ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮੋਹਿਤ ਗੁਪਤਾ ਨੂੰ ਦਿੱਤੀ ਅੰਮ੍ਰਿਤਸਰ ਸ਼ਹਿਰੀ ਦੀ ਮੈਂਬਰਸ਼ਿਪ ਲਈ ਜ਼ਿੰਮੇਵਾਰੀ
ਅਸ਼ੋਕ ਵਰਮਾ
ਬਠਿੰਡਾ, 10 ਜਨਵਰੀ 2025 - ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਅਤੇ ਨਵੀਂ ਮੈਂਬਰਸ਼ਿਪ ਲਈ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਦੇ ਨਾਲ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਜ਼ਿਲ੍ਹਾ ਪੱਧਰ ਤੇ ਚੋਣ ਇੰਚਾਰਜਾਂ ਨਿਯੁਕਤੀ ਵੀ ਕੀਤੀ ਗਈ ਹੈ, ਜਿਸ ਵਿੱਚ ਪਾਰਟੀ ਦੇ ਹਿੰਦੂ ਚਿਹਰੇ ਵਜੋਂ ਪੰਜਾਬ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮੋਹਿਤ ਗੁਪਤਾ ਜੋ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਨਾਲ ਸੰਬੰਧਿਤ ਹਨ ਅਤੇ ਵਪਾਰਕ ਖੇਤਰ ਵਿੱਚ ਵੀ ਵੱਡੀ ਪਹਿਚਾਣ ਹੈ ਨੂੰ ਅੰਮ੍ਰਿਤਸਰ ਸ਼ਹਿਰੀ ਦੀ ਜਿੰਮੇਵਾਰੀ ਦਿੱਤੀ ਗਈ ਹੈ। ਮੋਹਿਤ ਗੁਪਤਾ ਅੰਮ੍ਰਿਤਸਰ ਸ਼ਹਿਰੀ ਖੇਤਰ ਵਿੱਚ ਪਾਰਟੀ ਦੀ ਮੈਂਬਰਸ਼ਿਪ ਦੀ ਜਿੰਮੇਵਾਰੀ ਸੰਭਾਲਣਗੇ ਅਤੇ ਉਹਨਾਂ ਦੀ ਦੇਖਰੇਖ ਹੇਠ ਹੀ 20 ਜਨਵਰੀ ਤੋਂ 20 ਫਰਵਰੀ ਤੱਕ ਮੈਂਬਰਸ਼ਿਪ ਹੋਵੇਗੀ।
ਮੋਹਿਤ ਗੁਪਤਾ ਦੇ ਨਾਲ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆਂ ਨੂੰ ਵੀ ਇਸ ਸ਼ਹਿਰ ਦੀ ਵੱਡੀ ਜਿੰਮੇਵਾਰੀ ਵੀ ਦਿੱਤੀ ਗਈ ਹੈ। ਮੋਹਿਤ ਗੁਪਤਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਮੈਂਬਰਸ਼ਿਪ ਦੇ ਇੰਚਾਰਜ ਲਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਸਿਸਟਮ ਤਹਿਤ ਮੈਂਬਰਸ਼ਿਪ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਨਿਡਰਤਾ ਨਾਲ ਪਹਿਰੇਦਾਰੀ ਕੀਤੀ ਹੈ ਤੇ ਉਹ ਪੰਜਾਬ ਦੇ ਵਿਕਾਸ ਪੁਰਸ਼ ਵਜੋਂ ਉਭਰ ਕੇ ਸਾਹਮਣੇ ਆਏ ਹਨ ਜਿਨਾਂ ਵੱਲੋਂ ਵੱਡੇ ਪੱਧਰ ਤੇ ਚਾਰ ਅਤੇ ਛੇ ਲਾਈਨ ਸੜਕਾਂ ਦਾ ਜਾਲ ਵਿਛਾਇਆ, ਨਵੀਆਂ ਯੂਨੀਵਰਸਿਟੀਆਂ ਲਿਆਂਦੀਆਂ, ਏਅਰਪੋਰਟ ਬਣਾਏ ਗਏ, ਫਾਟਕਾਂ ਤੋਂ ਰਾਹਤ ਦਿੰਦੇ ਹੋਏ ਓਵਰ ਅਤੇ ਅੰਡਰ ਬ੍ਰਿਜਾਂ ਦਾ ਨਿਰਮਾਣ ਕਰਵਾਇਆ ਗਿਆ ,ਇਸ ਦੇ ਨਾਲ ਹਰ ਵਰਗ ਦੀ ਭਲਾਈ ਲਈ ਸਕੀਮਾਂ ਉਲੀਕੀਆਂ ਗਈਆਂ। ਉਹਨਾਂ ਕਿਹਾ ਕਿ ਨਵੀਂ ਮੈਂਬਰਸ਼ਿਪ ਤਹਿਤ ਇੱਕ ਮਾਰਚ ਨੂੰ ਪ੍ਰਧਾਨ ਦੀ ਚੋਣ ਵੀ ਸਿਸਟਮ ਤਹਿਤ ਹੋਣੀ ਯਕੀਨੀ ਬਣਾਈ ਜਾਵੇਗੀ।