ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 27 ਦਸੰਬਰ 2020 - ਮੇਅਰ ਕਰਮਜੀਤ ਸਿੰਘ ਵੱਲੋਂ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸਿੱਧੂ ਅਤੇ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਦੇ ਨਾਲ ਪੰਜਾਬ ਦੇ ਕਾਂਗਰਸੀ ਸੰਸਦਾਂ ਦੁਆਰਾ ਦਿੱਲੀ ਦੇ ਜੰਤਰ ਮੰਤਰ ਵਿਖੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ ਵਿੱਚ ਲਗਾਏ ਧਰਨੇ ਤੇ ਪਿਛਲੇ ਦੋ ਦਿਨ ਤੋਂ ਲਗਾਤਾਰ ਬੈਠੇ ਹਨ। ਇਸ ਧਰਨੇ ਤੇ ਅੱਜ ਦੂਜੇ ਦਿਨ ਮੌਜੂਦ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਲਈ ਸਾਥ ਦਿੰਦੀ ਆ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜਿਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਇਹ ਬਿੱਲ ਨਕਾਰ ਦਿੱਤੇ ਗਏ ਸਨ ਉਥੇ ਸਮੂਹ ਕਾਂਗਰਸੀ ਐਮ.ਪੀ, ਐਮ.ਐਲ.ਏ. ਸਮੇਤ ਸਮੂਹ ਸ਼ਹਿਰਾਂ ਦੇ ਮੇਅਰ ਤੇ ਕਾਂਗਰਸੀ ਵਰਕਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਵਿਰੋਧ ਵਿਚ ਆਪਣਾ ਰੋਸ ਪ੍ਰਗਟ ਕਰਦੇ ਹੋਏ ਦਿੱਲੀ ਦੇ ਜੰਤਰ ਮੰਤਰ ਵਿਖੇ ਇਕਜੁੱਟ ਹੋ ਕੇ ਕਿਸਾਨੀ ਹੱਕਾਂ ਦੇ ਨਾਲ ਖੜ੍ਹੇ ਹਨ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਸਮੂਹ ਕਿਸਾਨ ਭਾਈਚਾਰੇ ਨਾਲ ਸਮੁੱਚੀ ਵਰਗ ਦੇ ਲੋਕ ਇਸ ਖੇਤੀ ਬਿਲਾਂ ਦੇ ਵਿਰੋਧ ਵਿਚ ਇਕਜੁੱਟ ਹੋ ਕੇ ਸਾਥ ਦੇ ਰਹੇ ਹਨ ਪਰ ਕੇਂਦਰ ਸਰਕਾਰ ਇੰਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਹਨ। ਮੇਅਰ ਰਿੰਟੂ ਨੇ ਕਿਹਾ ਕਿ ਹਿੰਦੁਸਤਾਨ ਦੇ 70 ਪ੍ਰਤੀਸ਼ਤ ਲੋਕ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹਨ। ਜਿਸ ਨਾਲ ਕੁੱਲ ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚੋਂ ਕਿਸਾਨ ਹਮਾਇਤੀ ਲੋਕ ਇਕ ਮੰਚ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਵਿਰੋਧ ਵਿਚ ਦਿੱਲੀ ਆ ਕੇ ਬੈਠੇ ਹਨ। ਮੇਅਰ ਰਿੰਟੂ ਨੇ ਕਿਹਾ ਕਿ ਸਾਡਾ ਦੇਸ਼ ’ਚ ਲੋਕਤੰਤਰ ਦਾ ਰਾਜ ਹੈ ਪਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਲੋਕਤੰਤਰ ਨੂੰ ਮੰਨਜ਼ੂਰ ਨਹੀਂ ਹੈ ਪਰ ਫਿਰ ਵੀ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਗਵਾਈ ਹੇਠ ਪੰਜਾਬ ਦਾ ਹਰ ਵਾਸੀ ਕਿਸਾਨਾਂ ਵੱਲੋਂ ਖੇਤੀ ਬਿਲਾਂ ਦੇ ਵਿਰੋਧ ਵਿਚ ਦਿੱਤੇ ਜਾ ਰਹੇ ਧਰਨਿਆਂ ਵਿਚ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ।
ਇਸ ਮੌਕੇ ਧਰਨੇ ’ਚ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਅੰਗਦ ਸੈਣੀ, ਮੇਅਰ ਲੁਧਿਆਣਾ ਬਲਕਾਰ ਸਿੰਘ ਸੰਧੂ, ਮੇਅਰ ਜਲੰਧਰ ਸ੍ਰੀ ਜਗਦੀਸ਼ ਰਾਜਾ ਵੀ ਨਾਲ ਸਨ।