Babushahi Special ਨਗਰ ਨਿਗਮ ਦੇ ਟਿੱਪਰਾਂ ਦਾ ਪੁਆੜਾ , ਬਠਿੰਡਾ ਵਿੱਚ ਸਾਫ ਸਫਾਈ ਦਾ ਹੋਇਆ ਕਬਾੜਾ
ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2026: ਨਗਰ ਨਿਗਮ ਬਠਿੰਡਾ ਦੇ ਘਰੋ ਘਰੀਂ ਜਾਕੇ ਕੂੜਾ ਚੁੱਕਣ ਵਾਲੇ ਕਰੀਬ ਪੰਜ ਦਰਜਨ ਟਿੱਪਰ ਖਰਾਬ ਹੋਣ ਕਾਰਨ ਸ਼ਹਿਰ ਨੂੰ ਕੂੜੇ ਕਰਕਟ ਅਤੇ ਗੰਦਗੀ ਦੇ ਢੇਰਾਂ ’ਚ ਤਬਦੀਲ ਕਰ ਦਿੱਤਾ ਹੈ। ਇਕੱਲਾ ਇੱਕ ਇਲਾਕਾ ਨਹੀਂ ਬਲਕਿ ਦਰਜਨਾਂ ਥਾਵਾਂ ਅਜਿਹੀਆਂ ਹਨ ਜਿੱਥੇ ਲੱਗੇ ਕੂੜੇ ਦੇ ਅੰਬਾਰਾਂ ਕਾਰਨ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗਿਆ ਦਿਖਾਈ ਦੇ ਰਿਹਾ ਹੈ। ਨਗਰ ਨਿਗਮ ਬਠਿੰਡਾ ਨੇ ਇਸ ਕੰਮ ਲਈ ਕੋਈ ਬਦਲਵੇਂ ਪ੍ਰਬੰਧ ਵੀ ਨਹੀਂ ਕੀਤੇ ਜਿਸ ਦੇ ਚੱਲਦਿਆਂ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਨਗਰ ਨਿਗਮ ਕੋਲ ਇਸ ਵਕਤ 72 ਟਿੱਪਰ ਹਨ ਜਿੰਨ੍ਹਾਂ ਚੋ ਮੁਸ਼ਕਲ ਨਾਲ ਇੱਕ ਦਰਜਨ ਹੀ ਕੰਮ ਕਰ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਕੰਮ ਕਰਨ ਵਾਲਿਆਂ ਦੀ ਗਿਣਤੀ 20 ਦੱਸੀ ਜਾ ਰਹੀ ਹੈ। ਵੱਡੀ ਗੱਲ ਹੈ ਕਿ ਢੁੱਕਵੀਂ ਮੁਰੰਮਤ ਨਾਂ ਹੋਣ ਕਾਰਨ ਟਿੱਪਰਾਂ ਦੇ ਖਰਾਬ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ।
ਦੇਖਣ ’ਚ ਆਇਆ ਹੈ ਕਿ ਕਈ ਟਿੱਪਰਾਂ ਦੇ ਜੈਕ ਖਰਾਬ ਹੋ ਗਏ ਹਨ ਜਦੋਂਕਿ ਕਈਆਂ ਦੇ ਦਰਵਾਜੇ ਅਤੇ ਕੂੜਾ ਪਾਉਣ ਵਾਲੇ ਬਕਸਿਆਂ ਦੇ ਢੱਕਣ ਟੁੱਟ ਚੁੱਕੇ ਹਨ। ਜਿਆਦਾਤਰ ਟਿੱਪਰਾਂ ਦੀ ਨੰਬਰ ਪਲੇਟ, ਅਗਲੀਆਂ ਅਤੇ ਪਿਛਲੀਆਂ ਲਾਈਟਾਂ ਤੱਕ ਨਹੀਂ ਹਨ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਨਗਰ ਨਿਗਮ ਦੇ ਨੌਹਰੇ ਵਿੱਚ ਖਲੋਤੇ ਕਈ ਟਿੱਪਰਾਂ ਦੇ ਟਾਇਰ ਅਤੇ ਰਿੰਮ ਤੱਕ ਗਾਇਬ ਹੋ ਗਏ ਹਨ। ਨਗਰ ਨਿਗਮ ਨੇ ਇੰਨ੍ਹਾਂ ਟਿੱਪਰਾਂ ਦੀ ਮੁਰੰਮਤ ਕਰਵਾਉਣ ਲਈ ਦੋ ਫਰਮਾਂ ਨੂੰ ਨਾਮਜਦ ਕੀਤਾ ਸੀ । ਇੰਨ੍ਹਾਂ ਅਦਾਰਿਆਂ ਦੀ ਸ਼ਕਾਇਤ ਸੀ ਕਿ ਨਗਰ ਨਿਗਮ ਵੱਲੋਂ ਉਨ੍ਹਾਂ ਦੇ ਬਿੱਲਾਂ ’ਚ ਅਕਸਰ ਦੇਰੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਟਿੱਪਰਾਂ ਦੀ ਮੁਰੰਮਤ ਕਰਨ ਸਬੰਧੀ ਬਿੱਲਾਂ ਦੀ ਅਦਾਇਗੀ ਦਾ ਨਕਦ ਭੁਗਤਾਨ ਕੀਤਾ ਜਾਏ ਜਦੋਂਕਿ ਮਹਿਕਮੇ ਦੇ ਨਿਯਮਾਂ ਮੁਤਾਬਕ ਐਸਟੀਮੇਟ ਅਤੇ ਬਿੱਲ ਪਾਸ ਹੋਣ ਤੋਂ ਬਾਅਦ ਹੀ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਟਿੱਪਰ ਸਟੈਂਡ ਤੇ ਟਿੱਪਰਾਂ ਦੀ ਮੁਰੰਮਤ ਕਰਨ ਲਈ ਇੱਕ ਮਿਸਤਰੀ ਤਾਇਨਾਤ ਕੀਤਾ ਗਿਆ ਸੀ ਪਰ ਉਸ ਦਾ ਬਿੱਲ ਅਤੇ ਖਰਚਾ ਜਿਆਦਾ ਆਉਣ ਕਾਰਨ ਇਤਰਾਜ ਉੱਠਣੇ ਸ਼ੁਰੂ ਹੋ ਗਏ ਸਨ। ਨਤੀਜੇ ਵਜੋਂ ਇਹ ਮਿਸਤਰੀ ਵੀ ਮੁਰੰਮਤ ਦਾ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਗਿਆ। ਨਗਰ ਨਿਗਮ ਦੇ ਬੇੜੇ ’ਚ ਸੀਐਨਜੀ ਗੈਸ ਅਤੇ ਡੀਜ਼ਲ ਨਾਲ ਚੱਲਣ ਵਾਲੇ ਕੁੱਲ 72 ਟਿੱਪਰ ਹਨ ਜਿੰਨ੍ਹਾਂ ਨੂੰ ਸੁਭਾ ਅਤੇ ਸ਼ਾਮ ਦੀ ਸ਼ਿਫਟ ਹੋਣ ਕਾਰਨ ਲਗਾਤਾਰ 16- 16 ਘੰਟੇ ਤੱਕ ਕੰਮ ਕਰਨਾ ਪੈਂਦਾ ਸੀ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਲਗਾਤਾਰ ਚੱਲਣ ਕਾਰਨ ਹੀ ਆਏ ਦਿਨ ਦਿੱਕਤਾਂ ਆਉਣੀਆਂ ਸ਼ੁਰੂ ਹੋਈਆਂ ਸਨ ਜੋ ਵਧਦੀਆਂ ਇਸ ਹਾਲਤ ’ਚ ਪੁੱਜ ਗਈਆਂ ਹਨ। ਨਗਰ ਨਿਗਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਦਿਨੋ ਦਿਨ ਵਿਗੜਦੀ ਸਥਿਤੀ ਨੂੰ ਦੇਖਦਿਆਂ ਹੁਣ ਵੱਖਰੇ ਤੌਰ ’ਤੇ ਟਿੱਪਰ ਰਿਪੇਅਰ ਸੈਲ ਬਨਾਉਣ ਸਬੰਧੀ ਵਿਚਾਰ ਚੱਲ ਰਿਹਾ ਹੈ।
ਬਿਮਾਰੀਆਂ ਫੈਲਣ ਦਾ ਖਤਰਾ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਨੇ ਨਗਰ ਨਿਗਮ ਨੂੰ ਸ਼ਹਿਰ ਚੋਂ ਕੂੜਾ ਹਟਵਾਉਣ ਅਤੇ ਟਿੱਪਰਾਂ ਰਾਹੀਂ ਰੋਜਾਨਾ ਕੂੜਾ ਚੁੱਕਣਾ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਸਥਿਤੀ ਐਨੀ ਤਰਸਯੋਗ ਹੈ ਕਿ ਰਾਹਗੀਰਾਂ ਨੂੰ ਬਦਬੂ ਕਾਰਨ ਨੱਕ ਢਕ ਕੇ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਠੰਢ ਦੇ ਬਾਵਜੂਦ ਗੰਦਗੀ ਕਾਰਨ ਸ਼ਹਿਰ ’ਚ ਮੱਛਰਾਂ ਦੀ ਭਰਮਾਰ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਟਿੱਪਰਾਂ ਦੇ ਇਸ ਤਰਾਂ ਖਰਾਬ ਹੋਣ ਦੇ ਕਾਰਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਨਗਰ ਨਿਗਮ ਦੇ ਦਾਅਵੇ ਫੇਲ੍ਹ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਦਾਅਵਿਆਂ ਦੇ ਬਾਵਜੂਦ ਨਗਰ ਨਿਗਮ ਆਪਣੀ ਜਿੰਮੇਵਾਰੀ ਨਿਭਾਉਣ ‘ਚ ਫੇਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਸ ਤਰਾਂ ਗੰਦਗੀ ਨਾਲ ਜੂਝਣਾ ਚਿੰਤਾਜਨਕ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੇ ਸਬਰ ਦਾ ਪਿਆਲਾ ਹੁਣ ਨੱਕੋ ਨੱਕ ਭਰ ਚੁੱਕਿਆ ਹੈ ਅਤੇ ਦਿੱਕਤ ਖਤਮ ਨਾਂ ਹੋਣ ਦੀ ਸੂਰਤ ’ਚ ਸੰਘਰਸ਼ ਦੇ ਰਾਹ ਪਿਆ ਜਾ ਸਕਦਾ ਹੈ।
ਬਦਲਵੇਂ ਪ੍ਰਬੰਧ ਕੀਤੇ ਜਾਣ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਨਗਰ ਨਿਗਮ ਨੂੰ ਸ਼ਹਿਰ ਚੋਂ ਕੂੜਾ ਇਕੱਠਾ ਕਰਨ ਲਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸ ਤਰਾਂ ਲੋਕਾਂ ਦੀਆਂ ਦੇਹਲੀਆਂ ਲਾਗੇ ਸੁੱਟੀ ਜਾ ਰਹੀ ਗੰਦਗੀ ਕਰਕੇ ਬਠਿੰਡਾ ਕੂੜਾਸਤਾਨ ਬਣ ਗਿਆ ਹੈ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਸੜਕਾਂ, ਗਲੀਆਂ, ਪਲਾਟਾਂ ਜਾਂ ਇਧਰ-ਉਧਰ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਹੈ।
ਮੁਰੰਮਤ ਕਰਵਾਈ ਜਾਏਗੀ: ਏਸੀ
ਨਗਰ ਨਿਗਮ ਬਠਿੰਡਾ ਦੇ ਸਹਾਇਕ ਕਮਿਸ਼ਨਰ ਸੁਨੀਲ ਮਹਿਤਾ ਦਾ ਕਹਿਣਾ ਸੀ ਕਿ ਦਿੋਨੋ ਦਿਨ ਵਧ ਰਹੀ ਗਿਣਤੀ ਨੂੰ ਦੇਖਦਿਆਂ ਟਿੱਪਰਾਂ ਦੀ ਲੁੜੀਂਦੀ ਮੁਰੰਮਤ ਕਰਕੇ ਕੰਮ ’ਚ ਲਿਆਂਦਾ ਜਾਏਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ 5 ਤੋਂ 10 ਹਜ਼ਾਰ ਤੱਕ ਦੇ ਖਰਚ ਵਾਲੇ ਟਿੱਪਰਾਂ ਦੀ ਮੁਰੰਮਤ ਕਰਵਾਈ ਜਾਏਗੀ ਜਦੋਂਕਿ ਦੂਸਰੇ ਪੜਾਅ ’ਚ ਵੱਧ ਖਰਚ ਵਾਲਿਆਂ ਨੂੰ ਠੀਕ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਜੋ ਟਿੱਪਰ ਬੇਹੱਦ ਖਸਤਾਹਾਲ ਹਨ ਉਨ੍ਹਾਂ ਨੂੰ ਕੰਡਮ ਕਰਾਰ ਦਿੱਤਾ ਜਾਏਗਾ।