ਰਜਨੀਸ਼ ਸਰੀਨ
- ਨਾਲੇ ਫੂਕੇ ਮੋਦੀ ਸਰਕਾਰ ਦਾ ਸਿਆਸੀ ਹੱਥਠੋਕਾ ਬਣੇ ਆਮਦਨ ਕਰ ਵਿਭਾਗ ਦੇ ਪੁਤਲੇ
ਨਵਾਂਸ਼ਹਿਰ 22 ਦਸੰਬਰ 2020 - ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿਚ ਰਿਲਾਇੰਸ ਕਾਰਪੋਰੇਟ ਸਮੂਹ ਦੇ ਦੋ ਈਜ਼ੀ ਡੇਅ ਸਟੋਰ ਬੰਦ ਕਰਵਾ ਕੇ ਆਰ.ਐੱਸ.ਐੱਸ.-ਭਾਜਪਾ-ਕਾਰਪੋਰੇਟ ਗੱਠਜੋੜ ਵਿਰੁੱਧ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਰਿਲਾਇੰਸ ਸਮਾਰਟ ਸਟੋਰ ਸਾਹਮਣੇ ਚੱਲ ਰਹੇ ਪੱਕੇ ਮੋਰਚੇ ’ਤੇ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਇਸ ਦੌਰਾਨ ਇਨਕਮ ਟੈਕਸ ਵਿਭਾਗ ਦੇ ਦਫ਼ਤਰ ਅੱਗੇ ਇਸ ਵਿਭਾਗ ਦਾ ਪੁਤਲਾ ਫੂਕਿਆ ਗਿਆ ਜਿਸ ਵੱਲੋਂ ਪਿਛਲੇ ਦਿਨੀਂ ਲੋਕ ਸੰਘਰਸ਼ ਦੀ ਸਰਗਰਮੀ ਨਾਲ ਹਮਾਇਤ ਕਰ ਰਹੇ ਆੜਤੀਆਂ ਦੇ ਨਜਾਇਜ਼ ਛਾਪੇਮਾਰੀ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਇਹ ਛਾਪੇਮਾਰੀ ਕੇਂਦਰ ਦੀ ਆਰ.ਐੱਸ.ਐੱਸ.-ਭਾਜਪਾ ਸਰਕਾਰ ਦੇ ਰਾਜਨੀਤਕ ਇਸ਼ਾਰੇ ’ਤੇ ਕੀਤੀ ਗਈ ਹੈ। ਭਗਵੀਂ ਫਾਸ਼ੀਵਾਦੀ ਸਰਕਾਰ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ, ਕਿਸਾਨ ਮਜ਼ਦੂਰ ਅਤੇ ਹੋਰ ਜਨਤਕ ਜਥੇਬੰਦੀਆਂ ਆੜਤੀਆਂ ਨਾਲ ਡੱਟ ਕੇ ਖੜ੍ਹੀਆਂ ਹਨ ਅਤੇ ਹਰ ਬਾਂਹ ਮਰੋੜ ਕਾਰਵਾਈ ਦਾ ਲੋਕਾਂ ਦੀ ਤਾਕਤ ਨਾਲ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਬਾਦ ਵਿਚ ਸ਼ਹਿਰ ’ਚ ਮੁਜ਼ਾਹਰਾ ਕਰਕੇ ਰਿਲਾਇੰਸ ਦੇ ਈਜ਼ੀ ਡੇਅ ਸਟੋਰ ਬੰਦ ਕਰਾਏ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਭਗਵੇਂ ਹੁਕਮਰਾਨਾਂ ਦੇ ਚਹੇਤੇ ਕਾਰਪੋਰੇਟ ਲੋਟੂਆਂ ਅਤੇ ਇਹਨਾਂ ਨੂੰ ਲੋਕਾਂ ਦੇ ਟੈਕਸਾਂ ਦਾ ਪੈਸਾ ਲੁਟਾ ਰਹੀ ਮੋਦੀ ਵਜ਼ਾਰਤ ਨੂੰ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਹੁਣ ਉਹਨਾਂ ਦੀ ਦੇਸ਼ਧੋ੍ਰਹੀ ਖੇਡ ਸਮਝ ਚੁੱਕੇ ਹਨ ਅਤੇ ਕਿਸਾਨਾਂ, ਮਜ਼ਦੂਰਾਂ ਸਮੇਤ ਸਮੂਹ ਕੰਮਕਾਜੀ ਲੋਕਾਂ ਅਤੇ ਛੋਟੇ ਕਾਰੋਬਾਰਾਂ ਦੀ ਕੀਮਤ ’ਤੇ ਇਹਨਾਂ ਧੜਵੈਲ ਲੋਟੂ ਕਾਰੋਬਾਰਾਂ ਨੂੰ ਚੱਲਣ ਅਤੇ ਪ੍ਰੋਮੋਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੀਂ ਸੱਤਾ ਦੇ ਚਹੇਤੇ ਅੰਬਾਨੀ-ਅਡਾਨੀ ਸਮੂਹ ਦੇ ਕਾਰੋਬਾਰਾਂ ਵਿਰੁੱਧ ਸੰਕੇਤਕ ਕਾਰਵਾਈ ਸੱਚੀਆਂ ਦੇਸ਼ਭਗਤ ਸੰਘਰਸ਼ਸ਼ੀਲ ਤਾਕਤਾਂ ਵੱਲੋਂ ਕਾਰਪੋਰੇਟ-ਆਰ.