ਸਰਦੀ ਦੌਰਾਨ ਬੱਚਿਆਂ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸੰਭਾਲ ਲਈ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ 24 ਦਸੰਬਰ 2025 :ਲਗਾਤਾਰ ਵੱਧ ਰਹੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਉਮੇਸ਼ ਗੁਪਤਾ ਦੀ ਅਗਵਾਈ ਹੇਠ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਾਵਾਂ ਦੀ ਵਿਸ਼ੇਸ਼ ਸੰਭਾਲ ਸਬੰਧੀ ਜਾਗਰੂਕਤਾ ਪ੍ਰਚਾਰ ਕੀਤਾ ਗਿਆ। ਡਾ. ਉਮੇਸ਼ ਗੁਪਤਾ ਨੇ ਸਰਦ ਰੁੱਤ ਦੌਰਾਨ ਕੁਝ ਵਿਸ਼ੇਸ਼ ਸਰੀਰਕ ਪ੍ਰਸਥਿਤੀਆਂ ਜਿਵੇਂ ਸ਼ੂਗਰ, ਹਾਈਪਰਟੈਂਨਸ਼ਨ, ਸਾਹ ਦੇ ਰੋਗਾਂ ਅਤੇ ਦਿਲ ਦੀ ਬਿਮਾਰੀ ਸਮੇਤ ਛੋਟੀ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਠੰਡ ਦੇ ਮੌਸਮ 'ਚ ਵਧੇਰੇ ਜੋਖਿਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੇ 'ਚ ਉਹਨਾਂ ਨੂੰ ਵਧੇਰੇ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਇਸ ਲਈ ਲੋਕਾਂ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਸੁਚੇਤ ਰਹਿਣਾ ਲਾਜ਼ਮੀ ਹੁੰਦਾ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਤੇ ਸਿਹਤ ਕਰਮੀ ਮਨਜਿੰਦਰ ਸਿੰਘ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਚ ਦਮਾ, ਜ਼ੁਕਾਮ, ਫਲੂ, ਗਲੇ ਚ ਖਰਾਸ਼, ਖੰਘ ਤੇ ਜੋੜਾਂ ਦਾ ਦਰਦ ਹੋਣਾ ਆਮ ਰਹਿੰਦੇ ਹਨ, ਇਨ੍ਹਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਮੇਂ 'ਤੇ ਡਾਕਟਰੀ ਜਾਂਚ ਜਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਗੈਰ ਜ਼ਰੂਰੀ ਕੰਮਾਂ ਕਰਕੇ ਘਰ ਤੋਂ ਬਾਹਰ ਜਾਣ ਤੋਂ ਪ੍ਰਹੇਜ਼ ਕਰੋ, ਘਰ ਤੋਂ ਬਾਹਰ ਜਾਣ ਸਮੇਂ ਸਰੀਰ 'ਤੇ ਇੱਕ ਤੋਂ ਵੱਧ ਗਰਮ ਕੱਪੜੇ, ਮਫਲਰ ਅਤੇ ਹੱਥਾਂ ਚ ਦਸਤਾਨੇ ਪਾਓ।
ਉਨ੍ਹਾਂ ਕਿਹਾ ਕਿ ਇਸ ਮੌਸਮ ਦੌਰਾਨ ਸਰਦੀ ਤੋਂ ਬਚਾਓ ਲਈ ਵਰਤੇ ਜਾਂਦੇ ਸਾਧਨਾਂ ਦੀ ਵਰਤੋਂ ਤੋਂ ਵੀ ਸੁਚੇਤ ਰਹਿਣਾ ਲਾਜ਼ਮੀ ਹੈ। ਸੌਣ ਸਮੇਂ ਕੋਇਲੇ ਵਾਲੀ ਅੰਗੀਠੀ ਦੀ ਵਰਤੋਂ ਬਿਲਕੁਲ ਨਾ ਕਰੋ ਕਿਉਂਕਿ ਇਸ ਨਾਲ ਕਾਰਬਨਮੋਨੋਆਕਸਾਈਡ ਗੈਸ ਬਣਦੀ ਹੈ, ਜਿਸ ਕਾਰਣ ਸੌਣ ਸਮੇਂ ਦਮ ਘੁੱਟ ਸਕਦਾ ਹੈ ਤੇ ਗੰਭੀਰ ਹਾਲਤ 'ਚ ਮੌਤ ਵੀ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਸ਼ੀਤ ਲਹਿਰ ਦੇ ਸਮੇਂ ਕਮਰੇ 'ਚ ਵੈਂਟੀਲੇਸ਼ਨ ਹੋਣ ਤੇ 'ਹੀ ਰੂਮ ਹੀਟਰ, ਬਲੋਅਰ ਆਦਿ ਉਪਕਰਣਾਂ ਦੀ ਵਰਤੋਂ ਕੀਤੀ ਜਾਵੇ। ਤੰਗ ਕੱਪੜੇ ਪਾਉਣ ਤੋਂ ਪ੍ਰਹੇਜ਼ ਕਰੋ ਕਿਉਂਕਿ ਤੰਗ ਕੱਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਆਪਣੇ ਆਪ ਨੂੰ ਸੁੱਕਾ ਰੱਖੋ। ਸਿਰ, ਗਰਦਨ ਅਤੇ ਹੱਥਾਂ ਨੂੰ ਢੱਕ ਕੇ ਰੱਖੋ। ਉਹਨਾਂ ਦੱਸਿਆ ਕਿ ਘਰ ਤੋਂ ਬਾਹਰ ਜਾਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖੋ। ਸੰਤੁਲਿਤ ਭੋਜਨ, ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਵੱਧਦੀ ਹੈ। ਇਸ ਦੇ ਨਾਲ ਹੀ ਜ਼ਰੂਰਤ ਅਨੁਸਾਰ ਗਰਮ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਈਪੋਥਰਮੀਆਂ (ਸਰੀਰ ਦਾ ਤਾਪਮਾਨ ਘੱਟਣ) ਦੇ ਲੱਛਣ ਜਿਵੇਂ ਸਰੀਰ ਦਾ ਤਾਪਮਾਨ ਘੱਟ ਹੋਣਾ, ਨਾ ਰੁਕਣ ਵਾਲੀ ਕੰਬਣੀ ਲੱਗਣਾ, ਯਾਦਾਸ਼ਤ ਚਲੇ ਜਾਣਾ, ਬੇਹੋਸ਼ੀ, ਜ਼ੁਬਾਨ ਦਾ ਲੜਖੜਾਣਾ ਆਦਿ ਦੇ ਲੱਛਣ ਦਿਸਣ ਤੇ ਤੁਰੰਤ ਡਾਕਟਰੀ ਸੁਲਾਹ ਲਈ ਜਾਵੇ। ਇਸ ਮੌਕੇ ਸਿਹਤ ਸੁਪਰਵਾਈਜ਼ਰ ਪਰਮਜੀਤ ਕੌਰ, ਸਿਹਤ ਕਰਮੀ ਅਤੇ ਆਸ਼ਾ ਵਰਕਰ ਹਾਜ਼ਰ ਸਨ।