Babushahi Special: ਚਾਈਨਾ ਡੋਰ ਵੇਚਣ ਵਾਲਿਆਂ ਪ੍ਰਤੀ ਜਦੋਂ ਬਠਿੰਡਾ ਪੁਲਿਸ ਮਿਹਰਬਾਨ ਤਾਂ ਗਧਾ ਵੀ ਪਹਿਲਵਾਨ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ 2026: ਪਤੰਗ ਉਡਾਉਣ ਲਈ ਨੌਜਵਾਨਾਂ ਪਸੰਦ ਪਰ ਖੂਨੀ ਮੰਨੀ ਜਾਂਦੀ ਚਾਈਨਾ ਡੋਰ ਦੇ ਮਾਮਲੇ ’ਚ ਬਠਿੰਡਾ ਪੁਲਿਸ ਇਸ ਕਦਰ ਮਿਹਰਬਾਨ ਹੈ ਕਿ ਇਹ ਖਤਰਨਾਕ ਡੋਰ ਬਰਾਮਦ ਹੋਣ ’ਤੇ ਫੜੇ ਬੰਦਿਆਂ ਨੂੰ ਥਾਣਿਆਂ ’ਚ ਹੀ ਜਮਾਨਤ ਦਿੱਤੀ ਜਾਣ ਲੱਗੀ ਹੈ। ਨਤੀਜੇ ਵਜੋਂ ਥਾਣਿਓਂ ਆਉਣ ਤੋਂ ਬਾਅਦ ਇਹ ਲੋਕ ਪਹਿਲਾਂ ਨਾਲੋਂ ਵੀ ਧੜੱਲੇ ਨਾਲ ਚਾਈਨਾ ਡੋਰ ਵੇਚਣੀ ਸ਼ੁਰੂ ਕਰ ਦਿੰਦੇ ਹਨ। ਪਹਿਲੀ ਨਜ਼ਰੇ ਇਹ ਗੱਲ ਸਧਾਰਨ ਜਾਪਦੀ ਹੈ ਪਰ ਇਸ ਡੋਰ ਕਾਰਨ ਨਿੱਕਲਣ ਲੱਗੇ ਨਤੀਜਿਆਂ ਨੂੰ ਦੇਖੀਏ ਤਾਂ ਪੁਲਿਸ ਦੀ ਕਾਰਵਾਈ ਸ਼ੱਕ ਦੇ ਘੇਰੇ ’ਚ ਦਿਖਾਈ ਦਿੰਦੀ ਹੈ। ਦਿਲਚਸਪ ਤੱਥ ਇਹ ਹੈ ਕਿ ਪਿਛਲੇ ਸਾਲ ਤੱਕ ਇਹੋ ਬਠਿੰਡਾ ਪੁਲਿਸ ਚਾਈਨਾ ਡੋਰ ਦੇ ਮਾਮਲਿਆਂ ’ਚ ਗੈਰਜਮਾਨਤੀ ਧਾਰਾਵਾਂ ਲਾਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਰਹੀ ਸੀ। ਇਹ ਜਾਨ ਲੇਵਾ ਡੋਰ ਵੇਚਣ ਵਾਲਿਆਂ ’ਤੇ ਬਠਿੰਡਾ ਪੁਲਿਸ ਐਨੀ ਮਿਹਰਬਾਨ ਕਾਹਤੋਂ ਹੈ ਇਸ ਦਾ ਅਫਸਰਾਂ ਕੋਲ ਕੋਈ ਜਵਾਬ ਨਹੀਂ ਹੈ।
ਇੱਕ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਬਠਿੰਡਾ ਪੁਲਿਸ ਨੇ ਦਸੰਬਰ ਤੋਂ 17 ਜਨਵਰੀ ਤੱਕ ਚਾਈਨੋ ਡੋਰ ਵੇਚਣ ਸਬੰਧੀ ਕਰੀਬ 10 ਜਣਿਆਂ ਨੂੰ ਫੜਿਆ ਅਤੇ ਉਨ੍ਹਾਂ ਨੂੰ ਥਾਣੇ ਲਿਆਂਦਾ ਸੀ । ਪੁਲਿਸ ਨੇ ਇਸ ਸਬੰਧੀ ਮੁਲਜਮਾਂ ਖਿਲਾਫ ਮੁਕੱਦਮੇ ਦਰਜ ਕੀਤੇ ਅਤੇ ਸ਼ਾਮ ਹੋਣ ਤੱਕ ਸਾਰਿਆਂ ਨੂੰ ਜਮਾਨਤਾਂ ਦੇਣ ਤੋਂ ਬਾਅਦ ਥਾਣਿਆਂ ਚੋਂ ਘਰੋ ਘਰੀ ਭੇਜ ਦਿੱਤਾ। ਇੰਨ੍ਹਾਂ ਕੇਸਾਂ ’ਚ ਵੱਡੀ ਲਾਪਰਵਾਹੀ ਇਹ ਮੰਨੀ ਗਈ ਹੈ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ ਬੀਐਨਐਸ ਦੀ ਧਾਰਾ 223 ਤਹਿਤ ਮੁਕੱਦਮੇ ਦਰਜ ਕੀਤੇ ਹਨ। ਇਸ ਦਾ ਮਤਲਬ ਇਹ ਹੈ ਕਿ ਬਠਿੰਡਾ ਪੁਲਿਸ ਨੇ ਚਾਈਨੋ ਡੋਰ ਵੇਚਣ ਵਾਲਿਆਂ ਖਿਲਾਫ ਸਿਰਫ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਹਨ। ਇੰਨ੍ਹਾਂ ਦੋਸ਼ਾਂ ਤਹਿਤ ਮੁਕੱਦਮੇ ’ਚ ਨਾਂ ਕੇਵਲ ਥਾਣਿਆਂ ਵਿੱਚ ਜਮਾਨਤ ਦਿੱਤੀ ਜਾ ਸਕਦੀ ਹੈ ਬਲਕਿ ਸਜ਼ਾ ਦਾ ਪ੍ਰਬੰਧ ਵੀ ਛੇ ਮਹੀਨਿਆਂ ਤੋਂ ਇੱਕ ਸਾਲ ਦਾ ਹੀ ਤੈਅ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਸਿਰਫ ਇੱਕ ਕੇਸ ਵਿੱਚ ਹੀ ਇਵਾਇਰਮੈਂਟ ਐਕਟ ਦੀਆਂ ਧਾਰਾਵਾਂ ਲਾਕੇ ਮੁਲਜਮ ਨੂੰ ਜੇਲ੍ਹ ਭੇਜਿਆ ਹੈ। ਸਿਵਲ ਲਾਈਨ ਪੁਲਿਸ ਨੇ ਧੋਬੀਆਣਾ ਬਸਤੀ ਦੇ ਅਕਾਸ਼ ਨੂੰ ਚਾਈਨਾ ਡੋਰ ਦੇ 20 ਗੱਟੂਆਂ ਸਮੇਤ ਫੜਿਆ ਅਤੇ ਮੁਲਜਮ ਖਿਲਾਫ ਬੀਐਨਐਸ ਦੀ ਧਾਰਾ 223 ਅਤੇ ਇਨਵਾਇਰਮੈਂਟ ਐਕਟ 15 ਤਹਿਤ ਮੁਕੱਦਮਾ ਦਰਜ ਕੀਤਾ ਅਤੇ ਜੇਲ੍ਹ ਭੇਜ ਦਿੱਤਾ। ਪਿਛਲੇ ਸਾਲ ਪੁਲਿਸ ਅਜਿਹੇ ਮਾਮਲਿਆਂ ’ਚ ਇਨਵਾਇਰਮੈਂਟ ( ਪ੍ਰਟੈਕਸ਼ਨ) ਐਕਟ 1986 ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਦੀ ਰਹੀ ਸੀ। ਇੰਨ੍ਹਾਂ ਕੇਸਾਂ ’ਚ ਪੁਲਿਸ ਨਹੀਂ ਸਿਰਫ ਅਦਾਲਤ ਜਮਾਨਤ ਦੇ ਸਕਦੀ ਹੈ ਅਤੇ ਇਸ ਐਕਟ ਤਹਿਤ ਸਜ਼ਾ ਅਤੇ ਜੁਰਮਾਨੇ ਦਾ ਪ੍ਰਬੰਧ ਵੀ ਕਾਫੀ ਕਰੜਾ ਹੈ। ਦੂਜੇ ਪਾਸੇ ਰਾਮਪੁਰਾ ਪੁਲਿਸ ਨੇ 25 ਦਸੰਬਰ ਨੂੰ 5 ਗੱਟੂਆਂ ਸਮੇਤ ਪਵਨ ਕੁਮਾਰ ਨੂੰ ਫੜਿਆ ਅਤੇ ਬੀਐਨਐਸ ਦੀ ਧਾਰਾ 223 ਅਤੇ ਇਨਵਾਇਰਮੈਂਟ ਐਕਟ ਦੀ ਧਾਰਾ 15 ਤਹਿਤ ਕੇਸ ਦਰਜ ਕਰਕੇ ਥਾਣੇ ’ਚ ਜਮਾਨਤ ਦੇ ਦਿੱਤੀ ।
ਇਸੇ ਤਰਾਂ ਹੀ ਥਾਣਾ ਕੋਤਵਾਲੀ ਪੁਲਿਸ ਨੇ 28 ਦਸਬੰਰ ਨੂੰ ਅਨਾਜ ਮੰਡੀ ਚੋਂ ਕਮਲ ਕੁਮਾਰ ਅਤੇ ਪ੍ਰਿਥਵੀ ਰਾਜ ਚਾਈਨਾ ਡੋਰ ਦੇ 10 ਗੱਟੂਆਂ ਸਮੇਤ ਗ੍ਰਿਫਤਾਰ ਕੀਤੇ ਜਿੰਨ੍ਹਾਂ ਖਿਲਾਫ ਬੀਐਨਐਸ ਦੀ ਧਾਰਾ 223 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਥਾਣੇ ਚੋਂ ਜਮਾਨਤ ਦੇ ਦਿੱਤੀ ਗਈ। ਲੰਘੀ 13 ਜਨਵਰੀ ਨੂੰ ਕੈਨਾਲ ਕਲੋਨੀ ਪੁਲਿਸ ਨੇ ਅਮਰਪੁਰਾ ਬਸਤੀ ਚੋਂ ਕੁਲਵਿੰਦਰ ਸਿੰਘ ਨੂੰ ਚਾਈਨਾ ਡੋਰ ਦੇ 15 ਗੱਟੂਆਂ ਨਾਲ ਫੜਿਆ ਸੀ ਜਿਸ ਖਿਲਾਫ ਧਾਰਾ 223 ਤਹਿਤ ਕੇਸ ਦਰਜ ਕਰਕੇ ਥਾਣੇ ਚੋਂ ਹੀ ਛੱਡ ਦਿੱਤਾ। ਥਾਣਾ ਕੈਨਾਲ ਕਲੋਨੀ ਪੁਲਿਸ ਨੇ 17 ਜਨਵਰੀ ਨੂੰ ਹਰੀਓਮ ਵਾਸੀ ਨਰੂਆਣਾ ਰੋਡ ਨੂੰ 8 ਗੱਟੂਆਂ ਸਮੇਤ ਫੜਿਆ ਜਿਸ ਨੂੰ ਥਾਣੇ ਚੋਂ ਜਮਾਨਤ ਮਿਲ ਗਈ ਸੀ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਚਾਈਨਾ ਡੋਰ ਦੇ ਦੋਸ਼ੀਆਂ ਖਿਲਾਫ ਸਖਤ ਧਾਰਾਵਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਮਿਸਾਲੀ ਸਜ਼ਾ ਦਿਵਾਉਣੀ ਚਾਹੀਦੀ ਹੈ।
ਵਕੀਲ ਵੱਲੋਂ ਸਖਤੀ ਲਈ ਪੱਤਰ
ਹਾਈਕੋਰਟ ਦੇ ਸੀਨੀਅਰ ਵਕੀਲ ਐਚਸੀ ਅਰੋੜਾ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਫੈਸਲੇ ਮੁਤਾਬਕ ਦੋਸ਼ੀਆਂ ਖਿਲਾਫ ਇਨਵਾਇਰਮੈਂਟ ਐਕਟ 1986 , ਐਨੀਮਲ ਕਰੂਅਲਟੀ ਐਕਟ 1960 ਅਤੇ ਵਣਜੀਵ ਸੁਰੱਖਿਆ ਐਕਟ 1972 ਦੀਆਂ ਸਖਤ ਧਾਰਾਵਾਂ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਖੂਨੀ ਡੋਰ ਵੇਚਣ ਵਾਲਿਆਂ ਨੂੰ ਸਖਤ ਸਜ਼ਾ ਦਿਵਾਈ ਜਾ ਸਕਦੀ ਹੈ। ਉਨ੍ਹਾਂ ਇਸ ਲਈ ਹਫਤੇ ਦਾ ਅਲਟੀਮੇਟਮ ਵੀ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।
ਹੋਵੇਗੀ ਸਖਤ ਕਾਰਵਾਈ:ਡੀਸੀ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦਾ ਕਹਿਣਾ ਸੀ ਕਿ ਪਾਬੰਦੀ ਸ਼ੁਦਾ ਚਾਈਨ ਡੋਰ ਵੇਚਣੀ ਅਤੇ ਵਰਤਣੀ ਗੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਫੈਕਟਰੀ ਮਾਲਿਕਾਂ ਨੂੰ ਇਹ ਡੋਰ ਨਾਂ ਵੇਚਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨੋ ਡੋਰ ਨਾਂ ਵਰਤਣ ਦੇਣ ।
ਪੰਜਾਬ ’ਚ ਇਹੋ ਕਾਰਵਾਈ:ਐਸਐਸਪੀ
ਐਸਐਸਪੀ ਡਾ ਜੋਤੀ ਯਾਦਵ ਦਾ ਕਹਿਣਾ ਸੀ ਕਿ ਪੂਰੇ ਪੰਜਾਬ ’ਚ ਚਾਈਨੋ ਡੋਰ ਫੜੇ ਜਾਣ ਵਾਲਿਆਂ ਖਿਲਾਫ ਬੀਐਨਐਸ ਦੀ ਧਾਰਾ 223 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ’ਚ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ ਤਾਂ ਜੋ ਚਾਈਨਾ ਡੋਰ ਸਬੰਧੀ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ।