Babushahi Special ਪੰਜਾਬੀਆਂ ਦੀ ਜੱਗ ਵਿੱਚ ਟੌਹਰ ਵੱਖਰੀ ਤਾਂਹੀ ਭੁੱਲ ਜਾਣ ਬੈਂਕਾਂ ’ਚ ਰੱਖ ਨੋਟਾਂ ਦੀਆਂ ਗੁੱਟੀਆਂ
ਅਸ਼ੋਕ ਵਰਮਾ
ਬਠਿੰਡਾ, 9 ਅਪ੍ਰੈਲ 2026: ਪੰਜਾਬ ਦੇ ਬੈਂਕਾਂ ’ਚ ‘ਭੁਲੱਕੜ’ ਪੰਜਾਬੀਆਂ ਦੇ ਕਰੋੜਾਂ ਰੁਪਏ ਅਣਵਰਤੇਪਏ ਹਨ, ਜਿਨ੍ਹਾਂ ਨੂੰ ਸਬੰਧਤ ਖ਼ਾਤੇਦਾਰ ਤਾਂ ਲੈਣ ਹੀ ਨਹੀਂ ਆ ਰਹੇ ਹਨ। ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੇ ਇਹ ਤੱਥ ਹਨ ਜਿਸ ਦੀ ਹਾਲ ਹੀ ਵਿੱਚ ਮੀਟਿੰਗ ਹੋਈ ਸੀ ਜਿਸ ਦੌਰਾਨ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਪੰਜਾਬ ’ਚ 83. 12 ਲੱਖ ਅਜਿਹੇ ਬੈਂਕ ਖਾਤਿਆਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚ ਪਿਛਲੇ ਲੰਮੇਂ ਸਮੇਂ ਤੋਂ ਕੋਈ ਲੈਣ-ਦੇਣ ਹੀ ਨਹੀਂ ਹੋਇਆ ਹੈ। ਇਨ੍ਹਾਂ ਬੈਂਕ ਖਾਤਿਆਂ ’ਚ 3121 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ , ਜਿਸ ਨੂੰ ਭੁਲੱਕੜ ਖਾਤੇਦਾਰਾਂ ਵੱਲੋਂ ਚਿਮਟੇ ਨਾਲ ਵੀ ਛੂਹਿਆ ਨਹੀਂ ਗਿਆ ਹੈ। ਇਸ ਨਿਵੇਕਲੇ ਵਰਤਾਰੇ ਨੂੰ ਦੇਖਦਿਆਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬੀ ਰੱਖ ਰੱਖ ਭੁੱਲਦੇ ਹੋਣ। ਪੰਜਾਬ ’ਚ ਬਜ਼ੁਰਗਾਂ ਵੱਲੋਂ ਵਿਆਹੇ ਮੁੰਡੇ ਕੁੜੀਆਂ ਨੂੰ ਅਸੀਸ ਵੀ ਇਹੋ ਦਿੱਤੀ ਜਾਂਦੀ ਹੈ ‘ਧਰ ਧਰ ਭੁੱਲੋਂ’।
