ਰਜਨੀਸ਼ ਸਰੀਨ
- ਖਰੜ ਫਲਾਈਓਵਰ ਦਾ 5 ਕਿਲੋਮੀਟਰ ਹਿੱਸਾ ਲੋਕਾਂ ਲਈ ਖੋਲ੍ਹਿਆ
ਮੋਹਾਲੀ, 12 ਦਸੰਬਰ 2020 - ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਵਿੱਚ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ, ਭਾਵੇਂ ਉਹ ਆਰਡੀਨੈਂਸ ਦੇ ਰੂਪ ਚ ਹੋਵੇ, ਭਾਵੇਂ ਉਹ ਪਾਰਲੀਮੈਂਟ ਤੋਂ ਜਬਰਨ ਪਾਸ ਕਰਨ ਮੌਕੇ ਜਾਂ ਫਿਰ ਰਾਸ਼ਟਰਪਤੀ ਵੱਲੋਂ ਦਸਤਖਤ ਕਰਨ ਨੂੰ ਲੈ ਕੇ ਹੋਵੇ। ਐਮ ਪੀ ਤਿਵਾੜੀ ਲੋਕ ਹਿੱਤ ਚ ਖਰੜ ਫਲਾਈਓਵਰ ਦੇ 5 ਕਿਲੋਮੀਟਰ ਹਿੱਸੇ ਨੂੰ ਲੋਕਾਂ ਲਈ ਖੋਲ੍ਹਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੱਤਰਕਾਰਾਂ ਦੇ ਸਵਾਲਾਂ ਜਵਾਬ ਦਿੰਦਿਆਂ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਖਿਲਾਫ ਦੱਸਿਆ ਹੈ। ਫਿਰ ਭਾਵੇਂ ਇਨ੍ਹਾਂ ਨੂੰ ਲੈ ਕੇ ਆਰਡੀਨੈਂਸ ਲਿਆਉਣ, ਭਾਵੇਂ ਜ਼ਬਰਦਸਤੀ ਪਾਰਲੀਮੈਂਟ ਤੋਂ ਪਾਸ ਕਰਵਾਉਣ ਜਾਂ ਫਿਰ ਭਾਵੇਂ ਰਾਸ਼ਟਰਪਤੀ ਦੇ ਦਸਤਖਤ ਕਰਨ ਵੇਲੇ ਹੋਵੇ, ਕਾਂਗਰਸ ਪਾਰਟੀ ਨੇ ਇਨ੍ਹਾਂ ਕਾਨੂੰਨਾਂ ਖਿਲਾਫ ਜਮ ਕੇ ਵਿਰੋਧ ਪ੍ਰਗਟਾਇਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਕਾਨੂੰਨ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਅਪੀਲ ਕੀਤੀ' ਕਿਉਂਕਿ ਅਜਿਹਾ ਨਾ ਹੋਣ ਤੇ ਇਹ ਅੰਦੋਲਨ ਪੂਰੇ ਦੇਸ਼ ਚ ਫੈਲ ਜਾਵੇਗਾ। ਉੱਥੇ ਹੀ ਖਰੜ ਫਲਾਈਓਵਰ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ 10.63 ਕਿਲੋਮੀਟਰ ਲੰਬੇ ਫਲਾਈਓਵਰ ਦਾ 5 ਕਿਲੋਮੀਟਰ ਹਿੱਸਾ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਜਦਕਿ ਬਾਕੀ ਹਿੱਸਾ 15 ਜਨਵਰੀ ਤੱਕ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 368 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਤਿਆਰ ਹੋ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਐੱਸਡੀਐੱਮ ਹਿਮਾਂਸ਼ੂ ਜੈਨ, ਤਹਿਸੀਲਦਾਰ ਪੁਨੀਤ ਬਾਂਸਲ, ਡੀਐੱਸਪੀ ਖਰੜ ਰੁਪਿੰਦਰ ਸੋਹੀ ਵੀ ਮੌਜੂਦ ਰਹੇ।