ਅਸ਼ੋਕ ਵਰਮਾ
ਬਰਨਾਲਾ:17 ਜਨਵਰੀ 2021:ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਲੱਗੇ ਧਰਨੇ ਦੇ 109ਵੇਂ ਦਿਨ ਅੱਜ ਦਾ ਧਰਨਾ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕਰਦਿਆਂ ਬੁਲਾਰਿਆਂ ਨੇ ਉਹਨਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ । ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਅੰਗਰੇਜ਼ ਹਾਕਮਾਂ ਦੁਆਰਾ ਮਾਲੇਰਕੋਟਲਾ ਵਿਖੇ 66 ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਅਤੇ ਇਕ ਛੋਟੇ ਬੱਚੇ ਬਿਸ਼ਨ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ ਦੱਸਿਆ ਕਿ ਮੌਜੂਦਾ ਕਿਸਾਨ ਘੋਲ ਵਿਚ ਵੀ 100 ਤੋਂ ਵੱਧ ਕਿਸਾਨਾਂ ਵੱਲੋਂ ਜਾਨਾਂ ਕੁਰਬਾਨ ਕੀਤੀਆਂ ਹਨ ਜਿਹਨਾਂ ਚੋਂ ਵੀ ਕਈ ਨੌਜਵਾਨ ਆਪਣੀ ਚੜ੍ਹਦੀ ਉਮਰ ਵਿਚ ਹੀ ਸਨ ਜੋ ਆਪਣੀ ਜ਼ਿੰਦਗੀ ਕਿਸਾਨ-ਘੋਲ ਦੇ ਲੇਖੇ ਲਾ ਗਏ।
ਬਰਨਾਲਾ ਪ੍ਰੈਸ ਕਲੱਬ ਦੇ ਮੈਂਬਰ ਜਗਸੀਰ ਸਿੰਘ ਸੰਧੂ (ਪ੍ਰਧਾਨ), ਹਰਿੰਦਰਪਾਲ ਨਿੱਕਾ (ਜਨਰਲ ਸਕੱਤਰ), ਬੰਧਨਤੋੜ ਸਿੰਘ ਖਾਲਸਾ(ਬੁਲਾਰਾ), ਬਲਵਿੰਦਰ ਸਿੰਘ ਆਜ਼ਾਦ, ਸੰਦੀਪਪਾਲ ਸਿੰਘ, ਜਗਤਾਰ ਸਿੰਘ ਸੰਧੂ, ਸ਼ਾਮ ਲਾਲ, ਰਾਹੁਲ ਜਿੰਦਲ ਤੇ ਰਵੀ ਸੈਨ 24 ਘੰਟੇ ਦੀ ਭੁੱਖ-ਹੜਤਾਲ ‘ਤੇ ਬੈਠੇ। ਪੱਤਰਕਾਰਾਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਖੇਤੀ ਲਈ ਲਿਆਂਦੇ ਗਏ ਇਹਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟਣ ਦਾ ਸੱਦਾ ਵੀ ਦਿੱਤਾ।
