- ਪੰਜਾਬ ਸਰਕਾਰ ਅੰਗਰੇਜ਼ਾਂ ਦੀ ਤਰਜ਼ 'ਤੇ ਪੰਜਾਬੀਆਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੀ ਹੈ : ਜੀਕੇ
ਨਵੀਂ ਦਿੱਲੀ, 8 ਜਨਵਰੀ 2021 - ਪੰਜਾਬ ਸਰਕਾਰ ਵੱਲੋਂ ਕਿਸਾਨ ਐਨਥਮ ਗੀਤ ਲਿਖਣ ਵਾਲੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰਨ ਦੇ ਖ਼ਿਲਾਫ਼ ਜਾਗੋ ਪਾਰਟੀ ਨੇ ਅੱਜ ਨਿਵੇਕਲੇ ਤਰੀਕੇ ਨਾਲ ਵਿਰੋਧ ਦਰਜ਼ ਕਰਾਇਆ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰਨ ਨੂੰ ਅੰਗਰੇਜ਼ ਸਰਕਾਰ ਵੱਲੋਂ ''ਪਗੜੀ ਸੰਭਾਲ ਜੱਟਾ'' ਗੀਤ ਦੀ ਤਰਜ਼ 'ਤੇ ਕੀਤੀ ਗਈ ਕਾਰਵਾਈ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ। ਜੀਕੇ ਨੇ ਕਿਹਾ ਕਿ ਅਸੀਂ ਅੱਜ ਸ਼੍ਰੀ ਬਰਾੜ ਦੇ ਲਿਖੇ ਬਾਗ਼ੀ ਬੋਲਾਂ ਨੂੰ ਪਾਰਟੀ ਦਫ਼ਤਰ ਵਿਚ ਮੂੜ੍ਹ ਤੋਂ ਵਜਾ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀਆਂ ਸਰਕਾਰਾਂ ਦੇ ਖ਼ਿਲਾਫ਼ ਜਾਗੋ ਪਾਰਟੀ ਖੁੱਲ ਕੇ ਖੜੀ ਹੈ। ਕਿਉਂਕਿ ਬੇਪ੍ਰਵਾਹ ਸੋਚ ਸਾਨੂੰ ਪੰਜਾਬ ਦੀ ਧਰਤੀ ਤੋਂ ਵਿਰਾਸਤ 'ਚ ਮਿਲੀ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ, ਉਸੇ ਦਿਨ ਤੋਂ ਪੰਜਾਬੀਆਂ ਨੇ ਆਪਣੀ ਗ਼ੈਰਤ ਲਈ ਆਪਣੇ ਹੱਕਾਂ ਵਾਸਤੇ ਵੰਗਾਰਨ ਦਾ ਰਾਹ ਲੱਭ ਲਿਆ ਸੀ।
ਜੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਨੌਜਵਾਨ ਸਿੱਖਾਂ ਨੂੰ ਮਾਰ ਮੁਕਾਉਣ ਵਾਲੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁਲਤਾਨੀ ਕਤਲ ਮਾਮਲੇ 'ਚ ਗ੍ਰਿਫ਼ਤਾਰ ਕਰਨ ਤੋਂ ਢਿਲਾਈ ਵਰਤ ਕੇ ਸੈਣੀ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਲੈਣ ਦਾ ਰਾਹ ਪੱਧਰਾ ਕਰਦੀ ਹੈ ਅਤੇ ਦੂਜੇ ਪਾਸੇ ਕਿਸਾਨੀ ਹੱਕਾਂ ਦੀ ਗੱਲ ਕਰਨ ਵਾਲੇ ਸ਼੍ਰੀ ਬਰਾੜ 'ਤੇ ਪਰਚਾ ਦਰਜ਼ ਕਰਦੀ ਹੈ। ਇਹ ਪੰਜਾਬ ਸਰਕਾਰ ਦੀ ਫਾਸੀ ਵਾਦੀ ਸੋਚ ਦਾ ਪ੍ਰਗਟਾਵਾਂ ਹੈ। ਇਸ ਲਈ ਅਸੀਂ ਅੱਜ ਕਿਸਾਨ ਐਨਥਮ ਗੀਤ ਵਜਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟਾਇਆ ਹੈ। ਜਾਗੋ ਪਾਰਟੀ, ਦਿੱਲੀ ਸਟੇਟ ਦੇ ਪ੍ਰਧਾਨ ਚਮਨ ਸਿੰਘ ਨੇ ਇਸ ਮੌਕੇ ਕਿਸਾਨ ਅੰਦੋਲਨ 'ਚ ਜਾਗੋ ਪਾਰਟੀ ਵੱਲੋਂ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕੀਤਾ। ਨਾਲ ਹੀ ਪੰਜਾਬ ਸਰਕਾਰ ਨੂੰ ਸ਼੍ਰੀ ਬਰਾੜ ਦੇ ਖ਼ਿਲਾਫ਼ ਦਰਜ਼ ਕੀਤੇ ਮੁਕੱਦਮੇ ਵਾਪਸ ਲੈਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੀ ਸੇਵਾ ਸੰਭਾਲਦੇ ਹੋਏ ਪਾਰਟੀ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਵਿਵਹਾਰ ਦੀ ਨਿਖੇਧੀ ਕਰਦੇ ਹੋਏ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀ ਲੋਕ ਗਾਇਕੀ 'ਚ ਆਏ ਹਾਂ ਪੱਖੀ ਬਦਲਾਓ ਦੀ ਸ਼ਲਾਘਾ ਕੀਤੀ। ਇਸ ਮੌਕੇ ਜਾਗੋ ਆਗੂ ਬੀਬੀ ਮਨਪ੍ਰੀਤ ਕੌਰ, ਸਤਨਾਮ ਸਿੰਘ ਖੀਵਾ, ਜਤਿੰਦਰ ਸਿੰਘ ਬੌਬੀ ਅਤੇ ਪਰਮਜੀਤ ਸਿੰਘ ਮੱਕੜ ਨੇ ਆਪਣੇ ਵਿਚਾਰ ਸਾਂਝੇ ਕੀਤੇ।