ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਰਾਸ਼ਟਰੀ ਯੁਵਾ ਦਿਵਸ ਮਨਾਇਆ
ਪ੍ਰਿੰਸੀਪਲ ਭੱਟੀ ਨੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਆਦਰਸ਼ਾਂ ‘ਤੇ ਚੱਲ ਕੇ ਦੇਸ਼-ਸਮਾਜ ਦੀ ਭਲਾਈ ਲਈ ਸਦਾ ਤਿਆਰ ਰਹਿਣ ਦਾ ਸੰਕਲਪ ਦਿਵਾਇਆ
ਰੋਹਿਤ ਗੁਪਤਾ
ਬਟਾਲਾ, 12 ਜਨਵਰੀ ਦੇਸ਼ ਭਰ ਵਿੱਚ ਹਰੇਕ ਸਾਲ 12 ਜਨਵਰੀ ਨੂੰ ਮਹਾਨ ਸੰਤ, ਦਰਸ਼ਨਿਕ ਅਤੇ ਯੁਵਕ ਪ੍ਰੇਰਕ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਰਾਸ਼ਟਰੀ ਯੁਵਾ ਦਿਵਸ ਦੇ ਤਹਿਤ ਅੱਜ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਐਨਐਸਐਸ ਯੂਨਿਟ ਅਤੇ ਰੈਡ ਰਿਬਨ ਕਲੱਬ ਦੇ ਸਾਂਝੇ ਤੱਤਵਾਧਾਨ ਹੇਠ ਇਹ ਦਿਹਾੜਾ ਬਹੁਤ ਹੀ ਜੋਸ਼, ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ।
ਇਸ ਮੌਕੇ ਸਮਾਗਮ ਦੇ ਅੰਤ ‘ਚ ਪ੍ਰਿੰਸੀਪਲ ਭੱਟੀ ਵੱਲੋ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਆਦਰਸ਼ਾਂ ‘ਤੇ ਚੱਲਣ ਅਤੇ ਦੇਸ਼-ਸਮਾਜ ਦੀ ਭਲਾਈ ਲਈ ਸਦਾ ਤਿਆਰ ਰਹਿਣ ਦਾ ਸੰਕਲਪ ਦਿਵਾਉਂਦੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦੀ ਸੋਚ ਅੱਜ ਵੀ ਨੌਜਵਾਨਾਂ ਲਈ ਰਾਹ ਦਰਸਾਉਂਦੀ ਹੈ ਅਤੇ ਉਹਨਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਕੇ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਸੰਭਵ ਹੈ।
ਸਿਵਲ ਵਿਭਾਗ ਦੇ ਮੁਖੀ ਸ਼ਿਵਰਾਜਨਪੁਰੀ ਨੇ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ‘ਤੇ ਵਿਸਥਾਰਪੂਰਵਕ ਰੋਸ਼ਨੀ ਪਾਂਦਿਆਂ ਕਿਹਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਆਤਮ-ਵਿਸ਼ਵਾਸ, ਕਰਤੱਬਨਿਸ਼ਠਾ ਅਤੇ ਰਾਸ਼ਟਰ ਸੇਵਾ ਦਾ ਮਾਰਗ ਵਿਖਾਇਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵਾਮੀ ਜੀ ਦੇ ਉੱਚ ਆਦਰਸ਼ਾਂ ਅਤੇ ਪ੍ਰੇਰਣਾਦਾਇਕ ਵਿਚਾਰਾਂ ‘ਤੇ ਚੱਲਣ ਲਈ ਉਤਸ਼ਾਹਿਤ ਕੀਤਾ।
ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਅਤੇ ਸਟੇਟ ਯੂਥ ਅਵਾਰਡੀ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਭਲਾਈ, ਦੇਸ਼ ਸੇਵਾ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਐਨ.ਐਸ.ਐਸ ਅਤੇ ਰੈਡ ਰਿਬਨ ਵਰਗੀਆਂ ਯੋਜਨਾਵਾਂ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਅਹੰਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਵਿਭਾਗੀ ਮੁਖੀ ਵਿਜੇ ਕੁਮਾਰ ਮਿਨਹਾਸ, ਹਰਜਿੰਦਰ ਪਾਲ ਸਿੰਘ, ਮੈਡਮ ਰੇਖਾ, ਸਪੋਰਟਸ ਅਫ਼ਸਰ ਜਗਦੀਪ ਸਿੰਘ, ਪਲੇਸਮੈਂਟ ਅਫ਼ਸਰ ਜਸਬੀਰ ਸਿੰਘ, ਐਨਸੀਸੀ ਅਫ਼ਸਰ ਲੈਫਟੀਨੈਂਟ ਨਵਜੋਤ ਸਲਾਰੀਆ, ਲੈਕਚਰਾਰ ਰਜਿੰਦਰ ਕੁਮਾਰ, ਰੋਹਿਤ ਵਾਡਰਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਐਨ.ਸੀ.ਸੀ ਅਤੇ ਸਮਾਜਿਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ, ਸਵੈ-ਨਿਰਭਰ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹੰਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੰਦੇਸ਼ ਦਿੱਤਾ।