ਕਮਲਜੀਤ ਸਿੰਘ ਸੰਧੂ
ਬਰਨਾਲਾ, 3 ਜਨਵਰੀ 2021 - ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਇਆ ਸਾਂਝਾ ਕਿਸਾਨ ਸੰਘਰਸ਼ ਚੌਥੇੇ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਰਿਹਾ। ਅੱਜ ਸੰਘਰਸ਼ ਦੇ 94ਵੇਂ ਦਿਨ ਕਿਸਾਨਾਂ ਵਲੋਂ ਲਗਾਤਾਰ ਭੁੱਖ ਹੜਤਾਲ ਰੱਖੀ ਗਈ। ਭੁੱਖ ਹੜਤਾਲ ਰੱਖਣ ਵਾਲਿਆਂ ਵਿੱਚ 10 ਸਾਲਾ ਬੱਚਾ ਦੇਸ਼ਵੀਰ ਸਿੰਘ ਵੀ ਸ਼ਾਮਲ ਰਿਹਾ। ਜਿਸ ਵਲੋਂ ਲਗਾਤਾਰ ਦੂਜੀ ਵਾਰ ਭੁੱਖ ਹੜਤਾਲ ਰੱਖੀ ਗਈ ਹੈ। ਦੇਸ਼ਵੀਰ ਆਪਣੇ ਦਾਦਾ ਮੁਖਤਿਆਰ ਸਿੰਘ ਨਾਲ ਲਗਾਤਾਰ ਕਿਸਾਨੀ ਘੋਲ ਵਿੱਚ ਸ਼ਾਮਲ ਹੋ ਰਿਹਾ ਹੈ। ਅੱਜ ਸਾਂਝੇ ਇਕੱਠ ਨੂੰ ਵੈਦ ਕੌਰ ਚੰਦ ਸ਼ਰਮਾ ਦੀ ਅਗਵਾਈ ਵਿੱਚ ਵੈਦ ਮੰਡਲ ਨੇ ਸਮੂਹਿਕ ਰੂਪ ਵਿੱਚ ਸ਼ਾਮਿਲ ਹੋਕੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਅਤੇ ਸੰਚਾਲਨ ਕਮੇਟੀ ਨੂੰ ੨੧੦੦ ਰੁ. ਸਹਾਇਤਾ ਸੌਂਪਦਿਆਂ ਹਰ ਸੰਭਵ ਸਹਿਯੋਗ ਕਰਨ ਦਾ ਵਾਅਦਾ ਕੀਤਾ। '
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਕੌਰ ਚੰਦ ਸ਼ਰਮਾ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਖੁਸ਼ਮੰਦਰਪਾਲ, ਖੁਸ਼ੀਆ ਸਿੰਘ ਅਤੇ ਜਸਪਾਲ ਸਿੰਘ ਕਾਲੇਕੇ ਨੇ ਕਿਹਾ ਕਿ ਅੱਜ ਔਰਤ ਹੱਕਾਂ ਅਤੇ ਛੂਆਛਾਤ ਖਿਲਾਫ ਜੰਗ ਲੜਨ ਵਾਲੀ ਭਾਰਤ ਦੀ ਪਹਿਲੀ ਔਰਤ ਆਗੂ ਸਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਹੈ। ਔਰਤਾਂ ਖਾਸ ਕਰ ਕਿਸਾਨ ਔਰਤਾਂ ਜਿਸ ਵੇਗ ਨਾਲ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਹਨ , ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਔਰਤ ਨੂੰ ਜੰਮਣ ਵੇਲੇ ਪੱਥਰ, ਧੰਨ ਬਿਗਾਨਾ, ਪੈਰ ਦੀ ਜੁੱਤੀ, ਭੋਗ ਵਿਲਾਸ ਦੀ ਵਸਤੂ, ਕਾਣਾਂ ਮਕਾਣਾਂ ਜਾਣ ਵਾਲੀ, ਅਜੋਕੇ ਦੌਰ ਵਿੱਚ ਮੰਡੀ ਵਿੱਚ ਮਾਲ ਵੇਚਣ ਵਾਲੀ ਵਸਤੂ ਸਮਝਿਆ ਜਾਂਦਾ ਸੀ/ਹੈ। ਅੱਜ ਉਸੇ ਔਰਤ ਨੇ ਸਵਿੱਤਰੀ ਬਾਈ ਫੂਲੇ ਵਰਗੀਆਂ ਮਹਾਨ ਔਰਤਾਂ ਦੀ ਸੰਘਰਸ਼ਮਈ ਜਿੰਦਗੀ ਤੋਂ ਪ੍ਰੇਰਨਾ ਹਾਸਲ ਕਰਦਿਆਂ ਸੰਘਰਸ਼ਾਂ ਦਾ ਪਿੜ ਮੱਲ ਲਿਆ ਹੈ। ਹਾਕਮਾਂ ਨੂੰ ਇਸ ਤਰਾਂ ਕਿਸਾਨ ਔਰਤਾਂ ਦਾ ਸੰਘਰਸ਼ ਦੇ ਮੈਦਾਨ ਵਿੱਚ ਨਿੱਕਲਣਾ ਭਾਉਂਦਾ ਨਹੀਂ। ਸੰਘਰਸ਼ ਵਿੱਚ ਕੁੱਛੜ ਚੁੱਕੀ ਬੱਚੀਆਂ ਤੋਂ ਲ਼ੈਕੇ ਬੁੱਢੀਆਂ ਮਾਵਾਂ ਤੱਕ ਦੀਆਂ ਚਾਰ-ਚਾਰ ਪੀੜੀਆਂ ਨੇ ਸੰਘਰਸ਼ਾਂ ਦਾ ਪਿੜ ਮੱਲਿਆ ਹੋਇਆ ਹੈ। ਜਿਸ ਨੇ ਹਾਕਮਾਂ ਨੂੰ ਕੰਬਣੀਆਂ ਛੇੜੀਆਂ ਹੋਈਆਂ ਹਨ। ਇਹ ਕਿਸਾਨੀ ਘੋਲ ਉਨਾਂ ਸਮਾਂ ਜਾਰੀ ਰਹੇਗਾ, ਜਿਨਾਂ ਸਮਾਂ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਨਹੀਂ ਕਰਦੀ।