਣ ਵਿਚ ਵੱਡਾ ਯੋਗਦਾਨ ਹੈ, ਉਹ ਸੰਯੁਕਤ ਕਿਸਾਨ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਦਾ ਅਹਿਮ ਹਿੱਸਾ ਹਨ, ਉਨ੍ਹਾਂ ਨਾਲ ਕੋਈ ਮੱਤਭੇਦ ਨਹੀਂ ਹੈ।
ਰਾਜੇਵਾਲ ਨੇ ਲਿਖਿਆ ਕਿ ਦੋ ਧਿਰਾਂ ਵਿਚ ਲੜਾਈ ਚੱਲ ਰਹੀ ਹੈ, ਇਕ ਧਿਰ ਹੈ ਰਾਜਨੀਤਕ ਸੱਤਾ ਤੇ ਦੂਜੀ ਧਿਰ ਹੈ ਸਤਾਏ ਹੋਏ ਲੋਕ। ਸੱਤਾ ਧਾਰੀ ਧਿਰ ਕੋਲ ਸਾਧਨ ਨੇ, ਮੀਡੀਆ ਹੈ, ਵਿਵਸਥਾ ਹੈ, ਤੰਤਰ ਹੈ, ਬੱਜਟ ਹੈ, ਅੰਬਾਨੀ ਅਡਾਨੀ ਹਨ, ਹੋਰ ਵੀ ਬਹੁਤ ਕੁਝ ਹੈ। ਸਾਡੇ ਕੋਲ ਸੱਚ ਹੈ, ਵਿਸ਼ਵਾਸ ਹੈ, ਏਕਾ ਹੈ, ਇਤਫ਼ਾਕ ਹੈ, ਪਰੰਪਰਾ ਹੈ, ਸਾਡੇ ਨਾਲ ਸੰਗਤ ਹੈ, ਬਾਬੇ ਦਾ ਅਸ਼ੀਰਵਾਦ ਹੈ। ਰਾਜੇਵਾਲ ਨੇ ਅੱਗੇ ਲਿਖਿਆ ਕਿ ਅਸੀਂ ਇਹ ਲੜਾਈ ਜਿੱਤਣੀ ਹੈ,ਉਹ ਵੀ ਸ਼ਾਂਤਮਈ ਰਹਿ ਕੇ ਤੇ ਜਜ਼ਬਾਤਾਂ ਨੂੰ ਕਾਬੂ ’ਚ ਰੱਖ ਕੇ । ਰਾਜੇਵਾਲ ਨੇ ਬੇਨਤੀ ਕੀਤੀ ਹੈ ਕਿ ਅਫ਼ਵਾਹਾਂ ਤੇ ਯਕੀਨ ਨਾ ਕਰੋ, ਫੁੱਟ ਪਾਉਣ ਵਾਲਿਆਂ ਤੋਂ ਸਾਵਧਾਨ ਰਹੋ. ਜੇ ਮੀਡੀਆ ’ਤੇ ਯਕੀਨ ਕਰੋਗੇ ਤਾਂ ਇਹ ਤੁਹਾਨੂੰ ਪੀੜਤ ਧਿਰ ਨਾਲ ਹੀ ਨਫ਼ਰਤ ਕਰਨ ਲਾ ਦੇਵੇਗਾ, ਲੀਡਰਸ਼ਿਪ ਨਾਲ ਬੇਵਿਸ਼ਵਾਸੀ ਪੈਦਾ ਕਰਕੇ ਮੂਵਮੈਂਟ ਨੂੰ ਲੀਹੋਂ ਲਾਹ ਦੇਵੇਗਾ।