Babushahi Special ਛਤਰਪਤੀ ਕਤਲ ਮਾਮਲਾ : ਰਾਮ ਰਹੀਮ ਦੇ ਵਕੀਲਾਂ ਨੇ ਕਟਹਿਰੇ ’ਚ ਖੜ੍ਹਾਈ ਫੌਰੈਂਸਿਕ ਜਾਂਚ
ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2026 : ਹਰਿਆਣਾ ਦੇ ਸਿਰਸਾ ਨਾਲ ਸਬੰਧਤ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਵਿੱਚ ਸਜ਼ਾ ਸੁਣਾਏ ਜਾਣ ਦੇ ਸੱਤ ਸਾਲ ਤੋਂ ਵੱਧ ਸਮਾਂ ਲੰਘਣ ਮਗਰੋਂ ਵੀਰਵਾਰ ਨੂੰ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਵਕੀਲਾਂ ਨੇ ਸੁਣਵਾਈ ਦੌਰਾਨ ਇਸਤਗਾਸਾ ਪੱਖ ’ਤੇ ਸਵਾਲ ਚੁੱਕੇ ਹਨ। ਵਕੀਲਾਂ ਨੇ ਕਿਹਾ ਕਿ ਇਸ ਮਾਮਲੇ ’ਚ ਪੇਸ਼ ਬੈਲਸਟਿਕ ਸਬੂਤ ਆਪਾ ਵਿਰੋਧੀ ਪ੍ਰਮਾਣਾਂ ਤੇ ਅਧਾਰਿਤ ਹਨ। ਡੇਰਾ ਸਿਰਸਾ ਮੁਖੀ ਦੇ ਦੋਸ਼ ਸਿੱਧ ਅਤੇ ਉਮਰ ਕੈਦ ਦੀ ਸਜ਼ਾ ਖਿਲਾਫ ਅਪੀਲ ਦੌਰਾਨ ਇਹ ਦਲੀਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੱਗੇ ਦਿੱਤੀਆਂ ਗਈਆਂ । ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਦੇ ਬੈਂਚ ਅੱਗੇ ਪੇਸ਼ ਹੋਏ ਸੀਨੀਅਰ ਵਕੀਲ ਆਰ ਬਸੰਤ ਅਤੇ ਜਤਿੰਦਰ ਖੁਰਾਣਾ ਨੇ ਅਪੀਲਕਰਤਾ ਵੱਲੋਂ ਦਲੀਲ ਦਿੱਤੀ ਕਿ ਪੋਸਟਮਾਰਟਮ ਦੌਰਾਨ ਛਤਰਪਤੀ ਦੇ ਸਰੀਰ ਵਿੱਚੋਂ ਮਿਲੀ ਗੋਲੀ ਮਿਲਣ ਤੋਂ ਲੈਕੇ ਅਦਾਲਤ ਵਿੱਚ ਖੋਲ੍ਹਣ ਤੱਕ ਸੀਲਬੰਦ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇੱਕ ਬੁਨਿਆਦੀ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਗੋਲੀ ਦੀ ਜਾਂਚ ਫੋਰੈਂਸਿਕ ਸਾਇੰਸ ਲੈਬਾਰਟਰੀ ਮਾਹਿਰ ਦੁਆਰਾ ਕਦੋਂ ਕੀਤੀ ਗਈ ਹੈ। ਇਸਤਗਾਸਾ ਧਿਰ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਵੱਲ ਅਦਾਲਤ ਦਾ ਧਿਆਨ ਦਿਵਾਉਂਦਿਆਂ ਬਚਾਅ ਪੱਖ ਨੇ ਜਾਣਕਾਰੀ ਦਿੱਤੀ ਕਿ 22 ਨਵੰਬਰ 2002 ਨੂੰ ਏਮਜ਼ ਨਵੀਂ ਦਿੱਲੀ ਵਿਖੇ ਪੋਸਟਮਾਰਟਮ ਦੌਰਾਨ ਮ੍ਰਿਤਕ ਰਾਮਚੰਦਰ ਛਤਰਪਤੀ ਦੀ ਲਾਸ਼ ਚੋਂ ਇੱਕ ਗੋਲੀ ਕੱਢੀ ਗਈ ਸੀ। ਇਸ ਮੌਕੇ ਗੋਲੀ ਨੂੰ ਇੱਕ ਪਲਾਸਟਿਕ ਦੇ ਡੱਬੇ ਵਿੱਚ ਰੱਖਕੇ ਏਮਜ਼ ਦੀ ਸੀਲ ਲਾਕੇ ਸੀਲ ਬੰਦ ਕਰ ਦਿੱਤਾ ਗਿਆ ਸੀ। ਬਚਾਅ ਪੱਖ ਨੇ ਇਸ ਗੱਲ ਤੇ ਖਾਸ ਜੋਰ ਦਿੱਤਾ ਕਿ ਜਦੋਂ 16 ਅਪ੍ਰੈਲ 2011 ਨੂੰ ਇਸ ਡੱਬੇ ਨੂੰ ਟਰਾਇਲ ਕੋਰਟ ਅੱਗੇ ਪੇਸ਼ ਕੀਤਾ ਗਿਆ ਤਾਂ ਇਹ ਉਦੋਂ ਵੀ ਸੀਲ ਬੰਦ ਹੀ ਸੀ। ਅਦਾਲਤ ਦੀ ਵਿਸ਼ੇਸ਼ ਪ੍ਰਵਾਨਗੀ ਤੋਂ ਬਾਅਦ ਹੀ ਇਸ ਸੀਲ ਬੰਦ ਡੱਬੇ ਨੂੰ ਖੋਹਲਿਆ ਗਿਆ ਤਾਂ ਗੋਲੀ ਅੰਦਰ ਮੌਜੂਦ ਸੀ।
ਬਚਾਅ ਪੱਖ ਨੇ ਦਲੀਲ ਦਿੱਤੀ ਕਿ ਜਦੋਂ ਇਸ ਡੱਬੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਡੱਬੇ ’ਤੇ ਉਦੋਂ ਵੀ ਏਮਜ਼ ਦੀ ਸੀਲ ਲੱਗੀ ਹੋਈ ਸੀ ਤਾਂ ਅਜਿਹੇ ਦੌਰਾਨ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਫੋਰੈਂਸਿਕ ਸਾਇੰਸ ਲੈਬਾਰਟਰੀ ( ਐਫ ਐਸ ਐਲ) ਦੇ ਮਾਹਿਰਾਂ ਨੇ ਉਸ ਗੋਲੀ ਦੀ ਫੌਰੈਂਸਿਕ ਜਾਂਚ ਆਖਿਰ ਕਦੋਂ ਅਤੇ ਕਿਸ ਤਰ੍ਹਾਂ ਕੀਤੀ ਹੈ। ਸੀਲ ਕਰਨ ਸਬੰਧੀ ਬੇਨਿਯਮੀਆਂ ਤੋਂ ਇਲਾਵਾ ਬਚਾਅ ਪੱਖ ਨੇ ਅੱਗੇ ਦਲੀਲਾਂ ਦਿੱਤੀਆਂ ਕਿ ਮ੍ਰਿਤਕ ਰਾਮ ਚੰਦਰ ਛਤਰਪਤੀ ਦੀ ਲਾਸ਼ ਚੋਂ ਕਥਿਤ ਤੌਰ ’ਤੇ ਬਰਾਮਦ ਕੀਤੀਆਂ ਗਈਆਂ ਗੋਲੀਆਂ ਅਪਰਾਧ ਕਰਨ ਮੌਕੇ ਕਥਿਤ ਤੌਰ ’ਤੇ ਵਰਤੇ ਗਏ ਰਿਵਾਲਵਰ ਨਾਲ ਮੇਲ ਨਹੀਂ ਖਾਂਦੀਆਂ ਸਨ। ਬਚਾਅ ਪੱਖ ਨੇ ਇਹ ਜਾਣਕਾਰੀ ਦਿੱਤੀ ਕਿ ਗੋਲੀਆਂ ਦਾ ਆਕਾਰ, ਪ੍ਰਕਿਰਤੀ ਅਤੇ ਸਥਿਤੀ ਹਥਿਆਰ ਨਾਲ ਮੇਲ ਨਹੀਂ ਖਾਂਦੀ ਹੈ। ਬਚਾਅ ਪੱਖ ਦਾ ਕਹਿਣਾ ਸੀ ਕਿ ਇੰਨ੍ਹਾਂ ਤੱਥਾਂ ਕਰਕੇ ਇਹ ਸਬੂਤ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ।
ਛੋਟੀ ਗੋਲੀ ਤੇ ਦਸਤਖਤ ਅਸੰਭਵ
ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਰਿਵਾਲਵਰ ਦੇ ਮੁੱਖ ਹਿੱਸੇ , ਡਰੱਮ ਅਤੇ ਬੈਰਲ ’ਤੇ ਫੌਰੈਂਸਿਕ ਮਾਹਿਰਾਂ ਦੇ ਦਸਤਖਤ ਮੌਜੂਦ ਹਨ ਜੋ ਸਭ ਕੁੱਝ ਖੋਹਲਣ ਅਤੇ ਜਾਂਚ ਤੋਂ ਬਾਅਦ ਕੀਤੇ ਗਏ। ਹਾਲਾਂਕਿ ਬਚਾਅ ਪੱਖ ਨੇ ਇਸ ਤਰਕ ਨੂੰ ਬੇਭਰੋਸਗੀ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਮਨੁੱਖੀ ਸਰੀਰ ਚੋਂ ਨਿਕਲੀ ਬੇਹਦ ਛੋਟੀ ਅਤੇ ਬੁਰੀ ਤਰਾਂ ਖਰਾਬ ਹੋ ਚੁੱਕੀ ਗੋਲੀ ਤੇ ਕਿਸੇ ਵੀ ਪ੍ਰਕਾਰ ਦੇ ਦਸਤਖਤ ਜਾਂ ਨਿਸ਼ਾਨ ਲਾਉਣਾ ਸੰਭਵ ਨਹੀਂ ਹੈ। ਬਚਾਅ ਪੱਖ ਨੇ ਕਿਹਾ ਕਿ ਹਥਿਆਰ ਦੇ ਬੈਰਲ ਤੇ ਨਿਸ਼ਾਨ ਸੰਭਵ ਹੋ ਸਕਦੇ ਹਨ ਲੇਕਿਨ ਸਰੀਰ ਚੋਂ ਨਿਕਲੀ ਗੋਲੀ ਤੇ ਨਹੀਂ ।