ਸ਼ਾਇਦ ਇੰਨ੍ਹਾਂ ਖਾਤੇਦਾਰਾਂ ਨੂੰ ਕੋਈ ਅਜਿਹੀ ਅਸੀਸ ਹੀ ਲੱਗ ਗਈ ਜੋ ਕਰੋੜਾਂ ਰੁਪਏ ਬੈਂਕਾਂ ’ਚ ਰੱਖਣ ਪਿੱਛੋਂ ਵਿਸਾਰ ਛੱਡੇ ਹਨ। ਸੁਆਲ ਇਹ ਉਠਦਾ ਹੈ ਕਿ ਇਹ ਕਿਹੜੇ ਪੰਜਾਬੀ ਹਨ, ਜਿਨ੍ਹਾਂ ਨੇ ਬੈਂਕ ਖਾਤਿਆਂ ’ਚ ਪਈ 3 ਹਜ਼ਾਰ ਕਰੋੜ ਤੋਂ ਉਪਰ ਦੀ ਰਾਸ਼ੀ ਦੀ ਕਦੇ ਸਾਰ ਹੀ ਨਹੀਂ ਲਈ। ਸਮੁੱਚੇ ਪੰਜਾਬ ਦੀ ਅਬਾਦੀ ਸਵਾ ਤਿੰਨ ਕਰੋੜ ਹੈ ਜਿਸ ਹਿਸਾਬ ਨਾਲ ਇਸ ਰਾਸ਼ੀ ਦਾ ਅੰਕੜਾ ਕਾਫੀ ਵੱਡਾ ਨਜ਼ਰ ਆਉਂਦਾ ਹੈ ਜੋ ਬੈਂਕਾਂ ’ਚ ਅਣਵਰਤਿਆ ਹੀ ਪਿਆ ਹੈ। ਬੈਂਕ ਅਧਿਕਾਰੀਆਂ ਵੱਲੋਂ ਇੰਨ੍ਹਾਂ ਖਾਤਿਆਂ ਨੂੰ ‘ਇਨਆਪਰੇਟਿਵ ’ ਕਰਾਰ ਦੇਣ ਤੋਂ ਬਾਅਦ ਇੰਨ੍ਹਾਂ ਵਿਚਲੀ ਰਾਸ਼ੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਾਜ਼ਟਿਰ ਐਂਡ ਅਵੇਅਰਨੈਸ ਫੰਡ ’ਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਦੀਆਂ ਗਾਈਡਲਾਈਨਜ਼ ਅਨੁਸਾਰ ਜਿੰਨ੍ਹਾਂ ਬੈਂਕ ਖਾਤਿਆਂ ’ਚ ਲਗਾਤਾਰ ਦੋ ਸਾਲਾਂ ਤੋਂ ਕੋਈ ਲੈਣ ਦੇਣ ਨਾ ਹੋਇਆ ਹੋਵੇ, ਉਸ ਨੂੰ ਇਨਐਕਟਿਵ ਜਾਂ ਇਨਅਪਰੇਟਿਵ ਐਲਾਨ ਦਿੱਤਾ ਜਾਂਦਾ ਹੈ।
ਇੰਨ੍ਹਾਂ ’ਚ ਜਿਆਦਾਤਰ ਅਜਿਹੇ ਖਾਤੇ ਹਨ ਜਿੰਨ੍ਹਾਂ ਨੂੰ ਖਾਤਾਧਾਰਕਾਂ ਨੇ ਨਾਂ ਤਾਂ ਅਪਡੇਟ ਕਰਵਾਇਆ ਅਤੇ ਨਾਂ ਹੀ ਲੈਣ ਦੇਣ ਕੀਤਾ ਹੈ। ਰਾਜ ਪੱਧਰੀ ਬੈਂਕਰਜ਼ ਕਮੇਟੀ ਦਾ ਕਹਿਣਾ ਸੀ ਕਿ ਜਮ੍ਹਾਂ ਪਈ ਇਸ ਰਾਸ਼ੀ ਨੂੰ ਹੱਕਦਾਰਾਂ ਤੱਕ ਪਹੰਚਾਉਣ ਲਈ ਯਤਨ ਜਾਰੀ ਹਨ। ਕਮੇਟੀ ਨੇ ਸਮੂਹ ਮੈਂਬਰ ਬੈਂਕਾਂ ਨੂੰ ਇਸ ਦਿਸ਼ਾ ’ਚ ਕਾਰਵਾਈ ਤੇਜ਼ ਕਰਨ ਲਈ ਵੀ ਕਿਹਾ ਹੈ। ਸਟੇਟ ਬੈਂਕ ਆਫ ਇੰਡੀਆ ਨੇ 4733 ਬੈਂਕ ਖਾਤਿਆਂ ਚੋਂ 32 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ। ਬੈਂਕਰਜ਼ ਕਮੇਟੀ ਨੇ ਸਮੂਹ ਬੈਂਕਾਂ ਨੂੰ ਇਸ ਸਬੰਧ ਵਿੱਚ ਜਾਗਰੂਕਤਾ ਕੈਂਪ ਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ ਤਾਂ ਜੋ ਇੰਨ੍ਹਾਂ ਕਦੇ ਨਾਂ ਛੇੜੇ ਗਏ ਖਾਤਿਆਂ ਵਿਚਲੇ ਪੈਸਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਰਿਪੋਰਟ ਅਨੁਸਾਰ ਹਾਲੇ ਤੱਕ 2.37 ਫੀਸਦੀ ਰਾਸ਼ੀ ਦਾ ਭੁਗਤਾਨ ਹੀ ਕੀਤਾ ਜਾ ਸਕਿਆ ਹੈ ਜੋ 19 ਹਜ਼ਾਰ 126 ਖਾਤਿਆਂ ਦੇ ਹਿਸਾਬ ਨਾਲ ਸਿਰਫ 76 ਕਰੋੜ ਰਪਏ ਹੀ ਬਣਦੀ ਹੈ।
ਇਸ ਹਿਸਾਬ ਨਾਲ 3 ਹਜ਼ਾਰ ਕਰੋੋੜ ਰੁਪਏ ਤੋਂ ਵੱਧ ਪੈਸੇ ਬੈਂਕਾਂ ’ਚ ਉਹ ਪਏ ਹਨ ਜਿਨ੍ਹਾਂ ਦਾ ਕੋਈ ਦਾਅਵੇਦਾਰ ਹੀ ਨਹੀਂ ਹੈ। ਉਂਜ ਤਾਂ ਇਹ ਰਕਮਾਂ ਬੈਂਕਾਂ ਲਈ ਸਿਰਦਰਦੀ ਹੀ ਹਨ ਪਰ ਪਰ ਬੈਂਕਾਂ ਵਾਲੇ ਇਨ੍ਹਾਂ ਨੂੰ ਅਸਲੀ ਮਾਲਕਾਂ ਤੱਕ ਪੁੱਜਦੀ ਕਰਨ ਦੇ ਹੱਕ ’ਚ ਵੀ ਹਨ। ਸੂਤਰ ਦੱਸਦੇ ਹਨ ਕਿ ਬੈਂਕਿੰਗ ਨਿਯਮਾਂ ਮੁਤਾਬਕ ਅਗਰ ਕੋਈ ਵਿਅਕਤੀ 10 ਸਾਲ ਤੱਕ ਆਪਣੇ ਖਾਤੇ ’ਚ ਕੋਈ ਲੈਣ ਦੇਣ ਨਹੀਂ ਕਰਦਾ ਤਾਂ ਉਸ ਖਾਤੇ ਨੂੰ ਅਨਕਲੇਮਡ ਐਲਾਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਪਾਰੀ ਮੌਕੇ ਜਨ ਧਨ ਯੋਜਨਾ ਤਹਿਤ ‘ਜ਼ੀਰੋ ਬੈਲੈਂਸ’ ਵਾਲੇ ਖਾਤੇ ਵੀ ਖੁੱਲ੍ਹਵਾਏ ਸਨ। ਪੰਜਾਬ ’ਚ 90 ਲੱਖ ਤੋਂ ਵੱਧ ਬੈਂਕ ਜਨ ਧਨ ਯੋਜਨਾ ਵਾਲੇ ਖਾਤੇ ਹਨ। ਇੰਨ੍ਹਾਂ ’ਚੋਂ 25 ਲੱਖ ਤੋਂ ਜਿਆਦਾ ਖਾਤਿਆਂ ’ਚ ਦੋ ਸਾਲਾਂ ਤੋਂ ਕੋਈ ਲੈਣ-ਦੇਣ ਹੀ ਨਹੀਂ ਹੋਇਆ ਹੈ। ਇਨ੍ਹਾਂ ਖਾਤਿਆਂ ਵਿੱਚ ਵੀ ਕਰੋੜਾਂ ਰੁਪਏ ਪਏ ਹਨ।
ਲਗਾਤਾਰ ਲੈਣ ਦੇਣ ਲਾਜਮੀ
ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਤਾ ‘ਇਨਆਪਰੇਟਿਵ ਹੋਣ ਤੋਂ ਬਚਾਉਣ ਲਈ ਕੁੱਝ ਮਹੀਨਿਆਂ ਦੇ ਅੰਦਰ ਅੰਦਰ ਲੈਣ ਦੇਣ ਕਰਨਾ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨਾਲ ਸੰਪਰਕ ਕਰਕੇ ਆਪਣਾ ਖਾਤਾ ਅਪਡੇਟ ਵੀ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਪਾਸ ਬੁੱਕ ਅਤੇ ਹੋਰ ਸੇਵਾਵਾਂ ਜਾਰੀ ਰੱਖਣ ਲਈ ਬੈਂਕ ਵੱਲੋਂ ਭੇਜੇ ਜਾਂਦੇ ਅਲਰਟ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬੈਂਕ ਖਾਤਾ 10 ਸਾਲ ਜਾਂ ਇਸ ਤੋਂ ਵੱਧ ਸਮਾਂ ‘ਇਨਆਪਰੇਟਿਵ ਰਹਿੰਦਾ ਹੈ ਤਾਂ ਉਸ ਵਿਚਲੀ ਰਾਸ਼ੀ ਬੈਂਕ ਆਰਬੀਆਈ ਦੇ ਵਿਸੇਸ਼ ਫੰਡ ’ਚ ਜਮ੍ਹਾਂ ਕਰਵਾ ਦਿੰਦਾ ਹੈ।
ਨਾਮੀਨੇਸ਼ਨ ਕਰਵਾਉਣੀ ਜਰੂਰੀ : ਜਿੰਦਲ
ਸਟੇਟ ਬੈਂਕ ਆਫ ਇੰਡੀਆ ਦੇ ਸਾਬਕਾ ਸੀਨੀਅਰ ਮੈਨੇਜਰ ਮਾਘੀ ਰਾਮ ਜਿੰਦਲ ਦਾ ਕਹਿਣਾ ਹੈ ਕਿ ‘ਅਨਕਲੇਮਡ’ ਰਾਸ਼ੀ ਦਾ ਇੱਕ ਕਾਰਨ ਤਾਂ ਵਿਅਕਤੀ ਦੀ ਮੌਤ ਹੋ ਜਾਣੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਾਫੀ ਬਜ਼ੁਰਗ ਬੈਂਕਾਂ ਵਿੱਚ ਪੈਸੇ ਰੱਖ ਦਿੰਦੇ ਹਨ ਤੇ ਬੱਚਿਆਂ ਨੂੰ ਨਹੀਂ ਦੱਸਦੇ ਜੋ ਵੀ ਇੱਕ ਵਜਾਹ ਹੈ। ਉਨ੍ਹਾਂ ਦੱਸਿਆ ਕਿ ਖਾਤਿਆਂ ’ਚ ‘ਨਾਮੀਨੇਸ਼ਨ ਨਾਂ ਹੋਣੀ ਵੀ ਸਮੱਸਿਆ ਬਣਦੀ ਹੈ ਜੋ ਲਾਜਮੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਦੇਸ਼ ਜਾਣ ਵਾਲਿਆਂ ਦੀ ਰਕਮ ਵੀ ਅਨਕਲੇਮਡ ਰਹਿ ਜਾਂਦੀ ਹੈ।
Click to Follow Babushahi Facebook page →