ਅੱਜ ਦੇ ਧਰਨੇ ਨੂੰ ਬਾਬੂ ਸਿੰਘ, ਬਾਰਾ ਸਿੰਘ ਬਦਰਾ,ਕੁਲਦੀਪ ਸਿੰਘ ਸਹਿਜੜਾ, ਮਾਸਟਰ ਨਿਰੰਜਣ ਸਿੰਘ, ਗੁਲਾਬ ਸਿੰਘ, ਸਰਪੰਚ ਗੁਰਚਰਨ ਸਿੰਘ, ਅਵਤਾਰ ਸਿੰਘ, ਬਿੱਕਰ ਸਿੰਘ ਔਲਖ, ਹਰਿੰਦਰਪਾਲ ਨਿੱਕਾ ਤੇ ਬੰਧਨਤੋੜ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਆਈਐਮਐਫ ਦੁਆਰਾ ਵਿਵਾਦਿਤ ਖੇਤੀ ਕਾਨੂੰਨਾਂ ਦੀ ਸ਼ਲਾਘਾ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨਾਲ ਹੁਣ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਕੁੱਝ ਦਿਨ ਪਹਿਲਾਂ ਵਿਸ਼ਵ ਵਪਾਰ ਸੰਸਥਾ (ਡਬਲਯੂਟੀਓ) ਦਾ ਨੁਮਾਇੰਦਾ ਵੀ ਇਨਾਂ ਕਾਨੂੰਨਾਂ ਦੇ ਹੱਕ ਬਿਆਨ ਦੇ ਚੁੱਕਾ ਹੈ। ਕਿਸਾਨ ਨੇਤਾ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਇਹ ਕਾਨੂੰਨ, ਸਾਮਰਾਜੀ ਅਦਾਰਿਆਂ ਅਤੇ ਦੇਸੀ ਕਾਰਪੋਰੇਟੀ ਘਰਾਣਿਆਂ ਦੇ ਦਬਾਅ ਹੇਠ ਉਨਾਂ ਨੂੰ ਫਾਇਦਾ ਪਹੁੰਚਾਉਣ ਤੇ ਕਿਸਾਨੀ ਨੂੰ ਖਤਮ ਕਰਨ ਦੀ ਮਾੜੀ ਨੀਅਤ ਨਾਲ ਲਿਆਂਦੇ ਜਾ ਰਹੇ ਸਨ।
ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਟੋਲਾ ਸ਼ਰੇਆਮ ਭਾਰਤ ਸਰਕਾਰ ਦੀ ਪਿੱਠ ‘ਤੇ ਆ ਖਲੋਤਾ ਹੈ ਅਤੇ ਦੇਸੀ ਕਾਰਪੋਰੇਟਾਂ ਦੀ ਤਰਾਂ ਆਈਐਮਐਫ, ਡਬਲਯੂਟੀਓ ਤੇ ਵਰਲਡ-ਬੈਂਕ ਦੀ ਤਿੱਕੜੀ ਦੀਆਂ ਸਾਮਰਾਜ ਪੱਖੀ ਤੇ ਲੋਕ-ਵਿਰੋਧੀ ਨੀਤੀਆਂ ਨੂੰ ਬੇਪਰਦ ਕਰਨ ਦੀ ਜ਼ਰੂਰਤ ਹੈ। ਬੁਲਾਰਿਆਂ ਨੇ 19 ਜਨਵਰੀ ਨੂੰ ਕਿਸਾਨ ਮਹਿਲਾ ਦਿਵਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਦੀ ਧਰਨੇ ਵਿਚ ਸ਼ਮੂਲੀਅਤ ਯਕੀਨੀ ਬਣਾਉਣ ਦੀ ਗੱਲ ਆਖੀ। ਕਿਸਾਨ ਮਹਿਲਾ ਦਿਵਸ ਵਾਲੇ ਦਿਨ, 24 ਘੰਟੇ ਦੀ ਭੁੱਖ-ਹੜਤਾਲ ‘ਤੇ ਬੈਠਣ ਸਮੇਤ, ਧਰਨੇ ਦੀ ਪੂਰੀ ਜ਼ਿੰਮੇਵਾਰੀ ਔਰਤ ਆਗੂ ਹੀ ਨਿਭਾਉਣਗੀਆਂ। ਅੱਜ ਹੇਮਕੁੰਟ ਨਗਰ ਬਰਨਾਲਾ ਦੇ ਮੁਹੱਲਾ ਨਿਵਾਸੀਆਂ ਨੇ ਧਰਨੇ ਲਈ 7100 ਰੁਪਏ ਸਹਾਇਤਾ ਦਿੱਤੀ। ਰਣਜੀਤ ਚੌਹਾਨ ਦੀ ਨਿਰਦੇਸ਼ਨਾ ਹੇਠ ਆਜ਼ਾਦ ਰੰਗਮੰਚ ਬਰਨਾਲਾ ਦੀ ਟੀਮ ਨੇ ‘ਇਕ ਲੜਕੀ ਦਾ ਪ੍ਰਧਾਨ ਮੰਤਰੀ ਨੂੰ ਖੁੱਲੀ ਚਿੱਠੀ’ ਨਾਂਅ ਦਾ ਨਾਟਕ ਪੇਸ਼ ਕੀਤਾ।