ਸੁਖਪਾਲ ਖਹਿਰਾ ਦੇ 'ਗਿੱਧਾ' ਬਿਆਨ 'ਤੇ ਸਿਆਸੀ ਭੂਚਾਲ; ਔਰਤਾਂ ਦੀ ਤੌਹੀਨ ਦੇ ਲੱਗੇ ਦੋਸ਼- ਮਾਮਲਾ ਜਾਏਗਾ ਵੋਮੈਨ ਕਮਿਸ਼ਨ ਕੋਲ!
"1000 ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਬੀਬੀਆਂ...."- ਖਹਿਰਾ ਦੇ ਬਿਆਨ 'ਤੇ ਭੜਕੀ ਸੱਤਾਧਾਰੀ ਧਿਰ; ਪੰਜਾਬ ਦੀਆਂ ਔਰਤਾਂ ਦੀ ਤੌਹੀਨ ਦੇ ਲੱਗੇ ਦੋਸ਼
Babushahi Network
ਚੰਡੀਗੜ੍ਹ, 10 ਮਾਰਚ 2026- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਉਸ ਵੇਲੇ ਮਾਹੌਲ ਬੇਹੱਦ ਗਰਮਾ ਗਿਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਇੰਟਰਵਿਊ ਦੌਰਾਨ ਔਰਤਾਂ ਬਾਰੇ ਦਿੱਤੇ ਗਏ ਬਿਆਨ ਦਾ ਮੁੱਦਾ ਸਦਨ ਵਿੱਚ ਉੱਠਿਆ। ਇਸ ਬਿਆਨ ਨੇ ਨਾ ਸਿਰਫ਼ ਵਿਧਾਨ ਸਭਾ ਦੀ ਕਾਰਵਾਈ ਨੂੰ ਰੋਕ ਦਿੱਤਾ, ਸਗੋਂ ਹੁਣ ਇਹ ਮਾਮਲਾ ਕਾਨੂੰਨੀ ਅਤੇ ਸੰਵਿਧਾਨਕ ਮੋੜ ਲੈਂਦਾ ਨਜ਼ਰ ਆ ਰਿਹਾ ਹੈ।
ਕੀ ਹੈ ਪੂਰਾ ਵਿਵਾਦ?
ਸੁਖਪਾਲ ਖਹਿਰਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਦੀ ਸਕੀਮ 'ਤੇ ਟਿੱਪਣੀ ਕਰਦਿਆਂ ਕਿਹਾ, "1000 ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਬੀਬੀਆਂ ਕਿੱਥੋਂ ਜੰਮ ਲੈਣਗੀਆਂ ਸੂਰਮੇ?" ਇਨ੍ਹਾਂ ਸ਼ਬਦਾਂ ਨੂੰ ਸੱਤਾਧਾਰੀ ਧਿਰ (AAP) ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਦਾ ਅਪਮਾਨ ਕਰਾਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਖਹਿਰਾ ਨੇ ਪੰਜਾਬ ਦੀ ਨਾਰੀ ਸ਼ਕਤੀ ਦੀ ਕਾਬਲੀਅਤ ਅਤੇ ਸਨਮਾਨ 'ਤੇ ਸੱਟ ਮਾਰੀ ਹੈ।
ਵਿਧਾਨ ਸਭਾ ਵਿੱਚ ਹੰਗਾਮਾ ਅਤੇ ਮੁਲਤਵੀ
ਅੱਜ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਖ਼ਾਸ ਕਰਕੇ ਮਹਿਲਾ ਵਿਧਾਇਕਾਂ ਨੇ ਖਹਿਰਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। AAP ਵਿਧਾਇਕਾਂ ਨੇ ਖਹਿਰਾ ਤੋਂ ਮੁਆਫ਼ੀ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਸਦਨ ਵਿੱਚੋਂ ਬਾਹਰ ਕੱਢਣ ਦੀ ਮੰਗ ਉਠਾਈ। ਹੰਗਾਮਾ ਇੰਨਾ ਵਧ ਗਿਆ ਕਿ ਸਪੀਕਰ ਨੂੰ ਵਿਧਾਨ ਸਭਾ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ।
ਮਹਿਲਾ ਕਮਿਸ਼ਨ ਦੀ ਦਖ਼ਲਅੰਦਾਜ਼ੀ
ਖ਼ਬਰਾਂ ਮੁਤਾਬਕ ਇਹ ਮਾਮਲਾ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ (Women Commission) ਕੋਲ ਜਾ ਰਿਹਾ ਹੈ। ਕਮਿਸ਼ਨ ਇਸ ਬਿਆਨ ਦਾ ਖ਼ੁਦ ਨੋਟਿਸ ਲੈ ਸਕਦਾ ਹੈ ਜਾਂ ਸਰਕਾਰ ਵੱਲੋਂ ਰਸਮੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਸੁਖਪਾਲ ਖਹਿਰਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਜਾ ਸਕਦਾ ਹੈ।
Click to Follow Babushahi Facebook page →