ਇਹ ਹੈ ਛਤਰਪਤੀ ਕਤਲ ਮਾਮਲਾ
ਦੱਸ ਦੇਈਏ ਕਿ 24 ਅਕਤੂਬਰ 2002 ਦੇ ਦਿਨ ਹਰਿਆਣਾ ਦੇ ਸਿਰਸਾ ਵਿੱਚ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ ਘਰੋਂ ਬਾਹਰ ਸੱਦ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਜਖਮੀ ਛਤਰਪਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ 21 ਨਵੰਬਰ 2002 ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਨੂੰ ਇਸ ਕਤਲ ਮਾਮਲੇ ’ਚ ਦੋਸ਼ੀ ਕਰਾਰ ਦਿੰਦਿਆਂ 17 ਜਨਵਰੀ 2019 ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਜਿਸ ਤਹਿਤ ਉਹ ਰੋਹਤਕ ਜਿਲ੍ਹੇ ਦੀ ਸੁਨਾਰੀਆ ਜੇਲ੍ਹ ’ਚ ਬੰਦ ਹਨ। ਡੇਰਾ ਮੁਖੀ ਨੇ ਦਾਅਵਾ ਕੀਤਾ ਸੀ ਕਿ ਸੀਬੀਆਈ ਨੇ ਉਨ੍ਹਾਂ ਨੂੰ ਝੂਠਾ ਫਸਾਇਆ ਹੈ। ਇਸ ਸਬੰਧੀ ਤਿੰਨ ਹੋਰਨਾਂ ਖਿਲਾਫ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇੰਨ੍ਹਾਂ ਚੋ ਕਿਸੇ ਨੇ ਵੀ ਇਸ ਕਤਲ ’ਚ ਡੇਰਾ ਮੁਖੀ ਦਾ ਹੱਥ ਹੋਣ ਦਾ ਦੋਸ਼ ਨਹੀਂ ਲਾਇਆ ਸੀ।
ਹਾਈਕੋਰਟ ਤੇ ਨਜ਼ਰਾਂ ਟਿਕੀਆਂ
ਛਤਰਪਤੀ ਕਤਲ ਮਾਮਲੇ ’ਚ ਹੁਣ ਨਜ਼ਰਾਂ ਹਾਈਕੋਰਟ ਵੱਲੋਂ ਸੁਣਾਏ ਜਾਣ ਵਾਲੇ ਅਗਲੇ ਫੈਸਲੇ ਤੇ ਟਿਕ ਗਈਆਂ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਦਾਲਤ ਬਚਾਅ ਪੱਖ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਡੇਰਾ ਮੁਖੀ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਡੇਰਾ ਮੁਖੀ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ’ਚ ਬਰੀ ਹੋ ਚੁੱਕੇ ਹਨ ਜਿਸ ’ਚ ਵੀ ਸਬੂਤਾਂ ਦਾ ਹੀ ਹੱਥ ਮੰਨਿਆ ਜਾਂਦਾ ਹੈ।