ਅਸ਼ੋਕ ਵਰਮਾ
ਮਾਨਸਾ, 15 ਜਨਵਰੀ 2021 - ਖੇਤੀ ਕਾਨੂੰਨਾਂ ਦੇ ਖਿਲਾਫ ਜਾਰੀ ਅੰਦੋਲਨ ‘ਚ ਕਿਸਾਨਾਂ ਦੀ ਹਮਾਇਤ ਦੇ ਨਾਲ ਨਾਲ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਦਲਿਤਾਂ,ਗਰੀਬਾਂ ਨਾਲ ਕੀਤੀ ਵਾਅਦਾ ਖਿਲਾਫੀ ਖਿਲਾਫ,ਕਰਜਾ ਮਾਫੀ ਤੇ ਮਜਦੂਰ ਮੰਗਾਂ ਨੂੰ ਲਈ ਮਜਦੂਰ ਮੁਕਤੀ ਮੋਰਚਾ ਪੰਜਾਬ ਨੇ 24 ਜਨਵਰੀ ਤੋਂ ਮੰਤਰੀਆਂ ਦੇ ਦਫਤਰਾਂ ਤੇ ਘਰਾਂ ਅੱਗੇ ਲਗਾਤਾਰ 15 ਦਿਨ ਰਾਤ ਦੇ ਧਰਨੇ ਦੇਣ ਦਾ ਐਲਾਨ ਕੀਤਾ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਖੇਤੀ ਅਤੇ ਕਿਰਤ ਕਾਨੂੰਨਾਂ ‘ਚ ਕੀਤੀਆਂ ਸੋਧਾਂ ਰਾਹੀ ਮੋਦੀ ਸਰਕਾਰ ਨੇ ਮਜਦੂਰਾਂ,ਕਿਸਾਨਾਂ ਖਿਲਾਫ ਜੰਗ ਛੇੜ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਮੇਤ ਸਾਰੇ ਕਾਂਗਰਸੀ ਅਤੇ ਅਕਾਲੀ ਅੱਜ ਭਾਵੇ ਖੇਤੀ ਕਾਨੂੰਨਾਂ ਖਿਲਾਫ ਬੋਲ ਕੇ ਕਿਸਾਨ ਪੱਖੀ ਹੋਣ ਦਾ ਢੰਡੋਰਾ ਪਿੱਟ ਰਹੇ ਹਨ ਪਰ ਸੱਤਾ ਤੇ ਬੈਠਦਿਆਂ ਹਮੇਸ਼ਾ ਬੇਜਮੀਨੇ ਦਲਿਤਾਂ,ਗਰੀਬਾਂ ਨੂੰ ਨਜਰ ਅੰਦਾਜ ਕਰਕੇ ਰੱਖਿਆ ਤੇ ਮਜਦੂਰ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਹਨ।
ਉਹਨਾਂ ਕਿਹਾ ਕਿ ਕਿਸਾਨਾਂ ਦੀ ਤਰਾਂ ਮਜ਼ਦੂਰ ਵੀ ਆਪਣੇ ਹੱਕਾਂ ਲਈ ਅੰਦੋਲਨ ਤੇਜ ਕਰਨ।ਉਹਨਾਂ ਕਿਹਾ ਕਿ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਜਾਲ ‘ਚ ਫਸੀਆਂ ਗਰੀਬ ਔਰਤਾਂ ਸਿਰ ਚੜੇ ਕਰਜੇ ਤੇ ਗਰੀਬਾਂ ਨੂੰ ਆਏ ਹਜਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਮਾਫੀ ਅਤੇ ਬਿਜਲੀ ਰੇਟ ਅੱਧੇ ਕਰਨ ਸਮੇਤ ਹੋਰ ਵੱਖ ਵੱਖ ਮੰਗਾਂ ਦੀ ਪੂਰਤੀ ਲਈ ਇਹਨਾਂ ਧਰਨਿਆਂ ਦਾ ਫੈਸਲਾ ਲਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਧਰਨਿਆਂ ਦੀ ਤਿਆਰੀ ਪਿੰਡਾਂ ਅਤੇ ਸ਼ਹਿਰਾਂ ’ਚ ਮੀਟਿਗਾਂ ਰੈਲੀਆਂ ਕਰਕੇ ਕੀਤੀ ਜਾਵੇਗੀ ਅਤੇ 8 ਫਰਵਰੀ ਨੂੰ ਬਠਿੰਡਾ ਅਤੇ 9ਫਰਵਰੀ ਨੂੰ ਸੰਗਰੂਰ ਸਿੱਖਿਆ ਮੰਤਰੀ ਦੇ ਸ਼ਹਿਰ ’ਚ ਲਲਕਾਰ ਰੈਲੀਆਂ ਕੀਤੀਆਂ ਜਾਣਗੀਆਂ। ਇਸ ਸਮੇਂ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ,ਸੁਖਜੀਤ ਰਾਮਾਨੰਦੀ ,ਮਨਪ੍ਰੀਤ ਕੌਰ ਜਟਾਣਾ ਅਤੇ ਦਰਸ਼ਨ ਸਿੰਘ ਦਾਨੇਵਾਲਾ ਆਦਿ ਨੇ ਸੰਬੋਧਨ ਕੀਤਾ।