ਐੱਸ.ਐੱਸ.-ਭਾਜਪਾ ਦੇ ਨਾਪਾਕ ਗੱਠਜੋੜ ਨੂੰ ਸਖ਼ਤ ਚੇਤਾਵਨੀ ਹੈ ਕਿ ਭਾਰਤ ਦੇ ਲੋਕ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦ ਤੱਕ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਬਦਨੀਤ ਨਾਲ ਲਿਆਂਦੇ ਖੇਤੀ ਕਾਨੂੰਨ ਰੱਦ ਨਹੀਂ ਕਰਵਾ ਲਏ ਜਾਂਦੇ।
ਬੁਲਾਰਿਆਂ ਨੇ ਸੰਘਰਸ਼ ਦਾ ਅਹਿਦ ਦੁਹਰਾਉਦਿਆਂ ਕਿਹਾ ਕਿ ਕਿਰਤੀਆਂ ਦੀ ਜਥੇਬੰਦ ਤਾਕਤ ਨੂੰ ਸੱਟ ਮਾਰਨ ਲਈ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਅਤੇ ਬਿਜਲੀ ਬਿੱਲ-2020 ਆਦਿ ਕਾਰਪੋਰੇਟ ਲੁੱਟ ਦੀ ਹੋਰ ਵੀ ਬੇਤਹਾਸ਼ਾ ਖੁੱਲ੍ਹ ਦੇਣ ਦੀ ਮਨਸ਼ਾ ਨਾਲ ਲਿਆਂਦੇ ਗਏ ਹਨ, ਇਹਨਾਂ ਨੂੰ ਰੱਦ ਕਰਾਉਣ ਲਈ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕੀਤਾ ਜਾਵੇਗਾ। ਮੁਜ਼ਾਹਰੇ ਨੂੰ ਕਿਰਤੀ ਕਿਸਾਨ ਆਗੂ ਯੂਨੀਅਨ ਦੇ ਜ਼ਿਲ੍ਹਾ ਆਗੂ ਤਰਸੇਮ ਸਿੰਘ ਬੈਂਸ, ਪਰਮਜੀਤ ਸੰਘਾ, ਮੱਖਣ ਸਿੰਘ ਭਾਨ ਮਜਾਰਾ , ਬਿੱਕਰ ਸਿੰਘ ਸ਼ੇਖੂਪੁਰ, ਸੁਰਿੰਦਰ ਸਿੰਘ ਮਹਿਰਮਪੁਰ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਆਗੂ ਬੂਟਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਨੇਕ ਸਿੰਘ, ਟਰੇਡ ਯੂਨੀਆਨ ਆਗੂ ਸੁਤੰਤਰ ਕੁਮਾਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕਮਲਦੀਪ ਮੱਲੂਪੋਤਾ ਨੇ ਵੀ ਸੰਬੋਧਨ ਕੀਤਾ। ਅੱਜ ਦੇ ਮੁਜ਼ਾਹਰੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਆਈ.ਟੀ.ਆਈ. ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਪੀ.ਐੱਸ.ਯੂ. ਆਗੂ ਕਮਲਦੀਪ ਸਿੰਘ ਦੀ ਅਗਵਾਈ ਹੇਠ ਕਾਫ਼ਲਾ ਬਣਾ ਕੇ ਮੁਜ਼ਾਹਰੇ ਵਿਚ ਹਿੱਸਾ ਲਿਆ।